ਕੋਵਿਡ ਨਿਯਮਾਂ ਤੋੜਨ ਵਾਲੇ ਦੁਕਾਨਦਾਰਾਂ ’ਤੇ ਲਾਠੀਚਾਰਜ ਦੀ ਵੀਡੀਓ ਵਾਇਰਲ
ਮਹਿੰਦਰ ਸਿੰਘ ਰੱਤੀਆਂ
ਮੋਗਾ, 25 ਜੁਲਾਈ
ਇਥੇ ਕੋਵਿਡ-19 ਦੀਆਂ ਬੰਦਸ਼ਾਂ ਦੀ ਇੱਕ ਮਿੰਟ ਉਲੰਘਣਾਂ ਕਰਨ ਉੱਤੇ ਮੁੱਖ ਬਜ਼ਾਰ ਦੇ ਦੁਕਾਨਦਾਰਾਂ ਨੂੰ ਡੰਡਿਆਂ ਨਾਲ ਕੁੱਟਕੇ ਥਾਣੇ ਅੰਦਰ ਡੱਕਣ ਦੀ ਜਿਥੇ ਸੀਸੀਟੀਵੀ ਕੈਮਰੇ ਦੀ ਵੀਡੀਓ ਵਾਇਰਲ ਹੋ ਰਹੀ ਉਥੇ ਇਸ ਮੁੱਦੇ ਉੱਤੇ ਸਿਆਸੀ ਆਗੂ ਰੋਟੀਆਂ ਸੇਕਣ ਲਈ ਤਰਲੋ ਮੱਛੀ ਹਨ। ਡਿਪਟੀ ਕਮਿਸ਼ਨਰ ਸੰਦੀਪ ਹੰਸ ਤੇ ਜ਼ਿਲ੍ਹਾ ਪੁਲੀਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਸਾਬਕਾ ਵਿਧਾਇਕ ਵਿਜੇ ਸਾਥੀ ਦੀ ਅਗਵਾਈ ਹੇਠ ਪੁੱਜੇ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਪ੍ਰਸਾਸ਼ਨਿਕ ਅਧਿਕਾਰੀਆਂ ਨੇ ਪੁਲੀਸ ਵਲੋਂ ਕਥਿਤ ਤੌਰ ਉੱਤੇ ਦੁਕਾਨਦਾਰਾਂ ਦੀਆਂ ਦੁਕਾਨਾਂ ਧੱਕੇ ਨਾਲ ਬੰਦ ਕਰਾਉਣ ਦੀ ਘਟਨਾ ਉਤੇ ਅਫਸੋਸ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਦੁਕਾਨਦਾਰਾਂ ਅਤੇ ਪ੍ਰਸ਼ਾਸ਼ਨ ਨੇ ਇਕਮਤ ਹੋਕੇ ਕੋਵਿਡ-19 ਦੀਆਂ ਬੰਦਿਸ਼ਾਂ ਦੀ ਪਾਲਣਾ ਦੀ ਅਹਿਦ ਲਿਆ ਗਿਆ।
ਵਿਧਾਇਕ ਡਾ. ਹਰਜੋਤ ਕਮਲ ਤੇ ਸਾਬਕਾ ਕੌਂਸਲਰ ਗੁਰਪ੍ਰੀਤ ਸਿੰਘ ਸਚਦੇਵਾ ਦੀ ਅਗਵਾਈ ਹੇਠ ਸਮਾਜ ਸੇਵੀ ਸੰਸਥਾਵਾਂ ਨੇ ਡੀਸੀ ਨੂੰ ਮੰਗ ਪੱਤਰ ਦਿੱਤਾ ਕਿ ਉਨ੍ਹਾਂ ਇਸ ਔਖੀ ਘੜੀ ਪ੍ਰਸ਼ਾਸਨ ਦਾ ਸਾਥ ਦਿੰਦੇ ਰਾਸ਼ਨ, ਲੰਗਰ, ਮਾਸਕ, ਸੈਨਾਈਜਰ ਦੀ ਸੇਵਾ ਕੀਤੀ। ਮੀਂਹ ਕਾਰਨ ਦੁਕਾਨਦਾਰ ਸਿਰਫ਼ ਇਕ-ਦੋ ਮਿੰਟ ਲੇਟ ਸਨ ਪੁਲੀਸ ਦੀ ਕਾਰਵਾਈ ਨਾਲ ਉਨ੍ਹਾਂ ਦੇ ਵਕਾਰ ਨੂੰ ਸੱਟ ਵੱਜੀ ਹੈ। ਉਨ੍ਹਾਂ ਦੁਕਾਨਦਾਰਾਂ ਤੋਂ ਵਸੂਲ ਕੀਤਾ 2-2 ਹਜ਼ਾਰ ਵਾਪਸ ਕਰਨ ਦੀ ਮੰਗ ਕੀਤੀ।
ਅਕਾਲੀ ਦਲ ਤੇ ਆਮ ਆਦਮੀ ਪਾਰਟੀ ਤੇ ਹੋਰ ਸਿਆਸਤਦਾਨਾਂ ਨੇ ਵੀ ਪੁਲੀਸ ਖ਼ਿਲਾਫ਼ ਹੀ ਭੜਾਸ ਕੱਢੀ।