ਵੈਟਰਨਰੀ ਯੂਨੀਵਰਸਿਟੀ ਦੇ ਵਿਗਿਆਨੀਆਂ ਦਾ ਕੌਮੀ ਕਾਨਫਰੰਸ ਵਿੱਚ ਸਨਮਾਨ
ਖੇਤਰੀ ਪ੍ਰਤੀਨਿਧ
ਲੁਧਿਆਣਾ, 5 ਅਕਤੂਬਰ
ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸ਼ੂਧਨ ਉਤਪਾਦ ਤਕਨਾਲੋਜੀ ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ 12ਵੀਂ ਭਾਰਤੀ ਮੀਟ ਵਿਗਿਆਨ ਐਸੋਸੀਏਸ਼ਨ ਦੀ ਕਾਨਫਰੰਸ ਵਿੱਚ ਹਿੱਸਾ ਲਿਆ ਅਤੇ ਕਈ ਇਨਾਮ ਜਿੱਤੇ। ਇਹ ਕੌਮੀ ਗੋਸ਼ਠੀ ਪੰਡਤ ਦੀਨ ਦਯਾਲ ਉਪਾਧਿਆਇ ਵੈਟਰਨਰੀ ਯੂਨੀਵਰਸਿਟੀ, ਮਥੁਰਾ, ਉੱਤਰ ਪ੍ਰਦੇਸ਼ ਵਿੱਚ ਹੋਈ ਜਿਸ ਦਾ ਵਿਸ਼ਾ ‘ਹਰਿਆਵਲ ਤੇ ਟਿਕਾਊ ਮੀਟ ਖੇਤਰ: ਆਲਮੀ ਦ੍ਰਿਸ਼ ਪਰਿਵਰਤਨ’ ਸੀ। ਇਸ ਕਾਨਫਰੰਸ ’ਚ ਡਾ. ਨਿਤਿਨ ਮਹਿਤਾ ਤੇ ਡਾ. ਪਵਨ ਕੁਮਾਰ ਨੂੰ ਉੱਤਮ ਖੋਜ ਪੱਤਰ ਪੇਸ਼ਕਾਰੀ ਪੁਰਸਕਾਰ ਨਾਲ ਸਨਮਾਨਿਆ ਗਿਆ। ਡਾ. ਜੇਯਾਪ੍ਰਿਯਾ ਤੇ ਡਾ. ਸ਼ਿਲਵਿਯਾ ਭੱਟ, ਪੀਐਚ.ਡੀ ਖੋਜਾਰਥੀਆਂ ਨੇ ਕ੍ਰਮਵਾਰ ਉੱਤਮ ਪੇਪਰ ਤੇ ਉੱਤਮ ਪੋਸਟਰ ਦਾ ਸਨਮਾਨ ਪ੍ਰਾਪਤ ਕੀਤਾ। ਡਾ. ਅਭਿਨੰਦ, ਐਮ ਵੀ ਐਸ ਸੀ ਖੋਜਾਰਥੀ ਨੂੰ ਉਸ ਦੀ ਨਿਵੇਕਲੀ ਖੋਜ ਪ੍ਰਤੀ ਸਨਮਾਨ ਮਿਲਿਆ। ਖੋਜ ਪੇਸ਼ਕਾਰੀਆਂ ਵਿੱਚ ਡਾ. ਰਾਜੇਸ਼ ਵਾਘ ਨੇ ਵੀ ਯੋਗਦਾਨ ਪਾਇਆ। ਡਾ. ਨਿਤਿਨ ਮਹਿਤਾ ਨੇ ਇਕ ਮੁੱਖ ਪਰਚਾ ਵੀ ਪੇਸ਼ ਕੀਤਾ ਤੇ ਉਨ੍ਹਾਂ ਨੂੰ ਮੀਟ ਵਿਗਿਆਨ ਦੇ ਖੋਜ ਰਸਾਲੇ ਲਈ ਮੁੜ ਸਹਿਯੋਗੀ ਸੰਪਾਦਕ ਚੁਣਿਆ ਗਿਆ।