ਵੈਟਰਨਰੀ ਅਤੇ ਖੇਤੀ ’ਵਰਸਿਟੀ ਨੇ ਕਰਵਾਇਆ ਜੀ-20 ਯੂਨੀਵਰਸਿਟੀ ਕਨੈਕਟ ਪ੍ਰੋਗਰਾਮ
ਖੇਤਰੀ ਪ੍ਰਤੀਨਿਧ
ਲੁਧਿਆਣਾ, 23 ਅਗਸਤ
ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਅਤੇ ਪੀਏਯੂ ਵੱਲੋਂ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ’ਤੇ ਵਿਕਾਸਸ਼ੀਲ ਮੁਲਕਾਂ ਦਾ ਖੋਜ ਤੇ ਸੂਚਨਾ ਢਾਂਚਾ ਵਿਭਾਗ ਦੇ ਸਹਿਯੋਗ ਨਾਲ ਜੀ-20 ਸਿਖਰ ਵਾਰਤਾ ਦੇ ਸੰਦਰਭ ਵਿਚ ਕਰਵਾਇਆ ਜਾ ਰਿਹਾ ਜੀ-20 ਯੂਨੀਵਰਸਿਟੀ ਕਨੈਕਟ ਪ੍ਰੋਗਰਾਮ ਅੱਜ ਸੰਪੂਰਨ ਹੋ ਗਿਆ। ਸਮਾਰੋਹ ਵਿਚ ‘ਬਦਲਦੇ ਜਲਵਾਯੂ ਅਧੀਨ ਖੇਤੀਬਾੜੀ, ਭੋਜਨ ਢਾਂਚਾ ਤੇ ਇਕ ਸਿਹਤ’ ਵਿਸ਼ੇ ਤਹਿਤ ਵਿਚਾਰ ਵਟਾਂਦਰਾ ਕਰਨ ਲਈ ਨੀਤੀ ਘਾੜਿਆਂ, ਸਿੱਖਿਆ ਸ਼ਾਸਤਰੀਆਂ, ਪ੍ਰਬੁੱਧ ਵਿਦਵਾਨਾਂ, ਪ੍ਰਸ਼ਾਸਕੀ ਸ਼ਖ਼ਸੀਅਤਾਂ ਅਤੇ ਹੋਰ ਭਾਈਵਾਲ ਧਿਰਾਂ ਨੂੰ ਸੱਦਿਆ ਗਿਆ ਸੀ। ਪ੍ਰੋਗਰਾਮ ਦੇ ਕਨਵੀਨਰ ਡਾ. ਸੰਜੀਵ ਕੁਮਾਰ ਉੱਪਲ ਨੇ ਸਾਰਿਆਂ ਦਾ ਸਵਾਗਤ ਕੀਤਾ। ਪੀਏਯੂ ਦੇ ਉਪ ਕੁਲਪਤੀ ਡਾ. ਸਤਬਿੀਰ ਸਿੰਘ ਗੋਸਲ ਨੇ ਜੀ-20 ਬਾਰੇ ਖੇਤੀ ਖੇਤਰ ਦੇ ਨਜ਼ਰੀਏ ਤੋਂ ਗੱਲ ਕਰਦਿਆਂ ਖੇਤੀਬਾੜੀ ਅਤੇ ਪਸ਼ੂਧਨ ਖੇਤਰਾਂ ਸਮੇਤ ਵਿਭਿੰਨ ਖੇਤਰਾਂ ’ਤੇ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਬਾਰੇ ਜ਼ਿਕਰ ਕੀਤਾ।
ਵੈਟਰਨਰੀ ’ਵਰਸਿਟੀ ਦੇ ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਭੋਜਨ ਪੌਸ਼ਟਿਕਤਾ ਦੇ ਖੇਤਰ ਵਿਚ ਪਸ਼ੂਧਨ ਖੇਤਰ ਦੀ ਸਮਰੱਥ ਭੂਮਿਕਾ ਬਾਰੇ ਚਾਨਣਾ ਪਾਇਆ ਅਤੇ ਬਿਹਤਰ ਜੀਵਿਕਾ ਲਈ ਕਿਸਾਨਾਂ ਦੀ ਆਮਦਨ ਵਧਾਉਣ ਸੰਬੰਧੀ ਗੱਲ ਕੀਤੀ। ਪ੍ਰੋ. ਮਨੀਸ਼ ਨੇ ਜੀ-20 ਪ੍ਰੈਜ਼ੀਡੈਂਸੀ ਅਤੇ ਭਾਰਤ ਲਈ ਇਸ ਦੇ ਮੌਕਿਆਂ ਬਾਰੇ ਚਾਨਣਾ ਪਾਇਆ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ ਦੇ ਸੰਯੁਕਤ ਸਕੱਤਰ ਡਾ. ਸਮਿਤਾ ਸਿਰੋਹੀ ਨੇ ‘ਉਨਤ ਟਿਕਾਊ ਖੇਤੀਬਾੜੀ ਤਬਦੀਲੀਆਂ ਸਬੰਧੀ ਜੀ-20 ਪ੍ਰਤੀਬੱਧਤਾ ਅਤੇ ਭਵਿੱਖੀ ਖੋਜ’ ਵਿਸ਼ੇ ’ਤੇ ਭਾਸ਼ਣ ਦਿੱਤਾ।
ਵਣਜ ਅਤੇ ਉਦਯੋਗ ਮੰਤਰਾਲੇ, ਭਾਰਤ ਸਰਕਾਰ ਦੇ ਵਧੀਕ ਮਹਾਂਨਿਰਦੇਸ਼ਕ ਸੰਦੀਪ ਰਾਜੋਰੀਆ ਨੇ ‘ਖੇਤੀਬਾੜੀ ਅਗਵਾਈ ਰਾਹੀਂ ਸਿੱਖਿਆਰਥੀਆਂ ਤੋਂ ਖੋਜੀ ਕਾਰਜ’ ਵਿਸ਼ੇ ’ਤੇ ਆਪਣੇ ਵਿਚਾਰ ਰੱਖੇ। ਭਾਰਤੀ ਖੇਤੀ ਖੋਜ ਪਰਿਸ਼ਦ ਦੇ ਸਹਾਇਕ ਮਹਾਂਨਿਰਦੇਸ਼ਕ ਡਾ. ਅਸ਼ੋਕ ਕੁਮਾਰ ਨੇ ‘ਇਕ ਸਿਹਤ: ਚੁਣੌਤੀਆਂ ਅਤੇ ਭਵਿੱਖ’ ਵਿਸ਼ੇ ’ਤੇ ਗਿਆਨ ਚਰਚਾ ਕੀਤੀ। ਪ੍ਰਬੰਧਕੀ ਸਕੱਤਰ ਡਾ. ਸਤਿਆਵਾਨ ਰਾਮਪਾਲ ਨੇ ਦੱਸਿਆ ਕਿ ਦੋਵਾਂ ਯੂਨਵਿਰਸਿਟੀਆਂ ਦੇ ਵੱਖ-ਵੱਖ ਕਾਲਜਾਂ ਦੇ 350 ਤੋਂ ਵਧੇਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਹਫ਼ਤੇ ਦੀ ਇਸ ਪ੍ਰੋਗਰਾਮ ਲੜੀ ਵਿਚ ਸ਼ਮੂਲੀਅਤ ਕੀਤੀ। ਡਾ. ਪੀ ਕੇ ਛੁਨੇਜਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਵੱਖ ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਵੀ ਕੀਤਾ ਗਿਆ।