ਵਿਧਾਨ ਸਭਾ ਚੋਣਾਂ: ਵਿਸ਼ਵਕਰਮਾ ਸਮਾਜ ਵੱਲੋਂ ਦਸ ਟਿਕਟਾਂ ਦੀ ਮੰਗ
ਨਿੱਜੀ ਪੱਤਰ ਪ੍ਰੇਰਕ
ਸਿਰਸਾ, 2 ਸਤੰਬਰ
ਵਿਸ਼ਵਰਕਮਾ ਭਾਈਚਾਰੇ ਵਿੱਚ ਸ਼ਾਮਲ ਸੁਥਾਰ-ਜਾਂਗੜਾ, ਰਾਮਗੜ੍ਹੀਆਂ, ਧੀਮਾਨ, ਪੰਚਾਲ ਨੇ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਲਈ ਦਸ ਵਿਧਾਨ ਸਭਾ ਹਲਕਿਆਂ ਤੋਂ ਟਿਕਟਾਂ ਦੀ ਮੰਗ ਕੀਤੀ ਹੈ। ਇਸ ਸਬੰਧੀ ਭਾਈਚਾਰੇ ਦੀ ਇਕ ਸਾਂਝੀ ਕਨਵੈਨਸ਼ਨ ਰਸਾਲੀਆਖੇੜ੍ਹਾ ’ਚ ਹੋਈ। ਬੁਲਾਰਿਆਂ ਨੇ ਸਿਆਸੀ ਪਾਰਟੀਆਂ ਵੱਲੋਂ ਸਮਾਜ ਦੇ ਲੋਕਾਂ ਨੂੰ ਅਣਗੌਲਿਆ ਕੀਤੇ ਜਾਣ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਨੇ ਸਮਾਜ ਦੇ ਲੋਕਾਂ ਨੂੰ ਦਸ ਹਲਕਿਆਂ ਤੋਂ ਟਿਕਟਾਂ ਨਾ ਦਿੱਤੀਆਂ ਤਾਂ ਸਮਾਜ ਦੇ ਲੋਕ ਇਕਜੁੱਟ ਹੋ ਕੇ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰਨ ਲਈ ਮਜਬੂਰ ਹੋਵੇਗਾ। ਕਨਵੈਨਸ਼ਨ ਦੀ ਪ੍ਰਧਾਨਗੀ ਪਤਰਾਮ ਸੁਥਾਰ ਨੇ ਕੀਤੀ। ਪਿੰਡ ਰਸਾਲੀਆਖੇਨਾ ਦੇ ਵਿਸ਼ਵਕਰਮਾ ਮੰਦਰ ’ਚ ਹਾਜਰ ਲੋਕਾਂ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਜਾਂਗੜ-ਬ੍ਰਾਹਮਣ ਮਹਾਸਭਾ ਦੇ ਸਾਬਕਾ ਕੌਮੀ ਮੀਤ ਪ੍ਰਧਾਨ ਰਾਜ ਕੁਮਾਰ ਰੋਹਲੀਵਾਲ ਨੇ ਕਿਹਾ ਕਿ ਹਰਿਆਣਾ ਸੂਬਾ ਬਣਨ ਮਗਰੋਂ ਅੱਜ ਤੱਕ ਸਿਆਸੀ ਪਾਰਟੀਆਂ ਨੇ ਇਸ ਸਮਾਜ ਦੇ ਲੋਕਾਂ ਨੂੰ ਅਣਗੌਲਿਆ ਕੀਤੀ ਹੈ। ਉਨ੍ਹਾਂ ਕਿਹਾ ਕਿ ਸੱਤਾ ਵਿੱਚ ਭਾਗੀਦਾਰੀ ਤੋਂ ਬਿਨਾਂ ਕੋਈ ਵਰਗ ਉੱਠ ਨਹੀਂ ਸਕਦਾ।