Video: ਸੰਸਦ ਨੂੰ ਚਲਾਉਣਾ ਹਾਕਮ ਧਿਰ ਦੀ ਜ਼ਿੰਮੇਵਾਰੀ: ਹਰਸਿਮਰਤ ਬਾਦਲ
06:32 PM Nov 25, 2024 IST
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 25 ਨਵੰਬਰ
ਸ਼੍ਰੋਮਣੀ ਅਕਾਲੀ ਦਲ (SAD) ਦੀ ਸੰਸਦ ਮੈਂਬਰ ਤੇ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਸੰਸਦ ਦੇ ਕਿਸੇ ਵੀ ਸਦਨ ਦਾ ਕੰਮ-ਕਾਜ ਚਲਾਉਣ ਦੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਹਾਕਮ ਧਿਰ ਅਤੇ ਸਰਕਾਰ ਉਤੇ ਹੁੰਦੀ ਹੈ। ਉਨ੍ਹਾਂ ਕਿਹਾ ਕਿ ਹਾਕਮ ਧਿਰ ਇਸ ਲਈ ਇਕੱਲਿਆਂ ਵਿਰੋਧੀ ਧਿਰ ਉਤੇ ਦੋਸ਼ ਲਾ ਕੇ ਨਹੀਂ ਬਚ ਸਕਦੀ। ਉਨ੍ਹਾਂ ਕਿਹਾ ਕਿ ਸੰਸਦ ਦੇ ਸੁਚਾਰੂ ਢੰਗ ਨਾਲ ਚੱਲਣ ਲਈ ਸਰਕਾਰ ਨੂੰ ਸਦਨ ਦੇ ਅੰਦਰ ਉਸਾਰੂ ਮਾਹੌਲ ਵੀ ਬਣਾਉਣਾ ਚਾਹੀਦਾ ਹੈ।
ਉਨ੍ਹਾਂ ਸੋਮਵਾਰ ਨੂੰ ਨਵੀਂ ਦਿੱਲੀ ਵਿਚ ਸੰਸਦ ਭਵਨ ਦੇ ਵਿਹੜੇ ਵਿਚ ਖ਼ਬਰ ਏਜੰਸੀ ਏਐਨਆਈ ਨਾਲ ਗੱਲ ਕਰਦਿਆਂ ਇਹ ਟਿੱਪਣੀਆਂ ਕੀਤੀਆਂ। ਗ਼ੌਰਤਲਬ ਹੈ ਕਿ ਅੱਜ ਹੀ ਸੰਸਦ ਦੇ ਸਰਦ ਰੁੱਤ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰ ਦੇ ‘ਨਕਾਰੇ ਹੋਏ’ ਆਗੂਆਂ ਉਤੇ ਸੰਸਦ ਨਾ ਚੱਲਣ ਦੇਣ ਦੇ ਦੋਸ਼ ਲਾਏ ਸਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਦੇਸ਼ ਦੇ ਵੋਟਰ ‘80-90 ਵਾਰ ਨਕਾਰ ਚੁੱਕੇ ਹਨ’ ਉਹ ਸੰਸਦ ਦਾ ਕੰਮ-ਕਾਜ ਨਹੀਂ ਚੱਲਣ ਦਿੰਦੇ, ਜਿਸ ਕਾਰਨ ਨਵੇਂ ਸੰਸਦ ਮੈਂਬਰ ਸਦਨ ਵਿਚ ਆਪਣੀ ਗੱਲ ਨਹੀਂ ਰੱਖ ਪਾਉਂਦੇ।
ਦੇਖੋ ਵੀਡੀਓ:
Advertisement
ਸੈਸ਼ਨ ਵਿਚ ਹਿੱਸਾ ਲੈਣ ਪੁੱਜੀ ਹੋਈ ਬੀਬੀ ਬਾਦਲ ਨੇ ਕਿਹਾ, "ਮੈਂ ਸਮਝਦੀ ਹਾਂ ਕਿ ਸਦਨ ਚਲਾਉਣ ਦੀ ਜ਼ਿੰਮੇਵਾਰੀ ਸੱਤਾਧਾਰੀ ਪਾਰਟੀ ਦੀ ਹੈ। ਉਹ ਇਕੱਲੇ ਵਿਰੋਧੀ ਧਿਰ 'ਤੇ ਦੋਸ਼ ਨਹੀਂ ਲਗਾ ਸਕਦੇ ਹਨ। ਵਿਰੋਧੀ ਧਿਰ ਨੂੰ ਸਰਕਾਰ ਤੋਂ ਸਵਾਲ ਪੁੱਛਣ ਦਾ ਹੱਕ ਹੈ, ਪਰ ਹਰ ਸੈਸ਼ਨ ਵਿਚ ਹਰ ਵਾਰ ਵਿਰੋਧੀ ਧਿਰ ਜਿਸ ਵੀ ਮੁੱਦੇ ਨੂੰ ਉਠਾਉਂਦੀ ਹੈ, ਹਾਕਮ ਧਿਰ ਵੱਲੋਂ ਉਸ ਉਤੇ ਬਹਿਸ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ।’’
ਇਹ ਵੀ ਪੜ੍ਹੋ:
ਉਨ੍ਹਾਂ ਕਿਹਾ, ‘‘ਜਿਵੇਂ ਜੇ ਅਖ਼ਬਾਰੀ ਖ਼ਬਰਾਂ ਵਿਚ ਕੋਈ ਖ਼ਾਸ ਗੱਲ ਆਉਂਦੀ ਹੈ, ਫਿਰ ਸੰਭਲ ਹਿੰਸਾ ਦਾ ਮਾਮਲਾ ਹੈ, ਮਨੀਪੁਰ ਹੈ ਜਿਹੜਾ ਲੰਬੇ ਸਮੇਂ ਤੋਂ ਜਲ ਰਿਹਾ ਹੈ, ਆਖ਼ਰ ਸਰਕਾਰ ਇਨ੍ਹਾਂ ਬਾਰੇ ਚਰਚਾ ਦੀ ਇਜਾਜ਼ਤ ਕਿਉਂ ਨਹੀਂ ਦਿੰਦੀ। ... ਪਿਛਲੀ ਵਾਰ ਵੀ ਮਨੀਪੁਰ ਮੁੱਦੇ ਉਤੇ ਬਹਿਸ ਲਈ ਬੇਭਰੋਸਗੀ ਮਤਾ ਲਿਆਉਣਾ ਪਿਆ ਸੀ... ਜਦੋਂ (ਸੰਸਦ ਵਿਚ ਹੰਗਾਮੇ ਕਾਰਨ) ਬੜੇ ਦਿਨਾਂ ਦਾ ਕੰਮ-ਕਾਜ ਨਹੀਂ ਹੋ ਸਕਿਆ ਤਾਂ ਆਖ਼ਰ ਤੁਸੀਂ ਉਠ ਕੇ ਜਵਾਬ ਦਿੰਦੇ ਹੋ।... ਵਿਰੋਧੀ ਧਿਰ ਨੂੰ ਸਵਾਲ ਪੁੱਛਣ ਤੇ ਜਵਾਬ ਮੰਗਣ ਦਾ ਹੱਕ ਹਾਸਲ ਹੈ।’’
ਬੀਬੀ ਹਰਸਿਮਰਤ ਨੇ ਕਿਹਾ, ‘‘ਮੈਂ ਸਰਕਾਰ ਨੂੰ ਅਪੀਲ ਕਰਦੀ ਹਾਂ ਕਿ ਬਹੁਤ ਸਾਰੇ ਭਖ਼ਵੇਂ ਮੁੱਦੇ ਬਹਿਸ ਦੀ ਮੰਗ ਕਰਦੇ ਹਨ। ਕਿਸਾਨਾਂ ਤੇ ਖੇਤੀ ਸੰਕਟ ਦਾ ਮਾਮਲਾ ਹੈ, ਬੇਰੁਜ਼ਗਾਰੀ ਦਾ ਮਸਲਾ ਹੈ, ਅਮਨ-ਕਾਨੂੰਨ ਦੀ ਸਮੱਸਿਆ ਹੈ, ਮਹਿੰਗਾਈ ਹੈ... ਤੁਸੀਂ ਬਹਿਸ ਦੀ ਇਜਾਜ਼ਤ ਦਿਓ... ਸੰਸਦ ਚੱਲਣ ਦਿਓ... ਲੋਕਾਂ ਦਾ ਪੈਸਾ ਬਰਬਾਦ ਨਾ ਕਰੋ।’’
Advertisement