Video: ਝੋਨੇ ਦੀ ਖ਼ਰੀਦ ਸਬੰਧੀ ਭਗਵੰਤ ਮਾਨ ਵੱਲੋਂ ਕੇਂਦਰੀ ਮੰਤਰੀ ਨਾਲ ਮੁਲਾਕਾਤ, ਪ੍ਰਹਿਲਾਦ ਜੋਸ਼ੀ ਵੱਲੋਂ ਮਾਮਲਿਆਂ ਦੇ ਹੱਲ ਦਾ ਭਰੋਸਾ
ਪੰਜਾਬੀ ਟ੍ਰਿਬਿਊੁਨ ਵੈੱਬ ਡੈਸਕ
ਚੰਡੀਗੜ੍ਹ, 14 ਅਕਤੂਬਰ
Issue of Paddy Procurement in Punjab: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਮਵਾਰ ਨੂੰ ਕੌਮੀ ਰਾਜਧਾਨੀ ਨਵੀਂ ਦਿੱਲੀ ਵਿਖੇ ਕੇਂਦਰੀ ਖੁਰਾਕ, ਜਨਤਕ ਵੰਡ ਅਤੇ ਖ਼ਪਤਕਾਰ ਮਾਮਲੇ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਝੋਨੇ ਦੀ ਖਰੀਦ ਬਾਰੇ ਪੇਸ਼ ਆ ਰਹੀਆਂ ਸਮੱਸਿਆਵਾਂ ਤੇ ਮੁਸ਼ਕਲਾਂ ਤੋਂ ਜਾਣੂ ਕਰਵਾਇਆ।
ਇਹ ਜਾਣਕਾਰੀ ਸ੍ਰੀ ਮਾਨ ਨੇ ਇਸ ਸਬੰਧੀ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉਤੇ ਕੀਤੀ ਇਕ ਪੋਸਟ ਰਾਹੀਂ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੰਤਰੀ ਨੇ ‘ਮਾਮਲਿਆਂ ’ਤੇ ਵਿਚਾਰ ਕਰਕੇ ਜਲਦੀ ਹੀ ਉਨ੍ਹਾਂ ਦਾ ਹੱਲ’ ਕਰਨ ਦਾ ਭਰੋਸਾ ਦਿੱਤਾ ਹੈ।
ਮੀਟਿੰਗ ਵਿਚ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੀ ਸ਼ਾਮਲ ਸਨ। ਬਿੱਟੂ ਨੇ ਇਸ ਸਬੰਧੀ ਖ਼ਬਰ ਏਜੰਸੀ ਏਐੱਨਆਈ ਨਾਲ ਗੱਲ ਕਰਦਿਆਂ ਕਿਹਾ, ‘‘ਅਸੀਂ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਅਸੀਂ (ਕੇਂਦਰ ਨੇ) ਜਿਣਸ ਦੀ ਖ਼ਰੀਦ ਲਈ 44000 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ ਅਤੇ ਜਦੋਂ ਫ਼ਸਲ ਖ਼ਰੀਦ ਲਈ ਜਾਵੇਗੀ, ਤਾਂ ਉਸ ਦੀ ਚੁਕਾਈ, ਭੰਡਾਰਨ ਤੇ ਢੋਆ-ਢੁਆਈ ਕਰਨਾ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ।’’ ਉਨ੍ਹਾਂ ਕਿਹਾ, ‘‘ਮੈਨੂੰ ਸਮਝ ਨਹੀਂ ਆ ਰਹੀ ਕਿ ਇਸ ਸਬੰਧੀ ਕੌਣ ਅਫ਼ਵਾਹਾਂ ਫੈਲਾ ਰਿਹਾ ਹੈ ਕਿ ਕਿਸਾਨਾਂ ਦੇ ਹਿੱਤਾਂ ਨੂੰ ਕੋਈ ਨੁਕਸਾਨ ਪਹੁੰਚਾਇਆ ਜਾਵੇਗਾ।’’
ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਅਧਿਕਾਰਤ ਖ਼ਾਤੇ ਤੋਂ ਕੀਤੀ ਟਵੀਟ ਵਿਚ ਕਿਹਾ, ‘‘ਅੱਜ ਕ੍ਰਿਸ਼ੀ ਭਵਨ, ਵਿਖੇ ਕੇਂਦਰੀ ਖੁਰਾਕ, ਜਨਤਕ ਵੰਡ ਅਤੇ ਖਪਤਕਾਰ ਮੰਤਰੀ ਸ੍ਰੀ ਪ੍ਰਹਲਾਦ ਜੋਸ਼ੀ ਜੀ ਨਾਲ ਮੁਲਾਕਾਤ ਕੀਤੀ... ਝੋਨੇ ਦੀ ਖਰੀਦ ਨੂੰ ਲੈ ਕੇ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ...।’’
ਉਨ੍ਹਾਂ ਹੋਰ ਹੀ ਲਿਖਿਆ, ‘‘ਨਾਲ ਹੀ ਰਾਈਸ ਮਿੱਲਰਾਂ ਅਤੇ ਆੜ੍ਹਤੀਆਂ ਦੀਆਂ ਜਾਇਜ਼ ਮੰਗਾਂ ਨੂੰ ਜਲਦ ਪੂਰਾ ਕਰਨ ਲਈ ਕਿਹਾ... ਜਿਸ 'ਤੇ ਉਨ੍ਹਾਂ (ਮੰਤਰੀ) ਨੇ ਵਿਚਾਰ ਕਰਕੇ ਜਲਦ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਿੱਤਾ... ਸਾਡੀ ਸਰਕਾਰ ਕਿਸਾਨ ਭਰਾਵਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦੇਵੇਗੀ… ਫ਼ਸਲ ਦਾ ਇੱਕ-ਇੱਕ ਦਾਣਾ ਮੰਡੀਆਂ 'ਚੋਂ ਚੁੱਕਿਆ ਜਾਵੇਗਾ... ਕਿਸਾਨਾਂ ਦੀ ਮਿਹਨਤ ਨਾਲ ਪੈਦਾ ਹੋਈ ਫ਼ਸਲ ਦੀ ਤੁਰੰਤ ਖ਼ਰੀਦ ਅਤੇ ਲਿਫਟਿੰਗ ਨੂੰ ਯਕੀਨੀ ਬਣਾਉਣਾ ਸਾਡਾ ਫਰਜ਼ ਹੈ...।’’
ਇਹ ਵੀ ਪੜ੍ਹੋ:
ਮੁੱਖ ਮੰਤਰੀ ਮਾਨ ਦੀ ਚੰਡੀਗੜ੍ਹ ਰਿਹਾਇਸ਼ ’ਤੇ ਪੱਕਾ ਧਰਨਾ ਲਾਉਣਗੇ ਕਿਸਾਨ