ਵੈਟਰਨਰੀ ਅਫ਼ਸਰਾਂ ਨੇ ਸਰਕਾਰ ’ਤੇ ਵਿਤਕਰੇ ਦਾ ਦੋਸ਼ ਲਾਇਆ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 22 ਜਨਵਰੀ
ਪੰਜਾਬ ਸਰਕਾਰ ਵੱਲੋਂ ਮੈਡੀਕਲ ਅਫਸਰਾਂ ਲਈ ਲਾਗੂ ਕੀਤੀ ਸੋਧੀ ਹੋਈ ਏਸੀਪੀ ਸਕੀਮ ਬਾਰੇ ਗੱਲ ਕਰਦਿਆਂ ਪੰਜਾਬ ਸਟੇਟ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਪੁਨੀਤ ਮਲਹੋਤਰਾ ਨੇ ਕਿਹਾ ਕਿ ਸਰਕਾਰ ਵੱਲੋਂ ਜਾਰੀ ਕੀਤੇ ਪੱਤਰ ਵਿੱਚ ਮੈਡੀਕਲ ਅਫਸਰਾਂ ਨੂੰ ਹੀ 5, 10, 15 ਸਾਲਾ ਏਸੀਪੀ ਪ੍ਰਵਾਨ ਕੀਤੀ ਗਈ ਹੈ ਜਦਕਿ ਵੈਟਰਨਰੀ ਅਫਸਰਾਂ ਨੂੰ ਵਾਂਝੇ ਰੱਖਿਆ ਗਿਆ ਹੈ ਜੋ ਕਿ ਵੈਟਰਨਰੀ ਅਫ਼ਸਰਾਂ ਨਾਲ ਸਰਾਸਰ ਬੇਇਨਸਾਫ਼ੀ ਹੈ। ਵੈਟਰਨਰੀ ਡਾਕਟਰਾਂ ਦੀ ਮੈਡੀਕਲ ਡਾਕਟਰਾਂ ਨਾਲ ਤਨਖਾਹ ਸਮਾਨਤਾ ਪਿਛਲੇ 4 ਦਹਾਕਿਆਂ ਤੋਂ ਚੱਲੀ ਆ ਰਹੀ ਹੈ ਜਿਸ ਨੂੰ ਹੁਣ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵਿੱਚ ਕੰਮ ਕਰਦੇ ਸਮੂਹ ਵੈਟਰਨਰੀ ਅਫ਼ਸਰਾਂ ਵੱਲੋਂ ਬੀਤੀ 1 ਸਤੰਬਰ ਤੋਂ ਜੁਆਇੰਟ ਐਕਸ਼ਨ ਕਮੇਟੀ ਦੇ ਬੈਨਰ ਹੇਠ ਮੈਡੀਕਲ ਅਫ਼ਸਰਾਂ ਨਾਲ ਪੂਰੀ ਤਨਖਾਹ ਸਮਾਨਤਾ ਅਤੇ 4, 9, 14 ਦੀ ਬਹਾਲੀ ਆਦਿ ਮੰਗਾਂ ਨੂੰ ਲੈ ਕੇ ਸੰਘਰਸ਼ ਵਿੱਢਿਆ ਗਿਆ ਸੀ, ਜਿਸ ਨੂੰ ਵਿੱਤ ਮੰਤਰੀ ਅਤੇ ਪਸ਼ੂ ਪਾਲਣ ਮੰਤਰੀ ਦੇ ਭਰੋਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੂਰਾ ਭਰੋਸਾ ਸੀ ਕਿ ਸਰਕਾਰ ਵੱਲੋਂ ਵੈਟਰਨਰੀ ਅਫ਼ਸਰਾਂ ਲਈ ਵੀ ਸਮਾਨ ਤਨਖਾਹ ਸਕੇਲ ਅਤੇ ਏਸੀਪੀ ਸਕੀਮ ਦਾ ਪੱਤਰ ਮੈਡੀਕਲ ਅਫ਼ਸਰਾਂ ਦੇ ਨਾਲ ਹੀ ਜਾਰੀ ਕਰੇਗੀ ਪਰ ਅਜਿਹਾ ਨਾ ਹੋਣ ਕਾਰਨ ਸਮੂਹ ਕੇਡਰ ਵਿੱਚ ਭਾਰੀ ਰੋਸ ਹੈ। ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਵੈਟਰਨਰੀ ਅਫ਼ਸਰਾਂ ਦੀਆਂ ਮੰਗਾਂ ਸਬੰਧੀ ਨੋਟੀਫਿਕੇਸ਼ਨ ਜਲਦ ਤੋਂ ਜਲਦ ਜਾਰੀ ਕੀਤਾ ਜਾਵੇ।