ਡਾਇਰੈਕਟਰ ਪਸ਼ੂ ਪਾਲਣ ਦੇ ਵਤੀਰੇ ਤੋਂ ਔਖੇ ਵੈਟਰਨਰੀ ਇੰਸਪੈਕਟਰਾਂ ਨੇ ਮੰਤਰੀ ਦੀ ਦਖ਼ਲ ਮੰਗੀ
ਨਿੱਜੀ ਪੱਤਰ ਪ੍ਰੇਰਕ
ਮਲੋਟ 19 ਮਈ
ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਦੇ ਵਤੀਰੇ ਤੋਂ ਖਫਾ ਵੈਟਰਨਰੀ ਇੰਸਪੈਕਟਰਾਂ ਨੇ ਅੰਦੋਲਨ ਸ਼ੁਰੂ ਦਾ ਐਲਾਨ ਕੀਤਾ ਹੈ। ਇਹ ਫੈਸਲਾ ਸੂਬਾ ਪ੍ਰਧਾਨ ਗੁਰਦੀਪ ਸਿੰਘ ਬਾਸੀ ਦੀ ਪ੍ਰਧਾਨਗੀ ਹੇਠ ਮੋਗਾ ਵਿਚ ਹੋਈ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਦੌਰਾਨ ਲਿਆ ਗਿਆ। ਇਸ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਐਸੋਸ਼ੀਏਸ਼ਨ ਦੀ ਕੋਆਰਡੀਨੇਸ਼ਨ ਸਬ-ਕਮੇਟੀ ਦੇ ਮੈਬਰ ਸੰਦੀਪ ਸਿੰਘ ਸਰਾਂ ਅਤੇ ਗੁਰਮੀਤ ਸਿੰਘ ਮਹਿਤਾ ਨੇ ਕਿਹਾ ਕਿ ਜਥੇਬੰਦੀ ਪਿਛਲੇ ਦੋ ਸਾਲਾਂ ਤੋ ਕੇਡਰ ਦੀਆਂ ਲਟਕ ਰਹੀਆਂ ਮੰਗਾਂ ਲਈ ਡਾਇਰੈਕਟਰ ਪਸ਼ੂ ਪਾਲਣ ਨੂੰ ਮਿਲ ਰਹੀ ਹੈ ਪਰੰਤੂ ਅਧਿਕਾਰੀ ਵੱਲੋਂ ਲਗਾਤਾਰ ਅਣਦੇਖੀ ਵਾਲਾ ਵਤੀਰਾ ਅਪਣਾਇਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਡਾਇਰੈਕਟਰ ਪਸ਼ੂ ਪਾਲਣ ਕਰੀਬ ਦੋ ਸਾਲ ਪਹਿਲਾਂ ਤਹਿਸੀਲ ਪੱਧਰ ਤੇ ਨਿਯੁਕਤ ਕੀਤੇ ਸੀਨੀਅਰ ਵੈਟਰਨਰੀ ਇੰਸਪੈਕਟਰਾਂ ਨੂੰ ਸਰਕਾਰੀ ਰਿਕਾਰਡ ਵਿਚ ਵੀ ਮਾਨਤਾ ਦੇਣ ਲਈ ਤਿਆਰ ਨਹੀਂ, ਜਿਸ ਕਾਰਨ ਡਾਇਰੈਕਟਰ ਪਸ਼ੂ ਪਾਲਣ ਦੇ ਕੇਡਰ ਵਿਰੋਧੀ ਵਤੀਰੇ ਕਾਰਨ ਲਗਾਤਾਰ ਦੂਜੇ ਸਾਲ ਗਲਤ-ਨਾਮ ਹੇਠ ਸਲਾਨਾ ਗੁਪਤ ਰਿਪੋਰਟਾਂ ਲਿਖਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਪਤ ਰਿਪੋਰਟਾਂ ਦਾ ਅਧਿਕਾਰੀ ਵੀ ਤਹਿਸੀਲ ਪੱਧਰੀ ਅਧਿਕਾਰੀ ਦੀ ਬਜਾਏ ਫੀਲਡ ਕਰਮਚਾਰੀ ਵੈਟਰਨਰੀ ਇੰਸਪੈਕਟਰ ਨਿਯੁਕਤ ਕਰਨ ਅਤੇ ਪੇਅ ਤਰੁੱਟੀਆਂ ਦੂਰ ਕਰਨ ਬਾਰੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਜਿਸ ਦੇ ਰੋਸ ਵਜੋਂ ਵੈਟਰਨਰੀ ਇੰਸਪੈਕਟਰਾਂ ਨੂੰ ਸੰਘਰਸ਼ ਦੇ ਰਾਹ ਪੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਮੈਂਬਰਾਂ ਨੇ ਦੱਸਿਆ ਕਿ ਪਹਿਲੇ ਕਦਮ ਵਜੋਂ 20 ਮਈ ਨੂੰ ਪੰਜਾਬ ਭਰ ਵਿਚ ਡਿਪਟੀ ਡਾਇਰੈਕਟਰ ਦਫਤਰਾਂ ਅੱਗੇ ਰੋਸ ਧਰਨੇ ਦਿੱਤੇ ਜਾਣਗੇ, ਜੇ ਇਸ ਸਬੰਧੀ ਫਿਰ ਵੀ ਕਾਰਵਾਈ ਨਾ ਕੀਤੀ ਗਈ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਇਸ ਸਬੰਧੀ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੋ ਨਿੱਜੀ ਦਖ਼ਲ ਦੀ ਮੰਗ ਵੀ ਕੀਤੀ ਹੈ। ਇਸ ਮੌਕੇ ਕੁਲਬਰਿੰਦਰ ਸਿੰਘ ਕੈਰੋ, ਸੁਖਜਿੰਦਰ ਸਿੰਘ ਫਰੀਦਕੋਟ, ਰਾਜਿੰਦਰ ਕੁਮਾਰ, ਦੀਪਕ ਕੁਮਾਰ ਚੁੱਘੇ, ਮੁਖਤਿਆਰ ਸਿੰਘ ਕੈਲੇ, ਚੰਦਨਦੀਪ ਸਿੰਘ, ਵਿਜੇ ਕੰਬੋਜ ਆਦਿ ਵੀ ਹਾਜ਼ਰ ਸਨ।