Video - Periya twin murdere: ਦੋਹਰੇ ਕਤਲ ਕਾਂਡ ’ਚ CBI ਅਦਾਲਤ ਵੱਲੋਂ CPI(M) ਦੇ ਸਾਬਕਾ ਵਿਧਾਇਕ ਸਣੇ 14 ਦੋਸ਼ੀ ਕਰਾਰ
ਕੋਚੀ, 28 ਦਸੰਬਰ
ਇਥੋਂ ਦੀ ਇਕ ਵਿਸ਼ੇਸ਼ ਸੀਬੀਆਈ ਅਦਾਲਤ ਨੇ ਸ਼ਨਿੱਚਰਵਾਰ ਨੂੰ ਕੇਰਲ ਦੇ ਕਾਸਰਗੋਡ ਜ਼ਿਲ੍ਹੇ ਦੇ ਪੇਰੀਆ ਵਿਖੇ ਦੋ ਯੂਥ ਕਾਂਗਰਸ ਵਰਕਰਾਂ - ਕ੍ਰਿਪੇਸ਼ ਅਤੇ ਸਰਤ ਲਾਲ ਦੀ ਹੱਤਿਆ ਦੇ ਮਾਮਲੇ ਵਿੱਚ ਸੀਪੀਆਈ (ਐਮ) ਦੇ ਸਾਬਕਾ ਵਿਧਾਇਕ ਸਮੇਤ 14 ਨੂੰ ਦੋਸ਼ੀ ਕਰਾਰ ਦਿੱਤਾ ਹੈ। ਕੁੱਲ 24 ਮੁਲਜ਼ਮਾਂ ਵਿੱਚੋਂ ਅਦਾਲਤ ਨੇ ਪਹਿਲੇ ਅੱਠ ਦੋਸ਼ੀਆਂ ਨੂੰ ਕਤਲ ਅਤੇ ਸਾਜ਼ਿਸ਼ ਦੇ ਦੋਸ਼ਾਂ ਦਾ ਮੁਜਰਮ ਪਾਇਆ ਅਤੇ ਹੋਰ ਛੇ ਨੂੰ ਸਾਜ਼ਿਸ਼, ਸਬੂਤ ਮਿਟਾਉਣ ਅਤੇ ਅਪਰਾਧ ਨੂੰ ਅੰਜਾਮ ਦੇਣ ਵਿੱਚ ਮਦਦ ਕਰਨ ਦਾ ਦੋਸ਼ੀ ਪਾਇਆ, ਜਦੋਂ ਕਿ ਬਾਕੀ 10 ਨੂੰ ਬਰੀ ਕਰ ਦਿੱਤਾ ਗਿਆ ਹੈ।
ਅਦਾਲਤ ਦੋਸ਼ੀ ਕਰਾਰ ਦਿੱਤੇ ਗਏ ਮੁਲਜ਼ਮਾਂ ਨੂੰ 3 ਜਨਵਰੀ ਨੂੰ ਸਜ਼ਾ ਸੁਣਾਏਗੀ। ਇਹ ਮਾਮਲਾ ਯੂਥ ਕਾਂਗਰਸ ਵਰਕਰਾਂ ਕ੍ਰਿਪੇਸ਼ (19) ਅਤੇ ਸਰਤ ਲਾਲ ਪੀਕੇ (24) ਦੇ ਕਤਲ ਨਾਲ ਸਬੰਧਤ ਹੈ, ਜਿਨ੍ਹਾਂ ਨੂੰ ਕਥਿਤ ਤੌਰ 'ਤੇ 17 ਫਰਵਰੀ, 2019 ਨੂੰ ਸੀਪੀਆਈ(ਐਮ) ਵਰਕਰਾਂ ਦੁਆਰਾ ਕਤਲ ਕੀਤਾ ਗਿਆ ਸੀ। ਦੋਸ਼ੀ ਪਾਏ ਗਏ ਮੁਲਜ਼ਮਾਂ ਵਿੱਚ ਸਾਬਕਾ ਵਿਧਾਇਕ ਅਤੇ CPI(M) ਜ਼ਿਲ੍ਹਾ ਆਗੂ ਕੇਵੀ ਕੁਨਹੀਰਾਮਨ (K V Kunhiraman), ਕਾਨਹੰਗਡ ਬਲਾਕ ਪੰਚਾਇਤ ਪ੍ਰਧਾਨ ਕੇ ਮਨੀਕੰਦਨ, ਸੀਪੀਐਮ ਪੇਰੀਆ ਸਥਾਨਕ ਕਮੇਟੀ ਦੇ ਸਾਬਕਾ ਮੈਂਬਰ ਏ ਪੀਥੰਬਰਨ ਅਤੇ ਸਾਬਕਾ ਪੱਕਮ ਸਥਾਨਕ ਸਕੱਤਰ ਰਾਘਵਨ ਵੇਲੁਥੋਲੀ ਸ਼ਾਮਲ ਹਨ।
ਇਸਤਗਾਸਾ ਪੱਖ ਦੇ ਅਨੁਸਾਰ, ਇਹ ਦੋਹਰੇ ਕਤਲ ਖੇਤਰ ਵਿੱਚ ਸੀਪੀਆਈ(ਐਮ) ਅਤੇ ਕਾਂਗਰਸ ਦੇ ਵਰਕਰਾਂ ਵਿਚਕਾਰ ਰਾਜਨੀਤਿਕ ਤੌਰ 'ਤੇ ਪ੍ਰੇਰਿਤ ਹਮਲਿਆਂ ਅਤੇ ਜਵਾਬੀ ਹਮਲਿਆਂ ਤੋਂ ਬਾਅਦ ਕੀਤੇ ਗਏ ਸਨ। ਸੀਬੀਆਈ ਨੇ ਇਸ ਮਾਮਲੇ ਵਿੱਚ ਛੇ ਸੀਪੀਆਈ(ਐਮ) ਵਰਕਰਾਂ ਸਮੇਤ 24 ਵਿਅਕਤੀਆਂ ਵਿਰੁੱਧ ਕਤਲ, ਅਪਰਾਧਿਕ ਸਾਜ਼ਿਸ਼ ਅਤੇ ਗੈਰ-ਕਾਨੂੰਨੀ ਇਕੱਠ ਵਰਗੇ ਵੱਖ-ਵੱਖ ਦੋਸ਼ਾਂ ਤਹਿਤ ਚਾਰਜਸ਼ੀਟ ਦਾਇਰ ਕੀਤੀ ਸੀ।
ਕੇਰਲ ਹਾਈ ਕੋਰਟ ਦੇ ਨਿਰਦੇਸ਼ਾਂ 'ਤੇ ਕੇਂਦਰੀ ਏਜੰਸੀ ਨੇ 23 ਅਕਤੂਬਰ, 2019 ਨੂੰ ਕੇਰਲ ਪੁਲੀਸ ਤੋਂ ਜਾਂਚ ਆਪਣੇ ਹੱਥ ਵਿੱਚ ਲੈ ਲਈ ਸੀ। ਸੂਬਾ ਪੁਲੀਸ ਦੀ ਅਪਰਾਧ ਸ਼ਾਖਾ ਨੇ 20 ਮਈ, 2019 ਨੂੰ 14 ਦੋਸ਼ੀਆਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਸੀ, ਪਰ ਪੀੜਤਾਂ ਦੇ ਮਾਪਿਆਂ ਨੇ ਪੁਲੀਸ ਦੇ ਨਤੀਜਿਆਂ 'ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਚਾਰਜਸ਼ੀਟ ਨੂੰ ਰੱਦ ਕਰਨ ਦੀ ਮੰਗ ਕਰਦੇ ਹੋਏ ਹਾਈ ਕੋਰਟ ਦਾ ਰੁਖ ਕੀਤਾ। ਮ੍ਰਿਤਕ ਸਰਥਲਾਲ ਦੇ ਪਿਤਾ ਸੱਤਿਆਨਾਰਾਇਣਨ ਨੇ ਫੈਸਲੇ 'ਤੇ ਸੰਤੁਸ਼ਟੀ ਪ੍ਰਗਟ ਕੀਤੀ ਪਰ ਕਿਹਾ ਕਿ ਸਾਰੇ ਦੋਸ਼ੀਆਂ ਨੂੰ ਅਦਾਲਤ ਦੇ ਕਟਹਿਰੇ ਵਿੱਚ ਲਿਆਉਣ ਤੱਕ ਕਾਨੂੰਨੀ ਲੜਾਈ ਜਾਰੀ ਰਹੇਗੀ। -ਪੀਟੀਆਈ