ਵਿਧਾਨ ਸਭਾ ਚੋਣਾਂ: 9 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ
ਪ੍ਰਭੂ ਦਿਆਲ/ਇਕਬਾਲ ਸਿੰਘ ਸ਼ਾਂਤ/ਭੁਪਿੰਦਰ ਪੰਨੀਵਾਲੀਆ
ਸਿਰਸਾ/ਡੱਬਵਾਲੀ/ਕਾਲਾਂਵਾਲੀ, 10 ਸਤੰਬਰ
ਜ਼ਿਲ੍ਹੇ ਸਿਰਸਾ ਦੀਆਂ ਪੰਜਾਂ ਵਿਧਾਨ ਸਭਾ ਹਲਕਿਆਂ ’ਚੋਂ ਅੱਜ ਮੰਗਲਵਾਰ ਨੂੰ 9 ਜਣਿਆਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਜ਼ਿਲ੍ਹਾ ਚੋਣ ਅਧਿਕਾਰੀ ਸ਼ਾਂਤਨੂ ਸ਼ਰਮਾ ਨੇ ਦੱਸਿਆ ਕਿ ਹਰਿਆਣਾ ਵਿਧਾਨ ਸਭਾ ਆਮ ਚੋਣਾਂ ਲਈ ਮੰਗਲਵਾਰ ਨੂੰ ਜ਼ਿਲ੍ਹੇ ਵਿੱਚ 9 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ, ਜਿਸ ਵਿੱਚ ਰਾਣੀਆਂ ਵਿਧਾਨ ਸਭਾ ਹਲਕੇ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ਼ੀਸ਼ਪਾਲ ਕੰਬੋਜ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਰਾਣੀਆਂ ਵਿਧਾਨ ਸਭਾ ਤੋਂ ਭਾਜਪਾ ਦੀ ਪ੍ਰਕਾਸ਼ ਰਾਣੀ ਨੇ ਕਵਰਿੰਗ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਤੋਂ ਇਲਾਵਾ ਡੱਬਵਾਲੀ ਵਿਧਾਨ ਸਭਾ ਹਲਕੇ ਤੋਂ ਜਨਨਾਇਕ ਜਨਤਾ ਪਾਰਟੀ ਤੋਂ ਦਿਗਵਿਜੈ ਚੌਟਾਲਾ, ਜਨਨਾਇਕ ਜਨਤਾ ਪਾਰਟੀ ਤੋਂ ਨੈਨਾ ਸਿੰਘ, ਜਨ ਸੇਵਕ ਕ੍ਰਾਂਤੀ ਪਾਰਟੀ ਤੋਂ ਆਕਾਸ਼ਦੀਪ, ਸਿਰਸਾ ਵਿਧਾਨ ਸਭਾ ਹਲਕੇ ਤੋਂ ਲਿਬਰਲ ਸੋਸ਼ਲਿਸਟ ਪਾਰਟੀ ਤੋਂ ਮਨੀਰਾਮ, ਆਜ਼ਾਦ ਉਮੀਦਵਾਰ ਭਰਤ ਕੁਮਾਰ ਗਿਰਧਰ, ਕਾਲਾਂਵਾਲੀ ਵਿਧਾਨ ਸਭਾ ਹਲਕੇ ਤੋਂ ਇੰਡੀਆਂ ਨੈਸ਼ਨਲ ਲੋਕ ਦਲ ਦੇ ਮਾਸਟਰ ਗੁਰਤੇਜ ਸਿੰਘ ਅਤੇ ਬੁੱਧ ਸਿੰਘ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਉਮੀਦਵਾਰ ਆਪਣੇ ਨਾਮਜ਼ਦਗੀ ਫਾਰਮ 12 ਸਤੰਬਰ ਤੱਕ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਬੰਧਤ ਰਿਟਰਨਿੰਗ ਅਫ਼ਸਰ ਆਪੋ-ਆਪਣੇ ਵਿਧਾਨ ਸਭਾ ਹਲਕਿਆਂ ਵਿੱਚ ਚੋਣ ਲੜ ਰਹੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਪ੍ਰਾਪਤ ਕਰ ਰਹੇ ਹਨ। ਇਸ ਲਈ ਵੱਖ-ਵੱਖ ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਦਿਗਵਿਜੇ ਨਾਲ ਜਜਪਾ ਦੇ ਰਾਸ਼ਟਰੀ ਪ੍ਰਧਾਨ ਅਜੈ ਚੌਟਾਲਾ, ਸਾਬਕਾ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ, ਏਐੱਸਪੀ ਕਾਂਸ਼ੀਰਾਮ ਦੇ ਪ੍ਰਧਾਨ ਚੰਦਰਸ਼ੇਖਰ, ਵਿਧਾਇਕ ਨੈਨਾ ਚੌਟਾਲਾ, ਦਿਗਵਿਜੈ ਦੀ ਪਤਨੀ ਲਗਨ ਕੌਰ ਅਤੇ ਸਾਬਕਾ ਕੈਬਨਿਟ ਮੰਤਰੀ ਰਣਜੀਤ ਸਿੰਘ ਚੌਟਾਲਾ ਦੇ ਪੋਤੇ ਸੂਰਿਆਪ੍ਰਕਾਸ਼ ਚੌਟਾਲਾ ਮੌਜੂਦ ਸਨ।
ਦਿਗਵਿਜੈ ਦੇ ਨਾਮਜ਼ਦਗੀ ਦਾਖ਼ਲ ਕਰਨ ਮੌਕੇ ਚੋਣ ਜ਼ਾਬਤੇ ਦੀ ਉਲੰਘਣਾ
ਡੱਬਵਾਲੀ (ਪੱਤਰ ਪ੍ਰੇਰਕ): ਇੱਥੇ ਨਾਮਜ਼ਦਗੀ ਦਾਖ਼ਲ ਕਰਨ ਮੌਕੇ ਦਿਗਵਿਜੈ ਚੌਟਾਲਾ ਵੱਲੋਂ ਕੀਤੇ ਸ਼ਕਤੀ ਪ੍ਰਦਰਸ਼ਨ ਦੌਰਾਨ ਆਦਰਸ਼ ਚੋਣ ਜ਼ਾਬਤੇ ਦੀ ਕਥਿਤ ਉਲੰਘਣਾ ਕੀਤੀ ਗਈ। ਅੱਜ ਡੱਬਵਾਲੀ ਵਿੱਚ ਚੋਣ ਪ੍ਰਸ਼ਾਸਨ ਕੋਲ ਸੀ-ਵਿਜਿਲ ਐਪ ਦੇ ਜ਼ਰੀਏ ਕੋਲ 313 ਪੁੱਜੀਆਂ। ਸੂਤਰਾਂ ਮੁਤਾਬਕ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸ਼ਿਕਾਇਤਾਂ ਜਜਪਾ ਨਾਲ ਜੁੜੀਆਂ ਸਨ। ਅੱਜ ਪੁਲ, ਮੁੱਖ ਬਾਜ਼ਾਰਾਂ ਵਿੱਚ ਸਟਰੀਟ ਲਾਈਟਾਂ ਦੇ ਖੰਭਿਆਂ ਅਤੇ ਬਿਜਲੀ ਦੇ ਖੰਭਿਆਂ ’ਤੇ ਭਾਰੀ ਗਿਣਤੀ ਵਿੱਚ ਜਜਪਾ ਦੀਆਂ ਪਤੰਗੀ ਝੰਡੀਆਂ ਅਤੇ ਫਲੈਕਸ ਲੱਗੇ ਹੋਏ ਸਨ। ਘੰਟਿਆਂ ਤੱਕ ਐਨਐਚ9 ਪੰਜਾਬ-ਹਰਿਆਣਾ ਹੱਦ ‘ਤੇ ਸਥਿਤ ਰੇਲਵੇ ਫਲਾਈਓਵਰ ਦਿਗਵਿਜੇ ਚੌਟਾਲਾ ਦੇ ਸਮਰਥਕਾਂ ਦੀ ਸੈਂਕੜੇ ਗੱਡੀਆਂ ਦੀ ਪਾਰਕਿੰਗ ਬਣਿਆ ਰਿਹਾ ਜਿਸ ਕਰਕੇ ਘੰਟਿਆਂ ਤੱਕ ਸ਼ਹਿਰ ਵਾਸੀ ਅਤੇ ਮੁਸਾਫ਼ਿਰਾਂ ਨੂੰ ਵੱਡੀ ਪਰੇਸ਼ਾਨੀ ਝੱਲਣੀ ਪਈ।