ਵੈਟਰਨਰੀ ਅਫ਼ਸਰਾਂ ਨੇ ਪੰਜਾਬ ਭਰ ਵਿੱਚ ਓਪੀਡੀ ਠੱਪ ਕੀਤੀ
ਸਰਬਜੀਤ ਸਿੰਘ ਭੰਗੂ
ਪਟਿਆਲਾ, 9 ਅਕਤੂਬਰ
ਵੈਟਰਨਰੀ ਡਾਕਟਰਾਂ ਵੱਲੋਂ ਮੈਡੀਕਲ ਅਫਸਰਾਂ ਦੀ ਤਨਖ਼ਾਹ ਬਰਾਬਰੀ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਦੇ ਅਵੇਸਲੇ ਰਵੱਈਏ ਤੋਂ ਦੁਖੀ ਵੈਟਰਨਰੀ ਡਾਕਟਰਾਂ ਨੇ ‘ਜੁਆਇੰਟ ਐਕਸ਼ਨ ਕਮੇਟੀ ਫਾਰ ਪੇਅ ਪੇਰਿਟੀ’ ਦੀ ਅਗਵਾਈ ਹੇਠ ਸੂਬੇ ਭਰ ਦੇ ਸਾਰੇ ਜ਼ਿਲ੍ਹਿਆਂ ਦੇ ਵੈਟਰਨਰੀ ਪੋਲੀਕਲੀਨਿਕਾਂ ਵਿੱਚ ਧਰਨੇ ਦਿੱਤੇ। ਇਸ ਦੌਰਾਨ ਪਸ਼ੂ ਹਸਪਤਾਲਾਂ ਵਿਚ ਸਾਰੇ ਇਲਾਜ, ਸਰਜਰੀਆਂ ਅਤੇ ਟੈਸਟਿੰਗ/ਖੂਨ ਅਤੇ ਹੋਰ ਨਮੂਨਿਆਂ ਦਾ ਕੰਮ ਦਿਨ ਲਈ ਮੁਅੱਤਲ ਕਰ ਦਿੱਤਾ ਗਿਆ ਸੀ।ਹਾਲਾਂਕਿ, ਐਮਰਜੈਂਸੀ ਅਤੇ ਵੈਟਰੋ- ਲੀਗਲ ਕੇਸ ਅਟੈਂਡ ਕੀਤੇ ਗਏ। ਜਿਲ੍ਹੇ ਦੇ ਸਮੂਹ ਵੈਟਰਨਰੀ ਅਫਸਰ, ਸੀਨੀਅਰ ਵੈਟਰਨਰੀ ਅਫਸਰ, ਸਹਾਇਕ ਡਾਇਰੈਕਟਰ, ਡਿਪਟੀ ਡਾਇਰੈਕਟਰ ਅਤੇ ਸੇਵਾਮੁਕਤ ਪਸ਼ੂ ਪਾਲਣ ਅਫਸਰ ਇਸ ‘ਇਕ ਰੋਜ਼ਾ ਮੁਜ਼ਾਹਰਿਆਂ’ ਵਿੱਚ ਸ਼ਾਮਲ ਹੋਏ।
ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਸਰਕਾਰ ਵੱਲੋਂ ਕੋਝੀਆਂ ਚਾਲਾਂ ਚੱਲਣ ਦੀ ਸਖ਼ਤ ਨਿਖੇਧੀ ਕੀਤੀ, ਉਨ੍ਹਾਂ ਮੰਗ ਕੀਤੀ ਕਿ ਡਾਕਟਰਾਂ ਨਾਲ ਉਨ੍ਹਾਂ ਦੀ ਚਾਰ ਦਹਾਕਿਆਂ ਤੋਂ ਪੁਰਾਣੀ ਸਮਾਨਤਾ ਨੂੰ ਤੁਰੰਤ ਬਹਾਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਹਿਲਾਂ ਵਿੱਤ ਮੰਤਰੀ ਨਾਲ ਜਥੇਬੰਦੀ ਦੀ ਮੀਟਿੰਗ 17 ਸਤੰਬਰ ਨੂੰ ਤੈਅ ਕੀਤੀ ਸੀ ਪਰ ਐਨ ਮੌਕੇ ’ਤੇ ਅੱਗੇ ਪਾ ਦਿੱਤੀ ਗਈ, ਫਿਰ 27 ਸਤੰਬਰ ਨੂੰ ਮੰਤਰੀਆਂ ਦੀ ਸਬ ਕਮੇਟੀ ਨਾਲ ਮੀਟਿੰਗ ਤੈਅ ਕੀਤੀ ਗਈ, ਜਿਸ ਨੂੰ ਮੁੜ 22 ਅਕਤੂਬਰ ਤੱਕ ਮੁਲਤਵੀ ਕਰ ਦਿੱਤਾ ਗਿਆ।
ਕਨਵੀਨਰ ਜੇਏਸੀ, ਡਾ. ਗੁਰਚਰਨ ਸਿੰਘ ਅਤੇ ਕੋ-ਕਨਵੀਨਰ ਡਾ. ਪੁਨੀਤ ਮਲਹੋਤਰਾ, ਡਾ. ਅਬਦੁਲ ਮਜੀਦ, ਡਾ. ਗੁਰਦੀਪ ਸਿੰਘ ਅਤੇ ਡਾ. ਹਰਮਨਦੀਪ ਸਿੰਘ ਨੇ ਮੀਟਿੰਗਾਂ ਨੂੰ ਮੁਲਤਵੀ ਕਰਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਪੰਜਾਬ ਦੇ ਵੈਟਰਨਰੀ ਅਫ਼ਸਰਾਂ ਦੀਆਂ ਹੱਕੀ ਮੰਗਾਂ ਨੂੰ ਨਜ਼ਰਅੰਦਾਜ਼ ਕਰਨਾ ਬਹੁਤ ਹੀ ਮੰਦਭਾਗਾ ਹੈ।
ਇਸ ਮੌਕੇ ਕਮੇਟੀ ਦੇ ਕੋ- ਕਨਵੀਨਰ ਡਾ. ਗੁਰਦੀਪ ਸਿੰਘ ਅਤੇ ਮੈਂਬਰ ਡਾ. ਰਵੀ ਸਿੰਗਲਾ ਸਮੇਤ ਡਾ. ਕਨਵਰਅਨੂਪ ਕਲੇਰ, ਡਾ. ਵਿਜੇ, ਡਾ. ਦੀਪਇੰਦਰ ਸਿੰਘ, ਡਾ. ਗੁਰਜੀਤ ਸਿੰਘ, ਡਾ. ਸੋਨਿੰਦਰ ਕੌਰ, ਡਾ ਪ੍ਰਦੀਪ ਨਾਰੰਗ, ਡਾ. ਰਮਨ ਕੁਮਾਰ, ਡਾ. ਵਿਨੀਤ ਮਲਹੋਤਰਾ, ਡਾ. ਗੁਰਜਾਪ ਸਿੰਘ, ਡਾ. ਗਗਨਦੀਪ ਸਿੰਘ, ਡਾ. ਹਸਨ ਸੋਹੀ, ਡਾ. ਸਲਿਕ ਅਜ਼ੀਜ਼, ਡਾ. ਜਤਿੰਦਰ ਸਿੰਘ, ਡਾ. ਦਵਿੰਦਰ ਸਿੰਘ, ਡਾ. ਪਰਵੀਨ ਕੁਮਾਰ, ਡਾ. ਤੁਸ਼ਾਰ ਗੋਇਲ, ਡਾ. ਆਸ਼ੂ ਅਰੋੜਾ, ਡਾ. ਜਗਪ੍ਰੀਤ ਸਿੰਘ, ਡਾ. ਅਭਿਲਾਸ਼, ਡਾ. ਅਮਨ ਰਾਜਨ, ਡਾ. ਸੰਜੇ, ਡਾ. ਸੋਨਿਕਾ, ਡਾ. ਗੁਰਪ੍ਰੀਤ ਸਿੰਘ, ਡਾ. ਯੁਵੀਸ਼ ਗਰਗ, ਡਾ. ਅਭਿਲਾਸ਼ਾ, ਡਾ. ਨਵਪ੍ਰੀਤ, ਡਾ. ਸਿਮਰਤ, ਡਾ. ਅਮਨ ਭਗਤ ਵੀ ਹਾਜਰ ਸਨ।