ਵੈਟਰਨਰੀ ’ਵਰਸਿਟੀ ਦੇ ਵਿਦਿਆਰਥੀ ਸਿਖਲਾਈ ਲਈ ਮਲੇਸ਼ੀਆ ਰਵਾਨਾ
ਖੇਤਰੀ ਪ੍ਰਤੀਨਿਧ
ਲੁਧਿਆਣਾ, 11 ਜੂਨ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਦੇ ਬੀਟੈੱਕ ਡੇਅਰੀ ਤਕਨਾਲੋਜੀ ਦੇ 15 ਵਿਦਿਆਰਥੀ ਅੰਤਰ-ਰਾਸ਼ਟਰੀ ਸਿਖਲਾਈ ਲਈ ਮਲੇਸ਼ੀਆ ਲਈ ਰਵਾਨਾ ਹੋ ਗਏ। ਉਹ ਮਲੇਸ਼ੀਆ ਦੀ ‘ਵਰਸਿਟੀ ਪੁਤਰਾ ਮਲੇਸ਼ੀਆ ਵਿੱਚ ‘ਪਸ਼ੂ ਆਧਾਰਿਤ ਭੋਜਨ ਸਬੰਧੀ ਗੁਣਵੱਤਾ ਅਤੇ ਸੁਰੱਖਿਆ ਜਾਂਚ ਸਬੰਧੀ ਨਵੀਨ ਉਪਰਾਲੇ’ ਵਿਸ਼ੇ ‘ਤੇ ਸਿਖਲਾਈ ਹਾਸਲ ਕਰਨਗੇ। ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ ਦੇ ਡੀਨ ਡਾ. ਰਾਮ ਸਰਨ ਸੇਠੀ ਨੇ ਦੱਸਿਆ ਕਿ ਚਾਰ ਹਫਤੇ ਦਾ ਇਹ ਸਿਖਲਾਈ ਪ੍ਰੋਗਰਾਮ ਵਿਸ਼ਵ ਬੈਂਕ ਵੱਲੋਂ ਵਿੱਤੀ ਸਹਾਇਤਾ ਪ੍ਰਾਪਤ ‘ਸੰਸਥਾ ਵਿਕਾਸ ਯੋਜਨਾ’ ਪ੍ਰੋਜੈਕਟ ਅਧੀਨ ਕਰਵਾਇਆ ਜਾ ਰਿਹਾ ਹੈ। ਇਸ ਸਿਖਲਾਈ ਦਾ ਉਦੇਸ਼ ਵਿਦਿਆਰਥੀਆਂ ਨੂੰ ਕੌਮਾਂਤਰੀ ਪੱਧਰ ‘ਤੇ ਅਪਣਾਈਆਂ ਜਾ ਰਹੀਆਂ ਤਕਨੀਕਾਂ ਬਾਰੇ ਜਾਣੂ ਕਰਵਾਉਣਾ ਹੈ। ਡਾ. ਸੇਠੀ ਨੇ ਕਿਹਾ ਕਿ ਵਿਦਿਆਰਥੀ ਨਿਰਦੇਸ਼ਕ ਹੱਲਾਲ ਪ੍ਰੋਡਕਟਸ ਖੋਜ ਸੰਸਥਾ ਡਾ. ਅਵੀਸ ਕੁਰਨੀ ਸਜ਼ੀਲੀ, ਦੀ ਨਿਗਰਾਨੀ ਹੇਠ ਸਿਖਲਾਈ ਪ੍ਰਾਪਤ ਕਰਨਗੇ। ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਮਾਹਿਰਾਂ ਨਾਲ ਮਿਲ ਕੇ ਨਵਾਂ ਸਿੱਖਣ ਅਤੇ ਵਿਚਾਰਾਂ ਕਰਕੇ ਆਪਣੀਆਂ ਜਗਿਆਸਾਵਾਂ ਦੇ ਵੀ ਜਵਾਬ ਹਾਸਲ ਕਰਨ।