ਵੈਟਰਨਰੀ ’ਵਰਸਿਟੀ: ਪਰਦੀਪ ਕੁਮਾਰ ਨੂੰ ਫੋਟੋਗ੍ਰਾਫੀ ਮੁਕਾਬਲੇ ’ਚ ਪਹਿਲਾ ਸਥਾਨ
ਖੇਤਰੀ ਪ੍ਰਤੀਨਿਧ
ਲੁਧਿਆਣਾ, 25 ਨਵੰਬਰ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦਾ 13ਵਾਂ ਯੁਵਕ ਮੇਲਾ ਗਿਆਨ ਦੇ ਪ੍ਰਦਰਸ਼ਨ ਅਤੇ ਕੋਮਲ ਕਲਾਵਾਂ ਦੇ ਮੁਕਾਬਲਿਆਂ ਨਾਲ ਸ਼ੁਰੂ ਹੋਇਆ। ਪਹਿਲੇ ਦਿਨ ਫੋਟੋਗ੍ਰਾਫੀ ਦਾ ਹੋਏ ਮੁਕਾਬਲੇ ਵਿੱਚ ਪਰਦੀਪ ਕੁਮਾਰ ਪਹਿਲੇ ਸਥਾਨ ’ਤੇ ਰਿਹਾ। ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਸਟੇਜੀ ਮੰਚ ਤੋਂ ਬਗੈਰ ਹੋਣ ਵਾਲੇ ਮੁਕਾਬਲਿਆਂ ਦਾ ਉਦਘਾਟਨ ਕੀਤਾ। ਕੰਪਟਰੋਲਰ ਡਾ. ਵੀ ਕੇ ਦੁਮਕਾ, ਨਿਰਦੇਸ਼ਕ, ਮਨੁੱਖੀ ਸਾਧਨ ਪ੍ਰਬੰਧਨ ਕੇਂਦਰ ਡਾ. ਲਛਮਣ ਦਾਸ ਸਿੰਗਲਾ ਅਤੇ ਕੰਟਰੋਲਰ ਪ੍ਰੀਖਿਆਵਾਂ ਡਾ. ਓਪਿੰਦਰ ਸਿੰਘ ਨੇ ਪਤਵੰਤੇ ਮਹਿਮਾਨ ਵਜੋਂ ਵੱਖ ਵੱਖ ਸੈਸ਼ਨਾਂ ਦੀ ਸ਼ੋਭਾ ਵਧਾਈ। ’ਵਰਸਿਟੀ ਦੇ ਉਪ ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਇਨ੍ਹਾਂ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਪਰਕਾਸ਼ ਸਿੰਘ ਬਰਾੜ ਨੇ ਕਿਹਾ ਕਿ ਯੁਵਕ ਮੇਲੇ ਆਤਮ ਪ੍ਰਗਟਾਵੇ ਲਈ ਇਹ ਬਹੁਤ ਵਧੀਆ ਮੰਚ ਹਨ। ਉਨ੍ਹਾਂ ਕਿਹਾ ਕਿ ਵਰਸਿਟੀ ਵਿਦਿਆਰਥੀਆਂ ਦੇ ਕਲਾਤਮਕ ਹੁਨਰ ਨੂੰ ਨਿਖਾਰਨ ਲਈ ਵਿਭਿੰਨ ਸਹੂਲਤਾਂ ਪ੍ਰਦਾਨ ਕਰਦੀ ਹੈ। ਯੁਵਕ ਮੇਲੇ ਦੇ ਪ੍ਰਬੰਧਕੀ ਸਕੱਤਰ ਡਾ. ਅਪਮਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਅੱਜ ਚਾਰ ਮੁਕਾਬਲੇ ਰੱਖੇ ਗਏ ਸਨ ਜਿਨ੍ਹਾਂ ਵਿੱਚ ਕਾਰਟੂਨ ਬਣਾਉਣ ਲਈ ‘ਵੱਡੇ ਮਹਿੰਗੇ ਵਿਆਹ’ ਵਿਸ਼ਾ ਰੱਖਿਆ ਗਿਆ। ਪੋਸਟਰ ਬਣਾਉਣ ਲਈ ‘ਸੋਸ਼ਲ ਮੀਡੀਆ ਦਾ ਦੌਰ’ ਜਦਕਿ ਫੋਟੋਗ੍ਰਾਫੀ ਲਈ ‘ਪੱਤਝੜ ਦੇ ਰੰਗ’ ਵਿਸ਼ੇ ਰੱਖੇ ਗਏ ਸਨ। ਮੇਲੇ ਦੌਰਾਨ ਵਿਦਿਆਰਥੀਆਂ ਨੇ ਵਿਭਿੰਨ ਵਿਸ਼ਿਆਂ ’ਤੇ ਕਲਾਮਈ ਅਤੇ ਪ੍ਰਭਾਵਸ਼ਾਲੀ ਮਾਹੌਲ ਸਿਰਜਿਆ। ਸਾਰੇ ਮੁਕਾਬਲਿਆਂ ਵਿੱਚ ਵੈਟਨਰੀ ਸਾਇੰਸ ਕਾਲਜ, ਲੁਧਿਆਣਾ, ਕਾਲਜ ਆਫ ਫ਼ਿਸ਼ਰੀਜ਼, ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਨੇ ਹਿੱਸਾ ਲਿਆ। ਪਹਿਲੇ ਦਿਨ ਹੋਏ ਮੁਕਾਬਲਿਆਂ ਦੇ ਮਿਲੇ ਨਤੀਜਿਆਂ ਅਨੁਸਾਰ ਫੋਟੋਗ੍ਰਾਫੀ ’ਚ ਵੈਟਰਨਰੀ ਸਾਇੰਸ ਕਾਲਜ ਦੇ ਪਰਦੀਪ ਕੁਮਾਰ ਨੇ ਪਹਿਲਾ, ਕਾਲਜ ਆਫ ਫਿਸ਼ਰੀਜ਼ ਦੇ ਮੁਹੰਮਦ ਅਰੀਸ਼ ਹਬੀਬ ਨੇ ਦੂਜਾ ਜਦਕਿ ਵੈਟਰਨਰੀ ਸਾਇੰਸ ਕਾਲਜ ਰਾਮਪੁਰਾ ਫੂਲ ਦੇ ਧਰੁਵ ਗਰਗ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕੁਇਜ਼ ਵਿੱਚ ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਨੇ ਪਹਿਲਾ, ਵੈਟਰਨਰੀ ਸਾਇੰਸ ਕਾਲਜ ਰਾਮਪੁਰਾ ਫੂਲ ਦੀ ਟੀਮ ਨੂੰ ਦੂਜਾ ਤੇ ਵੈਟਰਨਰੀ ਸਾਇੰਸ ਕਾਲਜ ਦੀ ਟੀਮ ਨੂੰ ਤੀਜਾ ਸਥਾਨ ਮਿਲਿਆ।