ਵਿਧਾਨ ਸਭਾ ਚੋਣਾਂ: ਪੰਚਕੂਲਾ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ
ਪੱਤਰ ਪ੍ਰੇਰਕ
ਪੰਚਕੂਲਾ, 3 ਅਕਤੂਬਰ
ਵਿਧਾਨ ਸਭਾ ਚੋਣਾਂ ਨੂੰ ਸ਼ਾਂਤੀਪੂਰਨ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੁਲੀਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪੁਲੀਸ ਕਮਿਸ਼ਨਰ ਸ਼ਿਬਾਸ ਕਵੀਰਾਜ ਦੀ ਅਗਵਾਈ ਅਤੇ ਡੀਸੀਪੀ ਹਿਮਾਦਰੀ ਕੌਸ਼ਿਕ ਦੀ ਅਗਵਾਈ ਵਿੱਚ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਤਹਿਤ ਚਾਰ ਅੰਤਰਰਾਜੀ ਸਰਹੱਦਾਂ ’ਤੇ ਨਾਕਿਆਂ ’ਤੇ 72 ਘੰਟੇ ਪਹਿਲਾਂ ਨਿਗਰਾਨੀ ਵਧਾ ਦਿੱਤੀ ਗਈ ਹੈ, ਜਿੱਥੇ ਹਰ ਵਿਅਕਤੀ ਅਤੇ ਵਾਹਨ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾਵੇਗੀ। ਜ਼ਿਲ੍ਹੇ ਵਿੱਚ 12 ਸਟੈਟਿਕ ਸਰਵੇਲੈਂਸ ਟੀਮਾਂ (ਐਸਐਸਟੀ) ਤਾਇਨਾਤ ਕੀਤੀਆਂ ਗਈਆਂ ਹਨ, ਜੋ 24 ਘੰਟੇ ਨਿਗਰਾਨੀ ਰੱਖਣਗੀਆਂ। ਨਾਲ ਹੀ 4 ਕ੍ਰਾਈਮ ਯੂਨਿਟ ਟੀਮਾਂ ਕਾਇਮ ਕੀਤੀਆਂ ਗਈਆਂ ਹਨ, ਜੋ ਕਿ ਨਾਜਾਇਜ਼ ਸ਼ਰਾਬ, ਨਕਦੀ, ਹਥਿਆਰਾਂ ਅਤੇ ਸਮਾਜ ਵਿਰੋਧੀ ਗਤੀਵਿਧੀਆਂ ਸਬੰਧੀ ਸੂਚਨਾ ਮਿਲਣ ’ਤੇ ਤੁਰੰਤ ਕਾਰਵਾਈ ਕਰਨਗੀਆਂ।
ਇਸ ਤਰ੍ਹਾਂ 2200 ਤੋਂ ਵੱਧ ਪੁਲੀਸ ਮੁਲਾਜ਼ਮ ਅਤੇ ਅਰਧ ਸੈਨਿਕ ਬਲਾਂ ਨੂੰ ਚੋਣ ਡਿਊਟੀ ’ਤੇ ਤਾਇਨਾਤ ਕੀਤਾ ਗਿਆ ਹੈ, ਤਾਂ ਜੋ ਚੋਣਾਂ ਅਮਨ-ਅਮਾਨ ਨਾਲ ਕਰਵਾਈਆਂ ਜਾ ਸਕਣ। ਸੁਰੱਖਿਆ ਮੱਦੇਨਜ਼ਰ ਪੰਚਕੂਲਾ ਅਤੇ ਕਾਲਕਾ ਵਿਧਾਨ ਸਭਾ ਹਲਕਿਆਂ ਦੇ 455 ਪੋਲਿੰਗ ਸਟੇਸ਼ਨਾਂ ’ਤੇ ਸੈਨਿਕ ਬਲਾਂ ਦੇ ਨਾਲ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 116 ਪੋਲਿੰਗ ਸਟੇਸ਼ਨਾਂ ਨੂੰ ਸੰਵੇਦਨਸ਼ੀਲ ਐਲਾਨੇ ਗਏ ਹਨ ਅਤੇ ਹਰੇਕ ਥਾਣਾ ਖੇਤਰ ਵਿੱਚ ਫਲੈਗ ਮਾਰਚ ਕੀਤੇ ਜਾ ਰਹੇ ਹਨ।