ਖ਼ੁਦਕੁਸ਼ੀ ਮਾਮਲੇ ’ਚ ਇਨਸਾਫ਼ ਲਈ ਪੀੜਤ ਪਰਿਵਾਰ ਵੱਲੋਂ ਥਾਣੇ ਅੱਗੇ ਧਰਨਾ
ਜੰਗ ਬਹਾਦਰ ਸਿੰਘ ਸੇਖੋਂ
ਗੜ੍ਹਸ਼ੰਕਰ, 16 ਜਨਵਰੀ
ਇਸ ਸ਼ਹਿਰ ਦੇ ਵਾਰਡ ਨੰਬਰ-12 ਵਿੱਚ 26 ਸਾਲਾ ਔਰਤ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਸਹੁਰਾ ਪਰਿਵਾਰ ਵਿਰੁੱਧ ਕੇਸ ਦਰਜ ਹੋਣ ਦੇ ਬਾਵਜੂਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ਦੇ ਰੋਸ ਵਜੋਂ ਅੱਜ ਪੀੜਤ ਧਿਰ ਵੱਲੋਂ ਥਾਣਾ ਗੜ੍ਹਸ਼ੰਕਰ ਦੇ ਬਾਹਰ ਧਰਨਾ ਦਿੱਤਾ ਗਿਆ। ਇਸ ਕਾਰਨ ਕਰੀਬ ਦੋ ਘੰਟਿਆਂ ਤਕ ਆਵਾਜਾਈ ਠੱਪ ਰਹੀ, ਜਿਸ ਕਾਰਨ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਇਸ ਮੌਕੇ ਮ੍ਰਿਤਕ ਕਾਂਤਾ ਦੇਵੀ ਦੇ ਭਰਾ ਰਾਜ ਕੁਮਾਰ ਅਤੇ ਹਰਜਿੰਦਰ ਕੁਮਾਰ ਨੇ ਦੱਸਿਆ ਕਿ ਕਾਂਤਾ ਦਾ ਵਿਆਹ ਸਾਲ ਪਹਿਲਾਂ ਗਗਨਦੀਪ ਸਿੰਘ ਨਾਲ ਹੋਇਆ ਸੀ ਪਰ ਸਹੁਰਾ ਪਰਿਵਾਰ ਵੱਲੋਂ ਕਾਂਤਾ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਸੀ। ਕਾਂਤਾ ਨੂੰ ਆਪਣੇ ਬੱਚੇ ਨੂੰ ਵੀ ਨਹੀਂ ਮਿਲਣ ਦਿੱਤਾ ਜਾਂਦਾ ਸੀ। ਇਸ ਕਰ ਕੇ ਉਸ ਨੇ ਖ਼ੁਦਕੁਸ਼ੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਤਿੰਨ ਦਿਨ ਪੁਰਾਣੇ ਮਾਮਲੇ ਵਿੱਚ ਪੁਲੀਸ ਨੇ ਕਾਂਤਾ ਦੇਵੀ ਦੇ ਸਹੁਰਾ ਪਰਿਵਾਰ ਦੇ ਚਾਰ ਮੈਂਬਰਾਂ ਵਿਰੁੱਧ ਕੇਸ ਦਰਜ ਕਰ ਕੇ ਸੱਸ ਅਤੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਉਸ ਦੀ ਨਣਦ ਤੇ ਸਹੁਰੇ ਨੂੰ ਗ੍ਰਿਫ਼ਤਾਰ ਕਰਨ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਸਾਰੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤਕ ਲਾਸ਼ ਦਾ ਸਸਕਾਰ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਡੀਐੱਸਪੀ ਜਸਪ੍ਰੀਤ ਸਿੰਘ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਇਸ ਕੇਸ ਵਿੱਚ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਇਸ ਭਰੋਸੇ ਮਗਰੋਂ ਪ੍ਰਦਰਸ਼ਨਕਾਰੀਆਂ ਨੇ ਧਰਨਾ ਖ਼ਤਮ ਕੀਤਾ। ਉਨ੍ਹਾਂ ਸਾਰੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ’ਤੇ ਚੰਡੀਗੜ੍ਹ-ਹੁਸ਼ਿਆਰਪੁਰ ਹਾਈਵੇਅ ਜਾਮ ਕਰਨ ਦੀ ਚਿਤਾਵਨੀ ਦਿੱਤੀ।