ਵੈਟਰਨਰੀ ’ਵਰਸਿਟੀ ਦਾ ਯੁਵਕ ਮੇਲਾ 25 ਤੋਂ
ਖੇਤਰੀ ਪ੍ਰਤੀਨਿਧ
ਲੁਧਿਆਣਾ, 22 ਨਵੰਬਰ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦਾ ਯੁਵਕ ਮੇਲਾ 25 ਨਵੰਬਰ ਤੋਂ 5 ਦਸੰਬਰ ਤੱਕ ਦੋ ਪੜਾਵਾਂ ਵਿੱਚ ਕਰਵਾਇਆ ਜਾਵੇਗਾ। ਪਹਿਲਾ ਪੜਾਅ 25 ਨਵੰਬਰ ਤੋਂ 28 ਨਵੰਬਰ ਤੱਕ ਅਤੇ ਦੂਸਰਾ ਪੜਾਅ 3 ਦਸੰਬਰ ਤੋਂ 5 ਦਸੰਬਰ ਤਕ ਹੋਵੇਗਾ। ਇਹ ਜਾਣਕਾਰੀ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਪਰਕਾਸ਼ ਸਿੰਘ ਬਰਾੜ ਨੇ ਦਿੱਤੀ। ’ਵਰਸਿਟੀ ਦੇ ਉਪ ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਕਰਵਾਇਆ ਜਾ ਰਿਹਾ ਯੁਵਕ ਮੇਲਾ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਹੋਰ ਨਿਖਾਰਨ ਦਾ ਇਕ ਵਧੀਆ ਮੰਚ ਬਣਦਾ ਹੈ। ਮੇਲੇ ਦੇ ਪ੍ਰਬੰਧਕੀ ਸਕੱਤਰ ਡਾ. ਏ ਪੀ ਐਸ ਬਰਾੜ ਨੇ ਦੱਸਿਆ ਕਿ ਯੁਵਕ ਮੇਲੇ ਦੇ ਪਹਿਲੇ ਪੜਾਅ ਵਿੱਚ 25 ਨਵੰਬਰ ਨੂੰ ਫੋਟੋਗ੍ਰਾਫੀ, ਕਵਿਜ਼, ਕਾਰਟੂਨ ਬਨਾਉਣ ਅਤੇ ਪੋਸਟਰ ਬਨਾਉਣ, 26 ਨਵੰਬਰ ਨੂੰ ਮੌਕੇ ’ਤੇ ਚਿੱਤਰਕਾਰੀ, ਕੋਲਾਜ ਮੇਕਿੰਗ, ਭਾਸ਼ਣਕਾਰੀ ਅਤੇ ਕਾਵਿ-ਉਚਾਰਣ, 27 ਨਵੰਬਰ ਨੂੰ ਰੰਗੋਲੀ, ਕਲੇ ਮਾਡਲਿੰਗ ਅਤੇ ਇੰਸਟਾਲੇਸ਼ਨ, 28 ਨਵੰਬਰ ਨੂੰ ਰਚਨਾਤਮਕ ਲੇਖਣੀ, ਮੌਕੇ ’ਤੇ ਭਾਸ਼ਣਕਾਰੀ ਅਤੇ ਵਾਦ-ਵਿਵਾਦ ਮੁਕਾਬਲੇ ਹੋਣਗੇ। ਦੂਸਰੇ ਪੜਾਅ ਵਿਚ 3 ਦਸੰਬਰ ਨੂੰ ਉਦਘਾਟਨ ਸਮਾਰੋਹ, ਲੋਕ ਗੀਤ, ਰਚਨਤਾਮਕ ਨਾਚ, ਸ਼ਬਦ ਗਾਇਨ, ਸੁਗਮ ਸੰਗੀਤ ਅਤੇ ਸਮੂਹ ਗਾਨ (ਭਾਰਤੀ) ਹੋਣਗੇ। 4 ਦਸੰਬਰ ਨੂੰ ਮਾਈਮ, ਸਕਿਟ, ਮਿਮਕਰੀ ਅਤੇ ਇਕਾਂਗੀ ਨਾਟਕ ਜਦਕਿ ਆਖਰੀ ਦਿਨ 5 ਦਸੰਬਰ ਨੂੰ ਸਮੂਹ ਨਾਚ ਤੇ ਲੋਕ ਨਾਚ ਮੁਕਾਬਲੇ ਹੋਣਗੇ।