Video: ਮੋਦੀ ਨੂੰ ਹੋਈ ਭੁੱਲਣ ਸਬੰਧੀ Memory Loss ਦੀ ਸਮੱਸਿਆ: ਰਾਹੁਲ ਗਾਂਧੀ
ਅਮਰਾਵਤੀ (ਮਹਾਰਾਸ਼ਟਰ), 16 ਨਵੰਬਰ
ਕਾਂਗਰਸ ਆਗੂ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਸ਼ਨਿੱਚਰਵਾਰ ਨੂੰ ਇਥੇ ਗੰਭੀਰ ਦੋਸ਼ ਲਾਇਆ ਕਿ ਮਹਾਰਾਸ਼ਟਰ ਦੇ ਲੋਕਾਂ ਦੀ ਚੁਣੀ ਹੋਈ ਸਰਕਾਰ ਨੂੰ ‘ਕਰੋੜਾਂ ਰੁਪਏ ਦੀ ਮਦਦ ਨਾਲ ਚੋਰੀ ਕਰ ਲਿਆ ਗਿਆ’ ਸੀ। ਉਹ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਸਬੰਧ ਵਿਚ ਇਥੇ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ, "...ਮਹਾਰਾਸ਼ਟਰ ਦੇ ਲੋਕਾਂ ਦੀ ਸਰਕਾਰ ਨੂੰ ਕਰੋੜਾਂ ਰੁਪਏ ਦੇ ਕੇ ਚੋਰੀ ਕੀਤਾ ਗਿਆ। ... ਅੱਜ ਮਹਾਰਾਸ਼ਟਰ ਦਾ ਹਰ ਵਿਅਕਤੀ ਜਾਣਦਾ ਹੈ ਕਿ ਉਹ ਸਰਕਾਰ ਕਿਉਂ ਚੋਰੀ ਕੀਤੀ ਗਈ ਸੀ। ਅਜਿਹਾ ਧਾਰਾਵੀ ਕਾਰਨ ਕੀਤਾ ਗਿਆ ਕਿਉਂਕਿ ਭਾਜਪਾ ਵਾਲੇ, ਨਰਿੰਦਰ ਮੋਦੀ, ਅਮਿਤ ਸ਼ਾਹ ਧਾਰਾਵੀ ਦੀ ਜ਼ਮੀਨ, ਮਹਾਰਾਸ਼ਟਰ ਦੇ ਗ਼ਰੀਬਾਂ ਦੀ ਜ਼ਮੀਨ, ਜਿਹੜੀ ਇਕ ਲੱਖ ਕਰੋੜ ਰੁਪਏ ਦੀ ਜ਼ਮੀਨ ਹੈ, ਉਸ ਨੂੰ ਆਪਣੇ ਦੋਸਤ ਗੌਤਮ ਅਡਾਨੀ ਨੂੰ ਦੇਣਾ ਚਾਹੁੰਦੇ ਸਨ, ਇਸੇ ਲਈ ਮਹਾਰਾਸ਼ਟਰ ਦੀ ਸਰਕਾਰ ਤੁਹਾਡੇ ਕੋਲੋਂ ਖੋਹ ਲਈ ਗਈ।’’
ਉਨ੍ਹਾਂ ਇਸ ਮੌਕੇ ਸੰਵਿਧਾਨ ਬਾਰੇ ਬੋਲਦਿਆਂ ਕਿਹਾ, ‘‘ਸਾਡੇ ਲਈ, ਸੰਵਿਧਾਨ ਦੀ ਕਿਤਾਬ ਦੇਸ਼ ਦਾ ਡੀਐਨਏ ਹੈ, ਜਦੋਂ ਕਿ ਇਹ ਆਰਐਸਐਸ ਅਤੇ ਭਾਜਪਾ ਲਈ ਇਹ ਕੋਰੀ ਕਿਤਾਬ ਹੈ।’’ ਉਨ੍ਹਾਂ ਸਵਾਲ ਕੀਤਾ ਕਿ ਕੀ ਭਾਜਪਾ ਸੰਵਿਧਾਨ ਦੀ ਰਾਖੀ ਕਰ ਰਹੀ ਸੀ ਜਦੋਂ ਉਸ ਨੇ ਵਿਧਾਇਕਾਂ ਨੂੰ ਖਰੀਦ ਕੇ ਮਹਾਰਾਸ਼ਟਰ ਸਰਕਾਰ ਨੂੰ ਚੋਰੀ ਕੀਤਾ ਸੀ।
ਗ਼ੌਰਤਲਬ ਹੈ ਕਿ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਨੇ ਦਾਅਵਾ ਕੀਤਾ ਸੀ ਕਿ ਰਾਹੁਲ ਗਾਂਧੀ ਆਪਣੀਆਂ ਚੋਣ ਰੈਲੀਆਂ ਵਿੱਚ ਸੰਵਿਧਾਨ ਦੀ ਜਿਹੜੀ ਕਾਪੀ ਦਿਖਾਉਂਦੇ ਹਨ, ਉਸ ਦੇ ਸਫ਼ੇ ਖ਼ਾਲੀ ਹਨ। ਉਨ੍ਹਾਂ ਕਿਹਾ, ‘‘ਮੇਰੀ ਭੈਣ ਨੇ ਮੈਨੂੰ ਦੱਸਿਆ ਕਿ ਅੱਜ-ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸੇ ਮੁੱਦੇ ਬਾਰੇ ਬੋਲ ਰਹੇ ਹਨ ਜੋ ਮੈਂ ਉਠਾ ਰਿਹਾ ਹਾਂ। ਮੈਂ ਉਨ੍ਹਾਂ ਨੂੰ ਲੋਕ ਸਭਾ ਵਿੱਚ ਕਿਹਾ ਸੀ ਕਿ ਜਾਤੀ ਮਰਦਮਸ਼ੁਮਾਰੀ ਕਰਵਾਈ ਜਾਵੇ ਅਤੇ ਰਾਖਵੇਂਕਰਨ 'ਤੇ 50 ਫ਼ੀਸਦੀ ਦੀ ਹੱਦ ਹਟਾਈ ਜਾਵੇ। ਹੁਣ ਉਹ ਆਪਣੀਆਂ ਚੋਣ ਰੈਲੀਆਂ ਵਿੱਚ ਕਹਿ ਰਹੇ ਹਨ ਕਿ ਮੈਂ ਰਿਜ਼ਰਵੇਸ਼ਨ ਦੇ ਖ਼ਿਲਾਫ਼ ਹਾਂ। ਉਹ ਸ਼ਾਇਦ ਸਾਬਕਾ ਅਮਰੀਕੀ ਰਾਸ਼ਟਰਪਤੀ ਵਾਂਗ ਭੁੱਲਣ ਦੀ ਸਮੱਸਿਆ ਤੋਂ ਪੀੜਤ ਹਨ।’’
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਹੁਣ ਕਹਿਣਾ ਸ਼ੁਰੂ ਕਰ ਦੇਣਗੇ ਕਿ ਰਾਹੁਲ ਗਾਂਧੀ ਜਾਤੀ ਜਨਗਣਨਾ ਦੇ ਖ਼ਿਲਾਫ਼ ਹੈ। ਕਾਂਗਰਸ ਨੇਤਾ ਨੇ ਦਾਅਵਾ ਕੀਤਾ, "ਵਿਰੋਧੀ ਧਿਰ ਨੇ ਮੇਰੇ ਅਕਸ ਨੂੰ ਖਰਾਬ ਕਰਨ ਅਤੇ ਨੁਕਸਾਨ ਪਹੁੰਚਾਉਣ ਲਈ ਕਰੋੜਾਂ ਰੁਪਏ ਖਰਚ ਕੀਤੇ ਹਨ, ਕਿਉਂਕਿ ਮੈਂ ਦਲਿਤਾਂ, ਕਬਾਇਲੀਆਂ ਅਤੇ ਪਛੜੇ ਵਰਗਾਂ ਦੇ ਹੱਕਾਂ ਲਈ ਖੜ੍ਹਾ ਹਾਂ।’’
ਉਨ੍ਹਾਂ ਕਿਹਾ ਕਿ ਮਾਲ ਅਤੇ ਸੇਵਾਵਾਂ ਟੈਕਸ (GST) ਅਤੇ ਨੋਟਬੰਦੀ ਵਰਗੇ ਫ਼ੈਸਲੇ ਕਿਸਾਨਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਮਾਰਨ ਦੇ ਹਥਿਆਰ ਸਨ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਵਿਚ ਬੇਰੁਜ਼ਗਾਰੀ ਵਧ ਰਹੀ ਹੈ ਅਤੇ ਇਸ ਕਾਰਨ ਸਮਾਜ ਵਿੱਚ ਨਫ਼ਰਤ ਫੈਲ ਰਹੀ ਹੈ। ਰਾਹੁਲ ਗਾਂਧੀ ਨੇ ਹੋਰ ਕਿਹਾ, ‘‘ਮੈਂ ਮੋਦੀ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਹਾਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਸਨਅਤਕਾਰਾਂ ਨੇ ਨਹੀਂ ਚੁਣਿਆ, ਇਹ ਕੰਮ ਭਾਰਤ ਦੇ ਲੋਕਾਂ ਨੇ ਕੀਤਾ ਹੈ। ਇਹ ਸੱਚ ਹੈ ਕਿ ਉਦਯੋਗਪਤੀਆਂ ਨੇ ਉਨ੍ਹਾਂ ਦੀ ਮਾਰਕੀਟਿੰਗ ਕੀਤੀ ਹੈ।’’ ਮੰਡੀਕਰਨ ਕੀਤਾ ਹੈ,' ਉਸ ਨੇ ਕਿਹਾ। -ਪੀਟੀਆਈ