ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਾਰ ਉੱਤੇ ਜਿੱਤ

11:45 AM Oct 07, 2023 IST

ਜਤਿੰਦਰ ਮੋਹਨ
ਇੱਕ ਦਨਿ ਰਾਮ ਸਿੰਘ ਆਮ ਦਿਨਾਂ ਵਾਂਗ ਆਪਣੇ ਖੇਤ ਵਿੱਚ ਖੁਰਪੀ ਨਾਲ ਸਬਜ਼ੀ ਗੁੱਡ ਰਿਹਾ ਸੀ ਤਾਂ ਉਸ ਦਾ ਪੋਤਰਾ ਗੁਰਪਿੰਦਰ ਉਸ ਕੋਲ ਆ ਕੇ ਬੈਠ ਗਿਆ। ਗੁਰਪਿੰਦਰ ਆਪਣੇ ਪਿਤਾ ਸੁਰਜੀਤ ਸਿੰਘ ਵਾਂਗ ਇਕਲੌਤਾ ਪੁੱਤਰ ਸੀ। ਜਦੋਂ ਗੁਰਪਿੰਦਰ ਆਪਣੇ ਦਾਦਾ ਜੀ ਨੂੰ ਖੇਤ ਵਿੱਚ ਕੰਮ ਕਰਦੇ ਦੇਖਦਾ ਤਾਂ ਉਸ ਨੂੰ ਲੱਗਦਾ ਕਿ ਉਸ ਦੇ ਦਾਦਾ ਜੀ ਕਿੰਨੇ ਕੰਜੂਸ ਹਨ। ਇੰਨਾ ਕੁਝ ਹੋਣ ਦੇ ਬਾਵਜੂਦ ਉਹ ਖੇਤ ਵਿੱਚ ਕੰਮ ਕਰਦੇ ਹਨ ਕਿਉਂਕਿ ਰਾਮ ਸਿੰਘ ਇੱਕ ਰਿਟਾਇਰਡ ਸੁਪਰਡੈਂਟ ਹੋਣ ਕਾਰਨ ਚੰਗੀ ਪੈਨਸ਼ਨ ਲੈ ਰਿਹਾ ਸੀ। ਉਸ ਕੋਲ ਅਠਾਰਾਂ ਏਕੜ ਜ਼ਮੀਨ ਵੀ ਹੈ। ਉਸ ਦਾ ਲੜਕਾ ਮਤਲਬ ਗੁਰਪਿੰਦਰ ਦਾ ਪਿਤਾ ਵੀ ਚੰਗੀ ਨੌਕਰੀ ’ਤੇ ਲੱਗਿਆ ਹੋਇਆ ਹੈ। ਗੁਰਪਿੰਦਰ ਨੂੰ ਆਪਣੇ ਦਾਦਾ ਜੀ ਨਾਲੋਂ ਆਪਣੇ ਪਿਤਾ ਜੀ ਵੱਧ ਚੰਗੇ ਲੱਗਦੇ ਸਨ ਕਿਉਂਕਿ ਉਹ ਖੇਤੀ ਦਾ ਕੋਈ ਕੰਮ ਨਹੀਂ ਕਰਦੇ ਸਨ ਅਤੇ ਜਦੋਂ ਕਿਤੇ ਜਾਣਾ ਆਉਣਾ ਤਾਂ ਵੀ ਗੱਡੀ ’ਤੇ। ਖੇਤ ਦਾ ਕੰਮ ਤਾਂ ਦੂਰ ਦੀ ਗੱਲ, ਉਹ ਘਰ ਦੇ ਕਿਸੇ ਕੰਮ ਨੂੰ ਹੱਥ ਨਹੀਂ ਲਾਉਂਦੇ। ਇਨ੍ਹਾਂ ਸੋਚਾਂ ਦੀ ਘੁੰਮਣਘੇਰੀ ਵਿੱਚ ਫਸੇ ਗੁਰਪਿੰਦਰ ਨੇ ਆਪਣੇ ਦਾਦਾ ਜੀ ਨੂੰ ਪੁੱਛਿਆ, ‘‘ਦਾਦਾ ਜੀ, ਇੱਕ ਗੱਲ ਪੁੱਛਾਂ?’’
‘‘ਹਾਂ ਪੁੱਛ ਬੇਟਾ।’’ ਰਾਮ ਸਿੰਘ ਨੇ ਆਪਣੇ ਕੰਮ ਨੂੰ ਜਾਰੀ ਰੱਖਦਿਆਂ ਕਿਹਾ।
‘‘ਆਪਣੇ ਕੋਲ ਕਿੰਨੀ ਜ਼ਮੀਨ ਐ?’’
‘‘ਅਠਾਰਾਂ ਕਿੱਲੇ।’’
‘‘ਐਤਕੀਂ ਕਿੰਨੇ ਠੇਕੇ ’ਤੇ ਲੱਗੀ ਐ?’’
‘‘ਸੱਤਰ ਹਜ਼ਾਰ ਨੂੰ।’’
‘‘ਹਾਂ।’’
‘‘ਤੁਹਾਡੀ ਪੈਨਸ਼ਨ ਵੀ ਆਉਂਦੀ ਐ।’’
‘‘ਹਾਂ ਆਉਂਦੀ ਐ।’’
‘‘ਕਿੰਨੀ ਕੁ?’’
‘‘ਬਸ ਗੁਜ਼ਾਰਾ ਹੋਈ ਜਾਂਦੈ।’’ ਦਾਦੇ ਨੇ ਆਪਣੀ ਪੈਨਸ਼ਨ ਦੱਸਣ ਦੀ ਬਜਾਇ ਲੁਕੋ ਲਈ। ਇਹ ਸੋਚ ਕਿ ਵੱਧ ਆਮਦਨ ਦੱਸਣ ਨਾਲ ਬੱਚੇ ਵੱਧ ਖਰਚ ਕਰਨ ਲੱਗ ਪੈਂਦੇ ਹਨ। ਸੋ ਉਸ ਨੇ ਗੋਲ ਮੋਲ ਗੱਲ ਕਰ ਦਿੱਤੀ। ਗੁਰਪਿੰਦਰ ਵੀ ਸਮਝ ਗਿਆ ਕਿ ਉਸ ਦੇ ਦਾਦਾ ਜੀ ਆਪਣੀ ਪੈਨਸ਼ਨ ਨਹੀਂ ਦੱਸਣਾ ਚਾਹੁੰਦੇ। ਸੋ ਉਸ ਨੇ ਦੁਬਾਰਾ ਪੁੱਛਿਆ,
‘‘ਦਾਦਾ ਜੀ, ਚਾਲ਼ੀ ਹਜ਼ਾਰ ਤਾਂ ਪੈਨਸ਼ਨ ਹੋਊਗੀ ਈ?’’
‘‘ਹਾਂ, ਥੋੜ੍ਹੀ ਘੱਟ ਈ ਹੋਊ। ਕੋਈ ਹੋਰ ਗੱਲ ਛੇੜ। ਇਨ੍ਹਾਂ ਗੱਲਾਂ ਵਿੱਚ ਕੀ ਪਿਐ?’’ ਗੁਰਪਿੰਦਰ ਦੇ ਦਾਦਾ ਜੀ ਨੇ ਹੱਸਦਿਆਂ ਕਿਹਾ ਤੇ ਉਹ ਵੀ ਹੱਸ ਪਿਆ।
ਇਹੀ ਗੱਲ ਗੁਰਪਿੰਦਰ ਜਦੋਂ ਆਪਣੇ ਪਿਤਾ ਜੀ ਨੂੰ ਪੁੱਛਦਾ ਤਾਂ ਉਹ ਝੱਟਪਟ ਸਾਰੀ ਆਮਦਨ ਦੱਸ ਦਿੰਦਾ, ਆਪਣੀ, ਆਪਣੇ ਪਿਤਾ ਦੀ ਅਤੇ ਜ਼ਮੀਨ ਦੀ। ਉਂਜ ਤਾਂ ਉਸ ਨੂੰ ਪਤਾ ਹੀ ਸੀ ਕਿ ਉਸ ਦੇ ਦਾਦਾ ਜੀ ਦੀ ਪੈਨਸ਼ਨ ਪੰਤਾਲੀ ਹਜ਼ਾਰ ਰੁਪਏ ਹੈ, ਪਰ ਉਹ ਤਾਂ ਸਿਰਫ਼ ਪੁੱਛਣਾ ਚਾਹੁੰਦਾ ਸੀ। ਗੱਲ ਦਾ ਰੁਖ਼ ਬਦਲਣ ਲਈ ਉਸ ਨੇ ਆਪਣੇ ਦਾਦਾ ਜੀ ਨੂੰ ਕਿਹਾ,
‘‘ਦਾਦਾ ਜੀ, ਮੈਂ ਤੁਹਾਨੂੰ ਇੱਕ ਗੱਲ ਕਹਾਂ?’’
‘‘ਕਹਿ ਪੁੱਤ।’’
‘‘ਤੁਹਾਨੂੰ ਚੰਗੀ ਪੈਨਸ਼ਨ ਮਿਲਦੀ ਐ।’’
‘‘ਹਾਂ, ਮਿਲਦੀ ਐ।’’
‘‘ਤੁਹਾਡੇ ਕੋਲ ਜ਼ਮੀਨ ਦੀ ਵੀ ਵਧੀਆ ਆਮਦਨ ਹੈ।’’
‘‘ਹਾਂ ਬੇਟਾ, ਮੇਰੀ ਹੀ ਨਹੀਂ ਬਲਕਿ ਸਾਰੇ ਪਰਿਵਾਰ ਦੀ ਆਮਦਨ ਹੈ।’’
‘‘ਤੁਹਾਡੇ ਪੁੱਤਰ ਦੀ ਆਮਦਨ ਵੀ ਬਹੁਤ ਐ।’’
‘‘ਹਾਂ, ਪਰ ਉਸ ਦਾ ਖ਼ਰਚ ਵੀ ਬਹੁਤ ਐ। ਘਰ ਦੀ ਜ਼ਿੰਮੇਵਾਰੀ ਉਸੇ ਦੀ ਹੈ।’’
‘‘ਖ਼ਰਚ ਤਾਂ ਹਨ, ਪਰ ਐਨੀ ਆਮਦਨ ਦੇ ਬਾਵਜੂਦ ਤੁਸੀਂ ਐਵੇਂ ਔਖੇ ਹੋਈ ਜਾਨੇ ਓਂ। ਜੇ ਤੁਸੀਂ ਇਹ ਕੰਮ ਕਰਨਾ ਹੈ ਤਾਂ ਦਿਹਾੜੀਦਾਰ ਲਾ ਲਓ।’’
‘‘ਨਹੀਂ ਬੇਟਾ, ਕੰਮ ਕਰਨ ਨਾਲ ਜੋ ਤਸੱਲੀ ਜਾਂ ਖ਼ੁਸ਼ੀ ਮਨ ਨੂੰ ਹੁੰਦੀ ਹੈ ਉਹ ਵਿਹਲੇ ਬੈਠ ਕੇ ਨਹੀਂ ਹੁੰਦੀ।’’
‘‘ਦਾਦਾ ਜੀ, ਲੋਕ ਆਪਾਂ ਨੂੰ ਭੁੱਖੇ ਕਹਿੰਦੇ ਨੇ।’’
‘‘ਕਹਿਣ ਦੇ। ਆਪਾਂ ਲੋਕਾਂ ਦਾ ਮੂੰਹ ਨਹੀਂ ਫੜ ਸਕਦੇ।’’
‘‘ਫੇਰ ਵੀ ਦਾਦਾ ਜੀ...।’’
‘‘ਬੇਟਾ, ਆਦਮੀ ਸਰੀਰਕ ਤੌਰ ’ਤੇ ਕਮਜ਼ੋਰ ਨਹੀਂ ਹੋਣਾ ਚਾਹੀਦਾ।’’
‘‘ਕਵਿੇਂ ਦਾਦਾ ਜੀ?’’
‘‘ਮਤਲਬ ਇਹ ਕਿ ਜੇਕਰ ਆਦਮੀ ਸਰੀਰਕ ਤੌਰ ’ਤੇ ਤੰਦਰੁਸਤ ਹੈ ਤਾਂ ਉਹ ਬਿਪਤਾ ਵੇਲੇ ਕੰਮ ਕਰ ਸਕਦਾ ਹੈ ਤੇ ਵਿਹਲੜ ਬਿਪਤਾ ਸਮੇਂ ਘਬਰਾ ਜਾਂਦਾ ਹੈ।’’
‘‘ਇਹ ਕਵਿੇਂ ਦਾਦਾ ਜੀ?’’
‘‘ਲੈ ਸੁਣ। ਇੱਕ ਵਾਰ ਦੀ ਗੱਲ ਹੈ ਕਿ ਇੱਕ ਸ਼ਾਹੂਕਾਰ ਦੇ ਦੋ ਪੁੱਤਰ ਸਨ। ਉਹ ਆਪਣੇ ਪਿਤਾ ਵਾਂਗ ਹੀ ਵਪਾਰ ਕਰਦੇ ਸਨ। ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਆਪਣੇ ਘਰ ਤਾਂ ਅਲੱਗ ਅਲੱਗ ਵਧੀਆ ਬਣਾ ਲਏ, ਪਰ ਵਪਾਰ ਦਾ ਕੰਮ ਸਾਂਝਾ ਰੱਖਿਆ। ਦੋਵੇਂ ਭਰਾ ਆਪੋ ਆਪਣੀਆਂ ਦੁਕਾਨਾਂ ਵੀ ਚਲਾਉਂਦੇ ਤੇ ਵਪਾਰ ਵੀ ਕਰਦੇ। ਰਮੇਸ਼ (ਵੱਡਾ ਭਰਾ) ਤਾਂ ਗਾਹਕ ਨੂੰ ਦੇਖ ਕੇ ਫੁੱਲ ਵਾਂਗ ਖਿੜ ਜਾਂਦਾ। ਜੇਕਰ ਨੌਕਰ ਨਾ ਹੁੰਦਾ ਤਾਂ ਭੱਜ ਭੱਜ ਕੇ ਗਾਹਕ ਨੂੰ ਸਾਮਾਨ ਦਿਖਾਉਂਦਾ ਤੇ ਦਿੰਦਾ, ਪਰ ਛੋਟਾ ਸੁਰੇਸ਼ ਗਾਹਕ ਨੂੰ ਵੀ ਰੁੱਖਾ ਬੋਲਦਾ ਤੇ ਨੌਕਰ ਨੂੰ ਵੀ ਵੱਢ ਵੱਢ ਖਾਂਦਾ।’’
‘‘ਕਿਉਂ?’’
‘‘ਬਸ ਆਦਤ ਬਣੀ ਹੋਈ ਸੀ।’’
‘‘ਫੇਰ ਕੀ ਹੋਇਆ?’’
‘‘ਹੋਣਾ ਕੀ ਸੀ? ਉਹ ਵੀ ਤੇਰੇ ਵਾਂਗ ਰਮੇਸ਼ ਨੂੰ ਕਹਿੰਦਾ ਕਿ ਐਡਾ ਕਾਰੋਬਾਰ ਐ। ਤੂੰ ਐਵੇਂ ਹੀ ਮੱਥਾ ਮਾਰਦਾ ਫਿਰਦੈਂ। ਨੌਕਰ ਕਾਹਦੇ ਵਾਸਤੇ ਰੱਖੇ ਨੇ।’’
‘‘ਸੁਰੇਸ਼ ਬੈਠਾ ਈ ਰਹਿੰਦਾ?’’ ਗੁਰਪਿੰਦਰ ਨੇ ਪੁੱਛਿਆ।
‘‘ਹਾਂ, ਉਹ ਤਾਂ ਬੈਠਾ ਈ ਰਹਿੰਦਾ। ਇਨ੍ਹਾਂ ਦਿਨਾਂ ਵਿੱਚ ਉਨ੍ਹਾਂ ਨੇ ਸਰ੍ਹੋਂ ਦੀ ਵੱਡੀ ਖਰੀਦ ਕਰ ਲਈ। ਕੁਦਰਤ ਦੀ ਕਰੋਪੀ ਹੋਈ ਤੇ ਸਰ੍ਹੋਂ ਦਾ ਭਾਅ ਟੁੱਟ ਗਿਆ ਤੇ ਘਾਟਾ ਪੈ ਗਿਆ।’’
‘‘ਬਹੁਤ ਮਾੜਾ ਹੋਇਆ।’’
‘‘ਮਾੜੇ ਵਰਗਾ ਮਾੜਾ! ਦੁਕਾਨ, ਮਕਾਨ ਸਭ ਕੁਝ ਵਿਕ ਗਿਆ ਦੋਵਾਂ ਭਰਾਵਾਂ ਦਾ।’’
‘‘ਮਾਰੇ ਗਏ!’’
‘‘ਬਹੁਤ ਬੁਰੀ ਤਰ੍ਹਾਂ। ਇਹੋ ਜਿਹੀ ਹਾਲਤ ਹੋ ਗਈ ਕਿ ਪੁੱਛ ਨਾ। ਚੰਗੇ ਕਾਰੋਬਾਰ ਦਾ ਮਾਲਕ ਕਬਾੜ ਖਰੀਦਣ ਲੱਗ ਪਿਆ।’’
‘‘ਕੌਣ? ਰਮੇਸ਼?’’ ਗੁਰਪਿੰਦਰ ਨੇ ਪੁੱਛਿਆ।
‘‘ਹਾਂ, ਰਮੇਸ਼ ਈ। ਸੁਰੇਸ਼ ਨੇ ਤਾਂ ਕੋਈ ਕੰਮ ਨਾ ਕੀਤਾ। ਕੁਝ ਚਿਰ ਘਰ ਦਾ ਖ਼ਰਚ ਉਸ ਦੇ ਸਹੁਰੇ ਚਲਾਉਂਦੇ ਰਹੇ, ਪਰ ਜਦੋਂ ਉਨ੍ਹਾਂ ਨੇ ਉਸ ਨੂੰ ਕੰਮ ਚਲਾਉਣ ਲਈ ਕਿਹਾ ਤਾਂ ਉਹ ਕਹਿਣ ਲੱਗਾ ਕਿ ਮੈਥੋਂ ਕੰਮ ਨਹੀਂ ਹੁੰਦਾ, ਪਰ ਰਮੇਸ਼ ਹੌਲੀ-ਹੌਲੀ ਕਾਮਯਾਬ ਹੋਣ ਲੱਗਾ।’’
‘‘ਤੇ ਸੁਰੇਸ਼?’’
‘‘ਉਹ ਘਰੋਂ ਨਿਕਲ ਗਿਆ।’’
‘‘ਬਹੁਤ ਬੁਰਾ ਹੋਇਆ।’’
‘‘ਕੁਝ ਚਿਰ ਬਾਅਦ ਰਮੇਸ਼ ਨੇ ਆਪਣੀ ਦੁਕਾਨ ਖੋਲ੍ਹ ਲਈ ਤੇ ਅੱਜ ਉਹ ਕਾਮਯਾਬ ਐ ਅਤੇ ਦੋਵੇਂ ਪਰਿਵਾਰ ਪਾਲ ਰਿਹਾ ਹੈ।’’
‘‘ਦਾਦਾ ਜੀ, ਸੁਰੇਸ਼ ਵੀ ਤਾਂ ਕੰਮ ਕਰ ਸਕਦਾ ਸੀ।’’
‘‘ਕਰ ਤਾਂ ਸਕਦਾ ਸੀ ਜੇ ਕੰਮ ਵਿੱਚ ਰੁਚੀ ਹੁੰਦੀ। ਬੰਦੇ ਨੂੰ ਹੱਥੀਂ ਕੰਮ ਕਰਨਾ ਛੱਡਣਾ ਨਹੀਂ ਚਾਹੀਦਾ।’’
‘‘ਤੁਹਾਡੇ ਕਹਿਣ ਦਾ ਮਤਲਬ ਹੈ ਕਿ ਸਾਨੂੰ ਯਾਨੀ ਮੈਨੂੰ ਤੇ ਮੇਰੇ ਪਾਪਾ ਨੂੰ ਵੀ ਕੰਮ ਕਰਨਾ ਚਾਹੀਦੈ।’’
‘‘ਹਾਂ, ਕੰਮ ਕਰਨ ਨਾਲ ਸਰੀਰ ਤਕੜਾ ਹੁੰਦਾ ਹੈ, ਕਮਜ਼ੋਰ ਨਹੀਂ। ਸਰੀਰਕ ਤੌਰ ’ਤੇ ਤਕੜਾ ਆਦਮੀ ਹਮੇਸ਼ਾਂ ਖ਼ੁਸ਼ ਰਹਿੰਦਾ ਹੈ।’’
‘‘ਲਓ ਦਾਦਾ ਜੀ, ਮੈਂ ਤੁਹਾਡੇ ਨਾਲ ਕੰਮ ਕਰਵਾਉਂਦਾ ਹਾਂ।’’
ਗੁਰਪਿੰਦਰ ਆਪਣੇ ਦਾਦਾ ਜੀ ਨਾਲ ਕੰਮ ਕਰਵਾਉਣ ਲੱਗਾ। ਦਾਦੇ ਨੇ ਮਹਿਸੂਸ ਕੀਤਾ ਕਿ ਉਸ ਨੇ ਆਪਣੇ ਪੋਤੇ ਨੂੰ ਸਫਲਤਾ ਦਾ ਭੇਤ ਸਮਝਾ ਦਿੱਤਾ ਹੈ। ਉੱਧਰ ਗੁਰਪਿੰਦਰ ਨੂੰ ਵੀ ਇੰਜ ਲੱਗ ਰਿਹਾ ਸੀ ਕਿ ਮਿਹਨਤ ਨਾਲ ਤਾਂ ਹਾਰ ਉੱਤੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ।
ਸੰਪਰਕ: 94630-20766

Advertisement

Advertisement