ਅਦਿਤੀ ਟੰਡਨ
ਨਵੀਂ ਦਿੱਲੀ, 25 ਨਵੰਬਰ
ਸੋਮਵਾਰ ਨੂੰ ਸੰਸਦ ਦਾ ਸਰਦ ਰੁੱਤ ਇਜਲਾਸ ਸ਼ੁਰੂ ਹੋਣ ਤੋਂ ਐਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰ ’ਤੇ ਹੱਲਾ ਬੋਲਦਿਆਂ ਕਿਹਾ ਕਿਹਾ ਕਿ ਵੋਟਰਾਂ ਵੱਲੋਂ ‘80 ਤੋਂ 90 ਵਾਰ ਨਕਾਰੇ ਗਏ ਲੋਕ ਸੰਸਦ ਨੂੰ ਠੱਪ ਕਰ ਰਹੇ ਹਨ’। ਉਨ੍ਹਾਂ ਦੋਸ਼ ਲਾਇਆ ਕਿ ਅਜਿਹੇ ਮੈਂਬਰ ਦੂਜੇ ਸੰਸਦ ਮੈਂਬਰਾਂ ਦੇ ਹੱਕਾਂ ਨੂੰ ਖੋਹ ਰਹੇ ਹਨ ਅਤੇ ਜਨਤਾ ਦੀਆਂ ਉਮੀਦਾਂ ਦੀ ਹੇਠੀ ਕਰ ਰਹੇ ਹਨ।
ਸੈਸ਼ਨ ਤੋਂ ਪਹਿਲਾਂ ਆਪਣੇ ਰਵਾਇਤੀ ਭਾਸ਼ਣ ਦੀ ਪ੍ਰਧਾਨ ਮੰਤਰੀ ਨੇ ਇਹ ਕਹਿੰਦਿਆਂ ਸ਼ੁਰੂਆਤ ਕੀਤੀ ਕਿ ‘ਸਰਦ ਰੁੱਤ ਸੈਸ਼ਨ ਵਿੱਚ ਮਾਹੌਲ ਠੰਢਾ ਹੋਣ ਦੀ ਸੰਭਾਵਨਾ ਹੈ’ ਅਤੇ ਉਨ੍ਹਾਂ ਆਪਣੀ ਟਿੱਪਣੀ ਇਸ ਉਮੀਦ ਨਾਲ ਸਮਾਪਤ ਕੀਤੀ ਕਿ ਸੈਸ਼ਨ ਲਾਭਕਾਰੀ ਹੋਵੇਗਾ, ਜੋ ਭਾਰਤ ਦੀ ਵਧ ਰਹੀ ਵਿਸ਼ਵ ਸ਼ਕਤੀ ਨੂੰ ਹੋਰ ਹੁਲਾਰਾ ਦੇਵੇਗਾ, ਜੋ ਸੰਵਿਧਾਨ ਲਈ ਢੁਕਵੀਂ ਸ਼ਰਧਾਂਜਲੀ ਹੋਵੇਗੀ ਅਤੇ ਇੱਕ ਅਜਿਹਾ ਸੈਸ਼ਨ ਜੋ ਨਵੇਂ ਵਿਚਾਰਾਂ ਨੂੰ ਖ਼ੁਸ਼ਆਮਦੀਦ ਕਹਿੰਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ, "ਸ਼ੀਤਕਾਲੀਨ ਸਤ੍ਰ (ਸਰਦ ਰੁੱਤ ਸੈਸ਼ਨ) ਹੈ ਔਰ ਮਾਹੌਲ ਭੀ ਸ਼ੀਤ (ਠੰਢਾ) ਹੀ ਰਹੇਗਾ...।’’ ਉਨ੍ਹਾਂ ਨਾਲ ਹੀ ਕਿਹਾ, “ਬਦਕਿਸਮਤੀ ਦੀ ਗੱਲ ਹੈ ਕਿ ਜਨਤਾ ਵੱਲੋਂ ਲਗਾਤਾਰ ਨਕਾਰੇ ਗਏ ਮੁੱਠੀ ਭਰ ਲੋਕ ਗੁੰਡਾਗਰਦੀ ਰਾਹੀਂ ਸੰਸਦ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦਾ ਆਪਣਾ ਤਾਂ ਉਦੇਸ਼ ਸੰਸਦ ਨੂੰ ਰੋਕਣ ਤੋਂ ਵੱਧ ਜ਼ਿਆਦਾ ਸਫਲ ਨਹੀਂ ਹੁੰਦਾ, ਪਰ ਲੋਕ ਉਨ੍ਹਾਂ ਦੇ ਵਿਹਾਰ ਉਤੇ ਨਜ਼ਰ ਰੱਖਦੇ ਹਨ ਅਤੇ ਸਮਾਂ ਆਉਣ 'ਤੇ ਉਨ੍ਹਾਂ ਨੂੰ ਸਜ਼ਾ ਵੀ ਦਿੰਦੇ ਹਨ।’’
ਦੇਖੋ ਵੀਡੀਓ:
ਪ੍ਰਧਾਨ ਮੰਤਰੀ ਨੇ ਅਫਸੋਸ ਜਤਾਇਆ ਕਿ ਮੁੱਠੀ ਭਰ ਸੰਸਦ ਮੈਂਬਰਾਂ ਦਾ ਵਿਹਾਰ ਨਵੇਂ ਮੈਂਬਰਾਂ ਦੇ ਅਧਿਕਾਰਾਂ ਨੂੰ ਖੋਹ ਰਿਹਾ ਹੈ, ਜੋ ਸਦਨਾਂ ਵਿੱਚ ਬੋਲਣ ਤੋਂ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਜਿਹੇ ਨਵੇਂ ਮੈਂਬਰ ਜਿਹੜੇ ਨਵੇਂ-ਨਵੇਂ ਵਿਚਾਰ ਲੈ ਕੇ ਆਉਂਦੇ ਹਨ ਅਤੇ ਇਹ ਸਾਰੀਆਂ ਪਾਰਟੀਆਂ ਵਿਚ ਹੁੰਦੇ ਹਨ, ਉਨ੍ਹਾਂ ਨੂੰ ਕੁਝ ਮੈਂਬਰਾਂ ਦੇ ਵਿਹਾਰ ਕਾਰਨ ਸਦਨ ਵਿਚ ਬੋਲਣ ਦਾ ਮੌਕਾ ਨਹੀਂ ਮਿਲਦਾ। ਉਨ੍ਹਾਂ ਕਿਹਾ, ‘‘ਲੋਕਤੰਤਰ ਵਿੱਚ ਹਰ ਪੀੜ੍ਹੀ ਦਾ ਫਰਜ਼ ਅਗਲੀ ਪੀੜ੍ਹੀ ਦਾ ਪਾਲਣ ਪੋਸ਼ਣ ਕਰਨਾ ਹੁੰਦਾ ਹੈ। ਪਰ 80 ਤੋਂ 90 ਵਾਰ ਲੋਕਾਂ ਵੱਲੋਂ ਨਕਾਰੇ ਗਏ ਲੋਕ ਨਾ ਤਾਂ ਸੰਸਦ ਵਿੱਚ ਚਰਚਾ ਕਰਨ ਦੇ ਰਹੇ ਹਨ, ਨਾ ਲੋਕਤੰਤਰ ਦਾ ਸਤਿਕਾਰ ਕਰ ਰਹੇ ਹਨ, ਨਾ ਹੀ ਲੋਕਾਂ ਦੀਆਂ ਆਸਾਂ ਤੇ ਨਾ ਹੀ ਲੋਕਾਂ ਪ੍ਰਤੀ ਆਪਣੇ ਫਰਜ਼ਾਂ ਨੂੰ ਸਮਝ ਰਹੇ ਹਨ।’’
ਮੋਦੀ ਨੇ ਕਿਹਾ, ‘‘ਨਤੀਜਾ ਇਹ ਹੈ ਕਿ ਉਹ ਕਦੇ ਵੀ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਨਹੀਂ ਉਤਰਦੇ ਅਤੇ ਲੋਕਾਂ ਨੂੰ ਉਨ੍ਹਾਂ ਨੂੰ ਵਾਰ-ਵਾਰ ਨਕਾਰਨਾ ਪੈ ਰਿਹਾ ਹੈ।” ਪ੍ਰਧਾਨ ਮੰਤਰੀ ਨੇ ਇਹ ਟਿੱਪਣੀਆਂ ਮਹਾਰਾਸ਼ਟਰ ਵਿੱਚ ਹਾਕਮ ਭਾਜਪਾ ਦੀ ਅਗਵਾਈ ਵਾਲੀ ਐਨਡੀਏ/ਮਹਾਯੁਤੀ ਗੱਠਜੋੜ ਦੀ ਇਤਿਹਾਸਕ ਜਿੱਤ ਦੇ ਦੋ ਦਿਨ ਬਾਅਦ ਕੀਤੀਆਂ ਹਨ। ਉਂਝ ਦੂਜੇ ਪਾਸੇ ਝਾਰਖੰਡ ਵਿਚ ਝਾਰਖੰਡ ਮੁਕਤੀ ਮੋਰਚਾ (JMM) ਦੀ ਅਗਵਾਈ ਹੇਠ ‘ਇੰਡੀਆ’ ਗੱਠਜੋੜ ਆਪਣੀ ਸੱਤਾ ਬਣਾਈ ਰੱਖਣ ਵਿਚ ਕਾਮਯਾਬ ਰਿਹਾ ਹੈ।
ਇਹ ਵੀ ਪੜ੍ਹੋ:
ਮੋਦੀ ਨੇ ਕਿਹਾ ਕਿ ਸੰਸਦ ਦਾ ਇਹ ਸੈਸ਼ਨ ਖਾਸ ਹੈ ਕਿਉਂਕਿ ਇਹ ਸਾਡੇ ਸੰਵਿਧਾਨ ਦੇ 75ਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਰਿਹਾ ਹੈ ਅਤੇ ਇਸ ਮੌਕੇ ਨੂੰ ਇਕੱਠਿਆਂ ਮਨਾਉਣ ਦਾ ਇੱਕ ਸ਼ਾਨਦਾਰ ਮੌਕਾ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ, “ਸਾਡੇ ਸੰਵਿਧਾਨ ਤੇ ਘਾੜਿਆਂ ਨੇ ਹਰ ਬਾਰੀਕੀ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਸੀ, ਜਿਸ ਦੇ ਸਿੱਟੇ ਵਜੋਂ ਸਾਨੂੰ ਇਹ ਢੁਕਵਾਂ ਦਸਤਾਵੇਜ਼ ਮਿਲਿਆ ਹੈ। ਸਾਡੇ ਸੰਵਿਧਾਨ ਦਾ ਇੱਕ ਅਹਿਮ ਤੱਤ ਸਾਡੀ ਸੰਸਦ ਅਤੇ ਸੰਸਦ ਮੈਂਬਰ ਹਨ... ਲੋਕਤੰਤਰ ਦੀ ਸ਼ਰਤ ਇਹ ਹੈ ਕਿ ਅਸੀਂ ਲੋਕਾਂ ਦੇ ਫ਼ਤਵੇ ਦੀ ਇੱਜ਼ਤ ਕਰੀਏ ਅਤੇ ਉਨ੍ਹਾਂ ਦੀਆਂ ਉਮੀਦਾਂ 'ਤੇ ਖਰੇ ਉਤਰਨ ਲਈ ਜੀਅ ਜਾਨ ਲਾ ਦੇਈਏ। ਕੁਝ ਵਿਰੋਧੀ ਸੰਸਦ ਮੈਂਬਰ ਚਾਹੁੰਦੇ ਹਨ ਕਿ ਸੰਸਦ ਦਾ ਕੰਮ ਸੁਚਾਰੂ ਢੰਗ ਨਾਲ ਚੱਲੇ ਪਰ ਉਹ ਲੋਕ ਜਿਨ੍ਹਾਂ ਨੂੰ ਲੋਕਾਂ ਦੁਆਰਾ ਲਗਾਤਾਰ ਨਕਾਰਿਆ ਜਾਂਦਾ ਹੈ, ਉਹ ਆਪਣੇ ਸਾਥੀਆਂ ਦੀਆਂ ਇੱਛਾਵਾਂ ਤੇ ਲੋਕਤੰਤਰ ਦੀ ਭਾਵਨਾ ਦੀ ਵੀ ਹੇਠੀ ਕਰਦੇ ਰਹਿੰਦੇ ਹਨ।”