For the best experience, open
https://m.punjabitribuneonline.com
on your mobile browser.
Advertisement

ਵੈਟਰਨਰੀ ਡਾਕਟਰਾਂ ਨੇ ਪੋਲੀ-ਕਲੀਨਿਕਾਂ ਦੀਆਂ ਓਪੀਡੀ ਬੰਦ ਰੱਖੀਆਂ

06:21 AM Oct 08, 2024 IST
ਵੈਟਰਨਰੀ ਡਾਕਟਰਾਂ ਨੇ ਪੋਲੀ ਕਲੀਨਿਕਾਂ ਦੀਆਂ ਓਪੀਡੀ ਬੰਦ ਰੱਖੀਆਂ
ਪਸ਼ੂ ਹਸਪਤਾਲ ਬਲੌਂਗੀ ਅੱਗੇ ਨਾਅਰੇਬਾਜ਼ੀ ਕਰਦੇ ਹੋਏ ਵੈਟਰਨਰੀ ਡਾਕਟਰ।
Advertisement

ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 7 ਅਕਤੂਬਰ
ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਡਾਕਟਰਾਂ ਨੇ ਮੈਡੀਕਲ ਅਫ਼ਸਰਾਂ ਦੀ ਤਨਖ਼ਾਹ ਬਰਾਬਰੀ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਅੱਜ ਮੁਹਾਲੀ ਸਮੇਤ ਪੰਜਾਬ ਭਰ ਵਿੱਚ ਪਸ਼ੂ ਹਸਪਤਾਲਾਂ ਵਿੱਚ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਸਰਕਾਰ ਵਿਰੁੱਧ ਰੋਸ ਮੁਜ਼ਾਹਰੇ ਕੀਤੇ ਗਏ। ਪੰਜਾਬ ਦੀ ‘ਆਪ’ ਸਰਕਾਰ ਦੇ ਅਵੇਸਲੇਪਣ ਤੋਂ ਦੁਖੀ ਵੈਟਰਨਰੀ ਡਾਕਟਰਾਂ ਨੇ ‘ਜੁਆਇੰਟ ਐਕਸ਼ਨ ਕਮੇਟੀ ਫਾਰ ਪੇਅ ਪੇਰਿਟੀ’ ਦੀ ਅਗਵਾਈ ਹੇਠ ਸਾਰੇ ਜ਼ਿਲ੍ਹਿਆਂ ਵਿੱਚ ਵੈਟਰਨਰੀ ਪੋਲੀ-ਕਲੀਨਿਕਾਂ ਦੇ ਬਾਹਰ ਧਰਨੇ ਦਿੱਤੇ। ਮੁਹਾਲੀ ਵਿੱਚ ਪਸ਼ੂ ਹਸਪਤਾਲ ਬਲੌਂਗੀ ਦੇ ਬਾਹਰ ਸੂਬਾ ਪੱਧਰੀ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਪਸ਼ੂ ਹਸਪਤਾਲਾਂ ਵਿੱਚ ਪਸ਼ੂਆਂ ਅਤੇ ਜਾਨਵਰਾਂ ਦਾ ਇਲਾਜ, ਸਰਜਰੀਆਂ ਅਤੇ ਟੈਸਟਿੰਗ/ਖੂਨ ਅਤੇ ਹੋਰ ਨਮੂਨਿਆਂ ਆਦਿ ਕੋਈ ਕੰਮ ਨਹੀਂ ਕੀਤਾ ਗਿਆ। ਉਂਜ ਐਮਰਜੈਂਸੀ ਅਤੇ ਵੈਟਰੋ- ਲੀਗਲ ਕੇਸ ਜ਼ਰੂਰ ਅਟੈਂਡ ਕੀਤੇ ਗਏ। ਸਮੂਹ ਵੈਟਰਨਰੀ ਅਫ਼ਸਰਾਂ ਅਤੇ ਸੇਵਾਮੁਕਤ ਅਫ਼ਸਰਾਂ ਨੇ ਵੀ ਵੱਖ-ਵੱਖ ਥਾਵਾਂ ’ਤੇ ਰੋਸ ਮੁਜ਼ਾਹਰਿਆਂ ਵਿੱਚ ਸ਼ਮੂਲੀਅਤ ਕੀਤੀ।
ਜਥੇਬੰਦੀ ਦੇ ਸੂਬਾ ਕਨਵੀਨਰ ਡਾ. ਅਬਦੁਲ ਮਜ਼ੀਦ, ਮੀਡੀਆ ਕੋਆਰਡੀਨੇਟਰ ਡਾ. ਗੁਰਿੰਦਰ ਸਿੰਘ ਵਾਲੀਆ ਅਤੇ ਜ਼ਿਲ੍ਹਾ ਆਗੂ ਡਾ. ਨਿਤਿਨ ਗੌਤਮ ਨੇ ਪੰਜਾਬ ਸਰਕਾਰ ਦੀ ਢਿੱਲ-ਮੱਠ ਅਤੇ ਕੋਝੀਆਂ ਚਾਲਾਂ ਚੱਲਣ ਦੀ ਸਖ਼ਤ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਡਾਕਟਰਾਂ ਨਾਲ ਉਨ੍ਹਾਂ ਦੀ ਚਾਰ ਦਹਾਕਿਆਂ ਤੋਂ ਪੁਰਾਣੀ ਸਮਾਨਤਾ ਨੂੰ ਤੁਰੰਤ ਬਹਾਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਵਾਰ-ਵਾਰ ਸਮਾਂ ਦੇ ਕੇ ਮੀਟਿੰਗਾਂ ਕਰਨ ਤੋਂ ਭੱਜ ਰਹੀ ਹੈ। ਸਰਕਾਰ ਨੇ ਪਹਿਲਾਂ ਵਿੱਤ ਮੰਤਰੀ ਨਾਲ 17 ਸਤੰਬਰ ਨੂੰ ਮੀਟਿੰਗ ਰੱਖੀ ਸੀ ਪਰ ਐਨ ਮੌਕੇ ਅੱਗੇ ਪਾ ਦਿੱਤੀ, ਫਿਰ 27 ਸਤੰਬਰ ਨੂੰ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਤੈਅ ਕੀਤੀ ਗਈ, ਪਰ ਇਹ ਵੀ 22 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਗਈ।

Advertisement

Advertisement
Advertisement
Author Image

Advertisement