ਵਿਧਾਨ ਸਭਾ ਕਮੇਟੀ ਡੇਅਰੀ ਤੇ ਰੰਗਾਈ ਵਾਲਿਆਂ ’ਤੇ ਸਖ਼ਤ
ਗਗਨਦੀਪ ਅਰੋੜਾ
ਲੁਧਿਆਣਾ, 9 ਨਵੰਬਰ
ਬੁੱਢੇ ਨਾਲੇ ਨੂੰ ਫਿਰ ਤੋਂ ਬੁੱਢਾ ਦਰਿਆ ਬਣਾਉਣ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸੇ ਤਹਤਿ ਅੱਜ ਵਿਧਾਨ ਸਭਾ ਕਮੇਟੀ ਨੇ ਬੁੱਢੇ ਨਾਲੇ ਦਾ ਦੌਰਾ ਕੀਤਾ। ਇਸ ’ਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਤੇ ਸ਼ਹਿਰ ਦੇ ਸਾਰੇ ਵਿਧਾਇਕ ਮੌਜੂਦ ਸਨ। ਕਮੇਟੀ ਵੱਲੋਂ ਜਮਲਾਪੁਰ ’ਚ ਬਣੇ ਸੀਵਰੇਜ ਟਰੀਟਮੈਂਟ ਪਲਾਂਟ ’ਤੇ ਇੱਕ ਮੀਟਿੰਗ ਕੀਤੀ ਗਈ। ਇਸ ਮੌਕੇ ਚੱਲ ਰਹੇ ਕੰਮ ਨਾਲ ਸਬੰਧਤ ਸਾਰਾ ਰਿਕਾਰਡ ਚੈੱਕ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਇਲਾਕੇ ’ਚ ਚੱਲ ਰਹੀਆਂ ਰੰਗਾਈ ਯੂਨਿਟਾਂ ਤੇ ਡੇਅਰੀ ਵਾਲਿਆਂ ’ਤੇ ਵੀ ਸਖ਼ਤੀ ਦਿਖਾਈ। ਹਾਲਾਂਕਿ ਕਮੇਟੀ ਨੂੰ ਮਿਲਣ ਪੁੱਜੇ ਕੁਝ ਡੇਅਰੀ ਮਾਲਕਾਂ ਨੇ ਸਰਕਾਰ ਦਾ ਸਹਿਯੋਗ ਕਰਨ ਦਾ ਭਰੋਸਾ ਵੀ ਦਿਵਾਇਆ। ਇਸੇ ਦੌਰਾਨ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਜਲਦੀ ਪ੍ਰਦੂਸ਼ਣ ਰੋਕਣ ਦਾ ਕੋਈ ਹੱਲ ਕੱਢਿਆ ਜਾਵੇ।
ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਸਰਕਾਰ ਦੀ ਪਹਿਲ ਹੈ ਕਿ ਬੁੱਢਾ ਦਰਿਆ ਨੂੰ ਪਹਿਲਾਂ ਵਰਗਾ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਫੈਕਟਰੀ ਮਾਲਕਾਂ ਨੂੰ ਹੁਣ ਕਾਨੂੰਨ ਅਨੁਸਾਰ ਕੰਮ ਕਰਨਾ ਪਵੇਗਾ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਡੇਅਰੀ ਚਾਲਕਾਂ ਨੂੰ ਆਪਣੇ ਕੰਪਲੈਕਸ ਦੇ ਅੰਦਰ ਹੌਦੀ ਬਣਾਉਣੀ ਪਵੇਗੀ ਤੇ ਗੋਹੇ ਵੱਖਰਾ ਚੁੱਕਵਾਉਣਾ ਪਵੇਗਾ। ਉਨ੍ਹਾਂ ਕਿਹਾ ਕਿ 300 ਟਨ ਵਾਲਾ ਟਰੀਟਮੈਂਟ ਪਲਾਂਟ ਸ਼ੁਰੂ ਹੋਣ ਨਾਲ ਕਈ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ। ਇਸ ਤੋਂ ਬਾਅਦ ਡੇਅਰੀ ਚਾਲਕ ਖੁਦ ਪਸ਼ੂ ਦੇ ਹਿਸਾਬ ਨਾਲ ਪੈਸੇ ਦੇਣਗੇ।