Video: ਸੁਖਬੀਰ ਬਾਦਲ ਤੇ ਹੋਰ ਆਗੂਆਂ ਨੇ ਦੂਜੇ ਦਿਨ ਵੀ ਕੀਤੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸੇਵਾ
06:00 PM Dec 10, 2024 IST
ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 10 ਦਸੰਬਰ
Advertisement
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਗਾਈ ਗਈ ਤਨਖਾਹ ਅਨੁਸਾਰ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਦੂਜੇ ਦਿਨ ਵੀ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸੇਵਾ ਕੀਤੀ। ਅਕਾਲੀ ਲੀਡਰਸ਼ਿਪ ਦੀ ਧਾਰਮਿਕ ਸੇਵਾ ਦੇ ਮੱਦੇਨਜ਼ਰ ਪੁਲੀਸ ਪ੍ਰਸ਼ਾਸ਼ਨ ਵੱਲੋਂ ਅੱਜ ਵੀ ਤਖ਼ਤ ਸਾਹਿਬ ਕੰਪਲੈਕਸ ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।
ਤਖ਼ਤ ਸਾਹਿਬ ਦੇ ਅੰਦਰ ਅਤੇ ਲੰਗਰ ਹਾਲ ‘ਚ ਸਾਦੇ ਕੱਪੜਿਆਂ ਵਿੱਚ ਵੀ ਭਾਰੀ ਪੁਲੀਸ ਬਲ ਦੀ ਤਾਇਨਾਤੀ ਦੇਖਣ ਨੂੰ ਮਿਲੀ। ਤਿੰਨ ਪਰਤੀ ਸੁਰੱਖਿਆ ਘੇਰੇ ’ਚ ਘਿਰੇ ਸੁਖਬੀਰ ਸਿੰਘ ਬਾਦਲ ਨੇ ਸਵੇਰੇ 9 ਤੋਂ 10 ਵਜੇ ਤੱਕ ਨੀਲਾ ਚੋਲਾ ਪਹਿਨ, ਗਲੇ ਚ ਗੁਰਬਾਣੀ ਦੀ ਪਾਵਨ ਤੁਕ ਵਾਲੀ ਤਖਤੀ ਪਾ ਕੇ ਅਤੇ ਹੱਥ ’ਚ ਬਰਛਾ ਫੜ ਕੇ ਤਖ਼ਤ ਸਾਹਿਬ ਦੇ ਮੁੱਖ ਦੁਆਰ ’ਤੇ ਚਰਨ ਕੁੰਡ ਕੋਲ ਚੋਬਦਾਰ (ਪਹਿਰੇਦਾਰ) ਵਜੋਂ ਸੇਵਾ ਨਿਭਾਈ।
ਦੇਖੋ ਵੀਡੀਓ:
ਇਸ ਮਗਰੋਂ ਸੁਖਬੀਰ ਸਿੰਘ ਬਾਦਲ, ਬਲਵਿੰਦਰ ਸਿੰਘ ਭੂੰਦੜ, ਡਾ. ਦਲਜੀਤ ਸਿੰਘ ਚੀਮਾ, ਹੀਰਾ ਸਿੰਘ ਗਾਬੜੀਆ, ਸੁੱਚਾ ਸਿੰਘ ਲੰਗਾਹ ਅਤੇ ਗੁਲਜ਼ਾਰ ਸਿੰਘ ਰਣੀਕੇ ਨੇ 10 ਤੋਂ 11 ਵਜੇ ਤੱਕ ਤਖ਼ਤ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਤੋਂ ਕੀਰਤਨ ਸਰਵਣ ਕੀਤਾ। ਇਸ ਉਪਰੰਤ ਉਕਤ ਅਕਾਲੀ ਲੀਡਰਸ਼ਿਪ ਨੇ 11 ਤੋਂ 12 ਵਜੇ ਤੱਕ ਇੱਕ ਘੰਟਾ ਮਾਤਾ ਸੁੰਦਰ ਕੌਰ ਲੰਗਰ ਹਾਲ ਵਿੱਚ ਜੂਠੇ ਭਾਂਡੇ ਮਾਂਜਣ ਦੀ ਸੇਵਾ ਕੀਤੀ। ਬਲਵਿੰਦਰ ਸਿੰਘ ਭੂੰਦੜ, ਡਾ. ਚੀਮਾ, ਗਾਬੜੀਆਂ, ਲੰਗਾਹ ਅਤੇ ਰਣੀਕੇ ਨੇ ਗੁਰੂ ਤੇਗ ਬਹਾਦਰ ਸਰਾਂ ਵਿੱਚ ਪਖਾਨੇ ਸਾਫ ਕੀਤੇ।
ਪਿਛਲੇ ਸਮੇਂ ’ਚ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਅਕਾਲੀ ਦਲ ਸੁਧਾਰ ਲਹਿਰ ਦਾ ਹਿੱਸਾ ਬਣ ਚੁੱਕੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਅੱਜ ਵਿਸ਼ੇਸ ਤੌਰ ’ਤੇ ਸੁਖਬੀਰ ਸਿੰਘ ਬਾਦਲ ਦੀ ਸੇਵਾ ਸਮੇਂ ਮੌਜੂਦ ਦਿਖਾਈ ਦਿੱਤੇ। ਇਸ ਮੌਕੇ ਸੀਨੀਅਰ ਲੀਡਰਸ਼ਿਪ ਵਿੱਚੋਂ ਜਨਮੇਜਾ ਸਿੰਘ ਸੇਖੋਂ ਸਾਬਕਾ ਮੰਤਰੀ, ਰਵਿੰਦਰ ਸਿੰਘ ਬ੍ਰਹਮਪੁਰਾ ਸਾਬਕਾ ਵਿਧਾਇਕ, ਯੂਥ ਅਕਾਲੀ ਦਲ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਜਨਰਲ ਸਕੱਤਰ ਸਤਿੰਦਰਪਾਲ ਸਿੰਘ ਸਿੱਧੂ, ਰਵੀਪ੍ਰੀਤ ਸਿੰਘ ਸਿੱਧੂ, ਜਸਵਿੰਦਰ ਸਿੰਘ ਜ਼ੈਲਦਾਰ, ਤੇਜਿੰਦਰ ਸਿੰਘ ਮਿੱਡੂਖੇੜਾ, ਭਾਈ ਗੁਰਚਰਨ ਸਿੰਘ ਗਰੇਵਾਲ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ (ਗਰੇਵਾਲ), ਜਥੇਦਾਰ ਮੋਹਨ ਸਿੰਘ ਬੰਗੀ, ਜਥੇਦਾਰ ਗੁਰਪ੍ਰੀਤ ਸਿੰਘ ਝੱਬਰ, ਹਰਭਗਤ ਗਿਆਨਾ, ਡਾ. ਗੁਰਮੇਲ ਸਿੰਘ ਘਈ ਆਦਿ ਆਗੂ ਮੌਜੂਦ ਸਨ।
Advertisement
Advertisement