ਕੰਮ ਬੰਦ ਕਰਕੇ ਸਰਕਾਰ ਖ਼ਿਲਾਫ਼ ਨਿੱਤਰੇ ਵੈਟਰਨਰੀ ਅਫ਼ਸਰ
ਸਰਬਜੀਤ ਸਿੰਘ ਭੰਗੂ
ਪਟਿਆਲਾ, 9 ਅਕਤੂਬਰ
ਮੈਡੀਕਲ ਅਫਸਰਾਂ ਦੇ ਬਰਾਬਰ ਤਨਖਾਹ ਦੀ ਮੰਗ ਨੂੰ ਲੈ ਕੇ ਪੰਜਾਬ ਭਰ ਦੇ ਵੈਟਰਨਰੀ ਡਾਕਟਰਾਂ ਨੇ ‘ਜੁਆਇੰਟ ਐਕਸ਼ਨ ਕਮੇਟੀ ਫਾਰ ਪੇਅ ਪੇਰਿਟੀ’ ਦੇ ਸੱਦੇ ’ਤੇ ਅੱਜ ਰਾਜ ਵਿਆਪੀ ਐਕਸ਼ਨ ਤਹਿਤ ਪੰਜਾਬ ਭਰ ਵਿਚਲੇ ਸਮੂਹ ਪਸ਼ੂ ਹਸਪਤਾਲਾਂ ਵਿੱਚ ਸਾਰੇ ਇਲਾਜ, ਸਰਜਰੀਆਂ ਅਤੇ ਟੈਸਟਿੰਗ, ਖੂਨ ਅਤੇ ਹੋਰ ਨਮੂਨਿਆਂ ਦਾ ਕੰਮ ਬੰਦ ਰੱਖਿਆ। ਇਸ ਦੌਰਾਨ ਸਾਰੇ ਜ਼ਿਲ੍ਹਿਆਂ ਵਿਚਲੇ ਵੈਟਰਨਰੀ ਪੋਲੀਕਲੀਨਿਕਾਂ ਵਿੱਚ ਧਰਨੇ ਦੇ ਕੇ ਸਰਕਾਰ ਖ਼ਿਲਾਫ਼ ਮੁਜ਼ਾਹਰੇ ਕੀਤੇ ਗਏ। ਉਂਝ ਐਮਰਜੈਂਸੀ ਅਤੇ ਵੈਟਰੋ ਲੀਗਲ ਕੇਸ ਅਟੈਂਡ ਕੀਤੇ ਗਏ। ਇਨ੍ਹਾਂ ਧਰਨਿਆਂ ਦੌਰਾਨ ਵੈਟਰਨਰੀ ਅਫਸਰਾਂ, ਸੀਨੀਅਰ ਵੈਟਰਨਰੀ ਅਫਸਰ ਤੇ ਸਹਾਇਕ ਡਾਇਰੈਕਟਰ ਡਿਪਟੀ ਡਾਇਰੈਕਟਰ ਸਣੇ ਸੇਵਾਮੁਕਤ ਪਸ਼ੂ ਪਾਲਣ ਅਫਸਰ ਵੀ ਸ਼ਾਮਲ ਹੋਏ। ਗੁਰਪ੍ਰੀਤ ਸਿੰਘ ਪਟਿਆਲਾ ਨੇ ਦੱਸਿਆ ਕਿ ਇਸ ਇੱਕ ਨੁਕਾਤੀ ਮੰਗ ’ਤੇ ਚਰਚਾ ਲਈ ਜਥੇਬੰਦੀ ਨਾਲ ਵਿੱਤ ਮੰਤਰੀ ਦੀ 17 ਸਤੰਬਰ ਲਈ ਮੁਕੱਰਰ ਹੋਈ ਮੀਟਿੰਗ ਐਨ ਮੌਕੇ ’ਤੇ 27 ਸਤੰਬਰ ’ਤੇ ਪਾ ਪਾਉਂਦਿਆਂ ਆਖਿਆ ਗਿਆ ਕਿ ਹੁਣ ਮੰਤਰੀਆਂ ਦੀ ਸਬ ਕਮੇਟੀ ਨਾਲ ਮੀਟਿੰਗ ਹੋਵੇਗੀ। ਫੇਰ ਮੀਟਿੰਗ 22 ਅਕਤੂਬਰ ਤੱਕ ਟਾਲ ਦਿੱਤੀ ਗਈ। ਇਸ ਕਰਕੇ ਵੈਟਰਨਰੀ ਡਾਕਟਰਾਂ ’ਚ ਸਰਕਾਰ ਪ੍ਰਤੀ ਰੋਹ ਹੈ। ਕਨਵੀਨਰ ਡਾ. ਗੁਰਚਰਨ ਸਿੰਘ, ਕੋ-ਕਨਵੀਨਰ ਡਾ. ਪੁਨੀਤ ਮਲਹੋਤਰਾ, ਡਾ. ਅਬਦੁਲ ਮਜੀਦ, ਡਾ. ਗੁਰਦੀਪ ਸਿੰਘ ਅਤੇ ਡਾ. ਹਰਮਨਦੀਪ ਸਿੰਘ ਨੇ ਕਿਹਾ ਕਿ ਸਰਕਾਰ ਦੀ ਨਜ਼ਰਅੰਦਾਜ਼ੀ ਕਾਰਨ ਉਨ੍ਹਾਂ ਨੂੰ ਸੜਕਾਂ ’ਤੇ ਉਤਰਨ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਮੰਗ ਕੀਤੀ ਕਿ ਵੈਟਰਨਰੀ ਡਾਕਟਰਾਂ ਨਾਲ ਉਨ੍ਹਾਂ ਦੀ ਚਾਰ ਦਹਾਕਿਆਂ ਤੋਂ ਪੁਰਾਣੀ ਸਮਾਨਤਾ ਨੂੰ ਤੁਰੰਤ ਬਹਾਲ ਕੀਤਾ ਜਾਵੇ।