Video: ਸ਼ਾਹ ਦੀ ਟਿੱਪਣੀ ਨਾਲ ‘ਬਾਬਾ ਸਾਹਿਬ’ ਦੀ ਹੇਠੀ ਹੋਈ, ਗ੍ਰਹਿ ਮੰਤਰੀ ਆਪਣੇ ਸ਼ਬਦ ਵਾਪਸ ਲੈਣ: ਮਾਇਆਵਤੀ
ਲਖਨਊ, 19 ਦਸੰਬਰ
ਬਸਪਾ ਮੁਖੀ ਕੁਮਾਰੀ ਮਾਇਆਵਤੀ (BSP chief Mayawati) ਨੇ ਵੀਰਵਾਰ ਨੂੰ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Union Home Minister Amit Shah ) ਨੂੰ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ (BR Ambedkar) ਬਾਰੇ ਕੀਤੀ ਆਪਣੀ ਹਾਲੀਆ ਟਿੱਪਣੀ ਵਾਪਸ ਲੈਣੀ ਚਾਹੀਦੀ ਹੈ, ਕਿਉਂਕਿ ਇਸ ਟਿੱਪਣੀ ਨਾਲ ਬਾਬਾ ਸਾਹਿਬ ਦੀ ਹੇਠੀ ਹੋਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਟਿੱਪਣੀ ਨੇ ਦਲਿਤਾਂ ਦੇ ਮਸੀਹਾ ਦੇ ਮਾਣ-ਸਨਮਾਨ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਉਨ੍ਹਾਂ ਦੇ ਪੈਰੋਕਾਰਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ।
ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਬੀਬੀ ਮਾਇਆਵਤੀ ਦੀ ਇਹ ਪ੍ਰਤੀਕਿਰਿਆ ਉਦੋਂ ਆਈ ਹੈ ਜਦੋਂ ਭਾਜਪਾ ਅਤੇ ਵਿਰੋਧੀ ਪਾਰਟੀਆਂ ਦਰਮਿਆਨ ਰਾਜ ਸਭਾ ਵਿੱਚ ਸ਼ਾਹ ਦੀ ਟਿੱਪਣੀ ਕਾਰਨ ਸਿੰਗ ਫਸੇ ਹੋਏ ਹਨ। ਗ਼ੌਰਤਲਬ ਹੈ ਕਿ ਬਸਪਾ ਨਾ ਤਾਂ ਭਾਜਪਾ ਦੀ ਅਗਵਾਈ ਵਾਲੇ ਰਾਸ਼ਟਰੀ ਲੋਕਤੰਤਰੀ ਗੱਠਜੋੜ (NDA) ਨਾਲ ਜੁੜੀ ਹੋਈ ਹੈ ਅਤੇ ਨਾ ਹੀ ‘ਇੰਡੀਆ’ ਗੱਠਜੋੜ (INDIA Block) ਦਾ ਹਿੱਸਾ ਹੈ, ਜਿਸ ਵਿੱਚ ਕਾਂਗਰਸ, ਸਮਾਜਵਾਦੀ ਪਾਰਟੀ ਅਤੇ ਹੋਰ ਵਿਰੋਧੀ ਧੜੇ ਸ਼ਾਮਲ ਹਨ।
ਦੇਖੋ ਵੀਡੀਓ:
ਬੀਬੀ ਮਾਇਆਵਤੀ ਨੇ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਭਾਜਪਾ ਆਗੂ ਅਮਿਤ ਸ਼ਾਹ ਵੱਲੋਂ ਸੰਸਦ ਵਿੱਚ ਭਾਰਤੀ ਸੰਵਿਧਾਨ ਦੇ ਮੂਲ ਨਿਰਮਾਤਾ ਅਤੇ ਦਲਿਤਾਂ ਤੇ ਹੋਰ ਅਣਗੌਲੇ ਵਰਗਾਂ ਦੇ ਸਤਿਕਾਰਤ ਭਗਵਾਨ ਅਤੇ ਮਸੀਹਾ, ਪਰਮ ਪੂਜਨੀਕ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਬਾਰੇ ਵਰਤੇ ਗਏ ਸ਼ਬਦਾਂ ਨੇ ਬਾਬਾ ਸਾਹਿਬ ਦੀ ਸ਼ਾਨ ਤੇ ਮਾਣ ਨੂੰ ਬਹੁਤ ਡੂੰਘੀ ਸੱਟ ਮਾਰੀ ਹੈ।... ਸਾਡੀ ਪਾਰਟੀ ਦਾ ਖ਼ਿਆਲ ਹੈ ਕਿ ਇਸ ਨਾਲ ਉਨ੍ਹਾਂ ਦਾ ਅਪਮਾਨ ਹੋਇਆ ਹੈ, ਜਿਸ ਕਾਰਨ ਪੂਰੇ ਦੇਸ਼ ਵਿਚਲੇ ਉਨ੍ਹਾਂ ਦੇ ਪੈਰੋਕਾਰਾਂ ਵਿੱਚ ਭਾਰੀ ਗੁੱਸਾ ਅਤੇ ਨਾਰਾਜ਼ਗੀ ਹੈ। ਮੈਂ ਕਹਾਂਗੀ ਕਿ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਇਹ ਸ਼ਬਦ ਵਾਪਸ ਲੈਣੇ ਚਾਹੀਦੇ ਹਨ ਅਤੇ ਇਸ ਲਈ ਪਛਤਾਵਾ ਵੀ ਕਰਨਾ ਚਾਹੀਦਾ ਹੈ। ਨਹੀਂ ਤਾਂ, ਉਨ੍ਹਾਂ ਦੇ ਪੈਰੋਕਾਰ ਇਸ ਘਟਨਾ ਨੂੰ ਕਦੇ ਨਹੀਂ ਭੁੱਲ ਸਕਣਗੇ ਅਤੇ ਨਾ ਹੀ ਉਹ ਉਨ੍ਹਾਂ ਨੂੰ ਕਦੇ ਮੁਆਫ਼ ਕਰ ਸਕਣਗੇ।"
ਮਾਇਆਵਤੀ ਨੇ ਇਸ ਮੌਕੇ ਕਾਂਗਰਸ ਦੀ ਵੀ ਨਿੰਦਾ ਕੀਤੀ ਅਤੇ ਮੁੱਖ ਵਿਰੋਧੀ ਪਾਰਟੀ 'ਤੇ ਪਿਛਲੇ ਸਮੇਂ ਵਿੱਚ ਡਾ. ਅੰਬੇਡਕਰ ਨੂੰ ਬਣਦਾ ਮਾਣ-ਸਤਿਕਾਰ ਨਾ ਦੇਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ, "ਅੰਬੇਡਕਰ ਦੇ ਪੈਰੋਕਾਰ ਅਜੇ ਤੱਕ ਬਾਬਾ ਸਾਹਿਬ ਵਿਰੁੱਧ ਕਾਂਗਰਸ ਪਾਰਟੀ ਦੇ ਅਣਗਿਣਤ ਕੁਕਰਮਾਂ ਨੂੰ ਨਹੀਂ ਭੁਲਾ ਸਕੇ ਹਨ। ਉਹ ਕਾਂਗਰਸ ਪਾਰਟੀ ਨੂੰ ਕਦੇ ਵੀ ਮੁਆਫ਼ ਨਹੀਂ ਕਰਨ ਵਾਲੇ ਹਨ, ਭਾਵੇਂ ਉਹ ਆਪਣੀ ਸ਼ੈਲੀ ਅਤੇ ਆਚਰਣ ਆਦਿ ਕਿੰਨਾ ਵੀ ਬਦਲ ਲਵੇ।" ਮਾਇਆਵਤੀ ਨੇ ਦੋਸ਼ ਲਗਾਇਆ ਕਿ ਡਾ. ਅੰਬੇਡਕਰ ਦੀ ਮੌਤ ਤੋਂ ਬਾਅਦ ਕਾਂਗਰਸ ਨੇ ਉਨ੍ਹਾਂ ਦਾ ਨਾਂ ਅਤੇ ਸੰਵਿਧਾਨ ਨਿਰਮਾਣ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਇਤਿਹਾਸ ਦੇ ਪੰਨਿਆਂ ਤੋਂ ਹਟਾਉਣ ਦਾ ਕੰਮ ਕੀਤਾ। -ਪੀਟੀਆਈ