ਸਲਾਮਤੀ ਪਰਿਸ਼ਦ ’ਚ ਗਾਜ਼ਾ ਸਬੰਧੀ ਮਤਿਆਂ ’ਤੇ ਵੀਟੋ
ਸੰਯੁਕਤ ਰਾਸ਼ਟਰ, 26 ਅਕਤੂਬਰ
ਰੂਸ ਅਤੇ ਚੀਨ ਨੇ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ’ਚ ਗਾਜ਼ਾ ਤੱਕ ਮਾਨਵੀ ਸਹਾਇਤਾ ਪਹੁੰਚਾਉਣ ਲਈ ਜੰਗਬੰਦੀ ਦਾ ਸੱਦਾ ਦੇਣ ਵਾਲੇ ਅਮਰੀਕਾ ਦੀ ਅਗਵਾਈ ਹੇਠ ਲਿਆਂਦੇ ਇਕ ਮਤੇ ਦੇ ਖਰੜੇ ’ਤੇ ਵੀਟੋ ਦੀ ਵਰਤੋਂ ਕੀਤੀ। ਇਸ ਮਗਰੋਂ ਬ੍ਰਿਟੇਨ ਅਤੇ ਅਮਰੀਕਾ ਨੇ ਵੀ ਇਜ਼ਰਾਈਲ-ਹਮਾਸ ਜੰਗ ’ਤੇ ਰੂਸ ਵੱਲੋਂ ਲਿਆਂਦੇ ਗਏ ਮਤੇ ਨੂੰ ਵੀਟੋ ਕਰ ਦਿੱਤਾ। ਸੰਯੁਕਤ ਰਾਸ਼ਟਰ ਦੀ 15 ਮੈਂਬਰੀ ਸੁਰੱਖਿਆ ਪਰਿਸ਼ਦ ਨੇ ਇਜ਼ਰਾਈਲ-ਹਮਾਸ ਜੰਗ ’ਤੇ ਅਮਰੀਕਾ ਅਤੇ ਰੂਸ ਵੱਲੋਂ ਪੇਸ਼ ਕੀਤੇ ਗਏ ਦੋ ਵਿਰੋਧੀ ਮਤਿਆਂ ’ਤੇ ਵੋਟਾਂ ਪਾਈਆਂ। ਅਮਰੀਕਾ ਵੱਲੋਂ ਪੇਸ਼ ਕੀਤੇ ਗਏ ਪਹਿਲੇ ਮਤੇ ’ਚ ਕਿਹਾ ਗਿਆ ਕਿ ਮੈਂਬਰ ਮੁਲਕਾਂ ਨੂੰ ਅਤਿਵਾਦੀ ਹਮਲਿਆਂ ਖ਼ਿਲਾਫ਼ ਆਪਣੀ ਰੱਖਿਆ ਕਰਨ ਦਾ ਪੂਰਾ ਹੱਕ ਹੈ। ਮਤੇ ’ਚ ਹਮਾਸ ਅਤਿਵਾਦੀਆਂ ਦੇ ਸ਼ਾਸਨ ਵਾਲੇ ਇਲਾਕੇ ਗਾਜ਼ਾ ’ਚ ਪੂਰਨ, ਫੌਰੀ, ਸੁਰੱਖਿਅਤ ਅਤੇ ਬਨਿ੍ਹਾਂ ਕਿਸੇ ਰੁਕਾਵਟ ਦੇ ਪਹੁੰਚ ਬਣਾਉਣ ਲਈ ਸਾਰੇ ਕਦਮ ਚੁੱਕਣ ਦਾ ਸੱਦਾ ਦਿੱਤਾ ਗਿਆ। ਸਲਾਮਤੀ ਪਰਿਸ਼ਦ ਦੇ ਪੱਕੇ ਮੈਂਬਰਾਂ ਰੂਸ ਅਤੇ ਚੀਨ ਨੇ ਅਮਰੀਕਾ ਵੱਲੋਂ ਪੇਸ਼ ਕੀਤੇ ਗਏ ਮਤੇ ’ਤੇ ਵੀਟੋ ਦੀ ਵਰਤੋਂ ਕੀਤੀ। ਯੂਏਈ ਨੇ ਖਰੜੇ ਖ਼ਿਲਾਫ਼ ਵੋਟ ਪਾਈ ਜਦਕਿ ਇਸ ਦੇ ਪੱਖ ’ਚ 10 (ਅਲਬਾਨੀਆ, ਫਰਾਂਸ, ਇਕੁਆਡੋਰ, ਗੈਬੋਨ, ਘਾਨਾ, ਜਪਾਨ, ਮਾਲਟਾ, ਸਵਿੱਟਜ਼ਰਲੈਂਡ, ਯੂਕੇ ਅਤੇ ਅਮਰੀਕਾ) ਮੈਂਬਰਾਂ ਨੇ ਵੋਟ ਪਾਈ ਜਦਕਿ ਬ੍ਰਾਜ਼ੀਲ ਅਤੇ ਮੋਜ਼ਾਂਬਿਕ ਵੋਟਿੰਗ ਤੋਂ ਦੂਰ ਰਹੇ। ਮਤੇ ’ਤੇ ਵੋਟਿੰਗ ਤੋਂ ਪਹਿਲਾਂ ਸੰਯੁਕਤ ਰਾਸ਼ਟਰ ’ਚ ਅਮਰੀਕਾ ਦੀ ਸਫ਼ੀਰ ਲਿੰਡਾ ਥੌਮਸ-ਗਰੀਨਫੀਲਡ ਨੇ ਕਿਹਾ ਕਿ ਵਾਸ਼ਿੰਗਟਨ ਨੇ ਮਜ਼ਬੂਤ ਅਤੇ ਸੰਤੁਲਿਤ ਮਤੇ ’ਤੇ ਆਮ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਰੂਸ ਅਤੇ ਚੀਨ ਵੱਲੋਂ ਮਤੇ ਖ਼ਿਲਾਫ਼ ਵੀਟੋ ਕੀਤੇ ਜਾਣ ’ਤੇ ਨਿਰਾਸ਼ਾ ਜਤਾਈ ਅਤੇ ਸਲਾਮਤੀ ਪਰਿਸ਼ਦ ਦੇ ਮੈਂਬਰਾਂ ਨੂੰ ਰੂਸ ਦੇ ਮਤੇ ’ਤੇ ਵੋਟ ਦੇ ਕੇ ਮਾਸਕੋ ਦੇ ‘ਨਿਖੇਧੀ ਭਰੇ ਅਤੇ ਗ਼ੈਰਜ਼ਿੰਮੇਵਾਰਾਨਾ ਵਤੀਰੇ’ ਨੂੰ ਹੱਲਾਸ਼ੇਰੀ ਨਾ ਦੇਣ ਦੀ ਬੇਨਤੀ ਕੀਤੀ। ਇਸ ਮਗਰੋਂ ਸਲਾਮਤੀ ਪਰਿਸ਼ਦ ਨੇ ਮਾਸਕੋ ਦੇ ਮਤੇ ’ਤੇ ਵੀ ਵੋਟਿੰਗ ਕਰਵਾਈ ਜਿਸ ’ਚ ਮਾਨਵੀ ਜੰਗਬੰਦੀ, ਗਾਜ਼ਾ ’ਚ ਬਨਿ੍ਹਾਂ ਕਿਸੇ ਰੁਕਾਵਟ ਦੇ ਸਹਾਇਤਾ ਪਹੁੰਚਾਉਣ ਅਤੇ ਇਜ਼ਰਾਇਲੀ ਫ਼ੌਜੀਆਂ ਵੱਲੋਂ ਗਾਜ਼ਾ ਦੇ ਲੋਕਾਂ ਨੂੰ ਦੱਖਣੀ ਹਿੱਸੇ ’ਚ ਜਾਣ ਦੇ ਹੁਕਮ ਤੁਰੰਤ ਰੱਦ ਕਰਨ ਦਾ ਸੱਦਾ ਦਿੱਤਾ ਗਿਆ ਸੀ। ਮਤੇ ਦੇ ਪੱਖ ’ਚ ਢੁੱਕਵੇਂ ਵੋਟ ਨਹੀਂ ਪਏ। ਚਾਰ ਮੁਲਕਾਂ ਚੀਨ, ਗੈਬੋਨ, ਰੂਸ ਅਤੇ ਯੂਏਈ ਨੇ ਇਸ ਦੇ ਪੱਖ ’ਚ ਵੋਟ ਦਿੱਤਾ ਜਦਕਿ ਬ੍ਰਿਟੇਨ ਅਤੇ ਅਮਰੀਕਾ ਨੇ ਇਸ ’ਤੇ ਵੀਟੋ ਦੀ ਵਰਤੋਂ ਕੀਤੀ ਅਤੇ ਨੌਂ ਮੁਲਕ ਅਲਬਾਨੀਆ, ਬ੍ਰਾਜ਼ੀਲ, ਇਕੁਆਡੋਰ, ਫਰਾਂਸ, ਘਾਨਾ, ਜਪਾਨ, ਮਾਲਟਾ, ਮੋਜ਼ਾਂਬਿਕ ਅਤੇ ਸਵਿੱਟਜ਼ਰਲੈਂਡ ਵੋਟਿੰਗ ਤੋਂ ਦੂਰ ਰਹੇ। ਪਿਛਲੇ ਇਕ ਹਫ਼ਤੇ ’ਚ ਇਹ ਚੌਥੀ ਵਾਰ ਹੈ ਜਦੋਂ ਸਲਾਮਤੀ ਪਰਿਸ਼ਦ ਇਜ਼ਰਾਈਲ ’ਤੇ 7 ਅਕਤੂਬਰ ਨੂੰ ਹਮਾਸ ਦੇ ਹਮਲੇ ਮਗਰੋਂ ਸ਼ੁਰੂ ਹੋਈ ਜੰਗ ’ਚ ਕੋਈ ਮਤਾ ਸਵੀਕਾਰ ਕਰਨ ਅਤੇ ਇਕਜੁੱਟ ਹੋ ਕੇ ਕਾਰਵਾਈ ਕਰਨ ’ਚ ਨਾਕਾਮ ਰਹੀ ਹੈ। ਸੰਯੁਕਤ ਰਾਸ਼ਟਰ ’ਚ ਇਜ਼ਰਾਈਲ ਦੇ ਸਥਾਈ ਨੁਮਾਇਦੇ ਗਿਲਾਡ ਅਰਡਨ ਨੇ ਕਿਹਾ ਕਿ ਅਮਰੀਕਾ ਦੇ ਮਤੇ ਖ਼ਿਲਾਫ਼ ਵੋਟ ਕਰਨ ਵਾਲੇ ਪਰਿਸ਼ਦ ਦੇ ਮੈਂਬਰਾਂ ਨੇ ਦੁਨੀਆ ਨੂੰ ਇਹ ਦਿਖਾ ਦਿੱਤਾ ਹੈ ਕਿ ਸਲਾਮਤੀ ਪਰਿਸ਼ਦ ਇਸਲਾਮਿਕ ਸਟੇਟ ਜਿਹੇ ਅਤਿਵਾਦੀਆਂ ਦੀ ਨਿੰਦਾ ਕਰਨ ਦਾ ਸਭ ਤੋਂ ਬੁਨਿਆਦੀ ਕੰਮ ਕਰਨ ਦੇ ਵੀ ਅਸਮਰੱਥ ਹੈ ਅਤੇ ਘਨਿਾਉਣੇ ਅਪਰਾਧਾਂ ਦੇ ਪੀੜਤਾਂ ਦੀ ਰੱਖਿਆ ਦੇ ਅਧਿਕਾਰ ਦੀ ਪੁਸ਼ਟੀ ਵੀ ਨਹੀਂ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਇਜ਼ਰਾਈਲ ’ਤੇ ਦੱਖਣ ਤੋਂ ਹਮਾਸ ਅਤੇ ਉੱਤਰ ’ਚ ਹਿਜ਼ਬੁੱਲਾ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। -ਪੀਟੀਆਈ
ਭਾਰਤ-ਮੱਧ ਪੂਰਬ-ਯੂਰੋਪ ਆਰਥਿਕ ਗਲਿਆਰਾ ਇਜ਼ਰਾਈਲ ’ਤੇ ਹਮਲੇ ਦਾ ਇਕ ਕਾਰਨ: ਬਾਇਡਨ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਉਨ੍ਹਾਂ ਦਾ ਇਹ ਮੰਨਣਾ ਹੈ ਕਿ ਨਵੀਂ ਦਿੱਲੀ ਵਿੱਚ ਹੋਏ ਹਾਲੀਆ ਜੀ-20 ਸਿਖਰ ਸੰਮੇਲਨ ਦੌਰਾਨ ਭਾਰਤ-ਮੱਧ ਪੂਰਬ-ਯੂਰੋਪ ਆਰਥਿਕ ਗਲਿਆਰੇ ਦਾ ਕੀਤਾ ਐਲਾਨ ਹਮਾਸ ਵੱਲੋਂ ਇਜ਼ਰਾਈਲ ’ਤੇ ਕੀਤੇ ਦਹਿਸ਼ਤੀ ਹਮਲੇ ਦਾ ਇਕ ਕਾਰਨ ਹੋ ਸਕਦਾ ਹੈ। ਬਾਇਡਨ ਨੇ ਅਮਰੀਕਾ ਦੀ ਫੇਰੀ ’ਤੇ ਆਏ ਆਸਟਰੇਲੀਅਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਉਪਰੋਕਤ ਮੁਲਾਂਕਣ ਉਨ੍ਹਾਂ ਦੀ ਆਪਣੀ ਸੂਝ-ਬੂਝ ’ਤੇ ਆਧਾਰਿਤ ਹੈ ਤੇ ਇਸ ਨੂੰ ਲੈ ਕੇ ਕੋਈ ਸਬੂਤ ਨਹੀਂ ਹੈ। ਇਸ ਹਫ਼ਤੇ ਦੌਰਾਨ ਇਹ ਦੂਜੀ ਵਾਰ ਹੈ ਜਦੋਂ ਬਾਇਡਨ ਨੇ ਭਾਰਤ-ਮੱਧ ਪੂਰਬ-ਯੂਰੋਪ ਆਰਥਿਕ ਗਲਿਆਰੇ (ਆਈਐੱਮਈਈਸੀ) ਦਾ ਹਮਾਸ ਵੱਲੋਂ ਕੀਤੇ ਦਹਿਸ਼ਤੀ ਹਮਲੇ ਦੇ ਸੰਭਾਵੀ ਕਾਰਨ ਵਜੋਂ ਜ਼ਿਕਰ ਕੀਤਾ ਹੈ। ਇਸ ਨਵੇਂ ਆਰਥਿਕ ਗਲਿਆਰੇ, ਜਿਸ ਨੂੰ ਕਈ ਮੁਲਕ ਚੀਨ ਦੇ ‘ਇਕ ਪੱਟੀ ਇਕ ਰੋਡ’ ਪਹਿਲਕਦਮੀ ਦੇ ਬਦਲ ਵਜੋਂ ਦੇਖਦੇ ਹਨ, ਦਾ ਅਮਰੀਕਾ, ਭਾਰਤ, ਸਾਊਦੀ ਅਰਬ, ਯੂਏਈ, ਫਰਾਂਸ, ਜਰਮਨੀ, ਇਟਲੀ ਤੇ ਯੂਰੋਪੀ ਸੰਘ ਵੱਲੋਂ ਸਤੰਬਰ ਵਿੱਚ ਹੋਈ ਜੀ-20 ਸਿਖਰ ਵਾਰਤਾ ਦੌਰਾਨ ਐਲਾਨ ਕੀਤਾ ਗਿਆ ਸੀ। ਉਧਰ ਚੀਨ ਦੇ ਵਿਦੇਸ਼ ਮੰਤਰੀ ਵੈਂਗ ਯੀ ਦੀ ਅੱਜ ਤੋਂ ਸ਼ੁਰੂ ਹੋ ਰਹੀ ਅਮਰੀਕਾ ਦੀ ਤਿੰਨ ਰੋਜ਼ਾ ਫੇਰੀ ਨਾਲ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿਚਲੀ ਤਲਖੀ ਖ਼ਤਮ ਹੋਣ ਦੇ ਆਸਾਰ ਬਣੇ ਹਨ। ਯੀ ਦੀ ਇਸ ਫੇਰੀ, ਜਿਸ ਦੀ ਲੰਮੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ, ਨਾਲ ਦੋਵੇਂ ਮੁਲਕ ਜਿੱਥੇ ਆਪਣੇ ਰਣਨੀਤਕ ਵੱਖਰੇਵਿਆਂ ਨੂੰ ਸੁਲਝਾਉਣ ਦਾ ਯਤਨ ਕਰਨਗੇ, ਉਥੇ ਇਸ ਨਾਲ ਅਮਰੀਕੀ ਸਦਰ ਜੋਅ ਬਾਇਡਨ ਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਸ਼ੀ ਜਨਿਪਿੰਗ ਵਿਚਾਲੇ ਸੰਭਾਵੀ ਸਿਖਰ ਵਾਰਤਾ ਦਾ ਰਾਹ ਪੱਧਰਾ ਹੋਣ ਦਾ ਵੀ ਅਨੁਮਾਨ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਤੇ ਬਾਇਡਨ ਦੇ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਾਨ ਚੀਨੀ ਵਿਦੇਸ਼ ਮੰਤਰੀ ਨੂੰ ਇਜ਼ਰਾਈਲ-ਹਮਾਸ ਅਤੇ ਰੂਸ-ਯੂਕਰੇਨ ਜੰਗ ਵਿੱਚ ਉਸਾਰੂ ਭੂਮਿਕਾ ਨਿਭਾਉਣ ਲਈ ਅਪੀਲ ਕਰ ਸਕਦੇ ਹਨ। -ਪੀਟੀਆਈ