For the best experience, open
https://m.punjabitribuneonline.com
on your mobile browser.
Advertisement

ਬਹੁਪੱਖੀ ਕਲਮਕਾਰ ਗਿਆਨੀ ਸੋਹਣ ਸਿੰਘ ਸੀਤਲ

09:14 AM Sep 22, 2024 IST
ਬਹੁਪੱਖੀ ਕਲਮਕਾਰ ਗਿਆਨੀ ਸੋਹਣ ਸਿੰਘ ਸੀਤਲ
Advertisement

ਕੁਲਦੀਪ ਸਿੰਘ ਸਾਹਿਲ

ਗਿਆਨੀ ਸੋਹਣ ਸਿੰਘ ਸੀਤਲ ਬਹੁਪੱਖੀ ਕਲਮਕਾਰ ਸਨ। ਉਨ੍ਹਾਂ ਨੇ ਪੰਜਾਬੀ ਸਾਹਿਤ ਦੀ ਹਰ ਨਬਜ਼ ਨੂੰ ਛੋਹਿਆ ਹੈ। ਇਸੇ ਕਰਕੇ ਉਹ ਲੋਕਾਂ ਵਿੱਚ ਢਾਡੀ, ਕਵੀ, ਪ੍ਰਚਾਰਕ, ਕਹਾਣੀਕਾਰ, ਗੀਤਕਾਰ, ਨਾਵਲਕਾਰ, ਨਾਟਕਕਾਰ ਅਤੇ ਖੋਜੀ ਇਤਿਹਾਸਕਾਰ ਵਜੋਂ ਜਾਣੇ ਜਾਂਦੇ ਹਨ। ਭਾਵੇਂ ਉਹ ਜ਼ਿਆਦਾ ਪੜ੍ਹ ਨਹੀਂ ਸਕੇ, ਪਰ ਉਨ੍ਹਾਂ ਦੀਆਂ ਲਿਖਤਾਂ ਤੋਂ ਜਾਪਦਾ ਹੈ ਕਿ ਉਹ ਗਿਆਨ ਦਾ ਸਾਗਰ ਸਨ। ਇਸ ਬਹੁਪੱਖੀ ਸ਼ਖ਼ਸੀਅਤ ਗਿਆਨੀ ਸੋਹਣ ਸਿੰਘ ਸੀਤਲ ਦਾ ਜਨਮ 7 ਅਗਸਤ 1909 ਨੂੰ ਪਿੰਡ ਕਾਦੀਵਿੰਡ ਤਹਿਸੀਲ ਕਸੂਰ ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿੱਚ ਖੁਸ਼ਹਾਲ ਸਿੰਘ ਪੰਨੂ ਅਤੇ ਮਾਤਾ ਦਿਆਲ ਕੌਰ ਦੇ ਗ੍ਰਹਿ ਵਿਖੇ ਹੋਇਆ। ਭਾਵੇਂ ਰਸਮੀ ਤਲੀਮ ਹਾਸਲ ਕਰਨ ਲਈ ਸੀਤਲ ਦੇ ਮਨ ਵਿੱਚ ਬਹੁਤ ਤਾਂਘ ਸੀ, ਪਰ ਉਸ ਸਮੇਂ ਸੰਸਥਾਗਤ ਵਿਦਿਆ ਖ਼ਾਸਕਰ ਪਿੰਡਾਂ ’ਚ ਕਾਫ਼ੀ ਘੱਟ ਸੀ। ਇਸ ਘਾਟ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਇਸ ਤਾਂਘ ਨੂੰ ਮੱਠੀ ਨਹੀਂ ਪੈਣ ਦਿੱਤਾ। ਕੁਝ ਵਿਸ਼ੇਸ਼ ਯਤਨਾਂ ਸਦਕਾ ਸੀਤਲ ਨੇ ਆਪਣੇ ਪਿੰਡ ਦੇ ਗ੍ਰੰਥੀ ਹਰੀ ਦਾਸ ਪਾਸੋਂ ਗੁਰਮੁਖੀ ਵਰਣਾਂ ਦੀ ਪਛਾਣ ਕਰਨੀ ਸਿੱਖ ਲਈ। ਇਸ ਪਛਾਣ ਨੇ ਉਨ੍ਹਾਂ ਦੇ ਹੌਸਲੇ ਨੂੰ ਅਜਿਹਾ ਵਧਾਇਆ ਕਿ ਉਹ 14 ਸਾਲ ਦੀ ਉਮਰ ਦਾ ਹੋ ਜਾਣ ਦੇ ਬਾਵਜੂਦ ਗੁਆਂਢੀ ਪਿੰਡ ਵਰਨ ਦੀ ਪਾਠਸ਼ਾਲਾ ਵਿੱਚ ਪ੍ਰਵੇਸ਼ ਕਰ ਗਿਆ। ਪੜ੍ਹਾਈ ਵਿੱਚ ਉਸ ਦੀ ਲਗਨ ਨੂੰ ਦੇਖਦਿਆਂ ਪਾਠਸ਼ਾਲਾ ਦੇ ਸੰਚਾਲਕਾਂ ਨੇ ਉਸ ਨੂੰ ਕੁਝ ਜਮਾਤਾਂ ਸਾਲਾਂ ਦੀ ਬਜਾਏ ਛਿਮਾਹੀਆਂ ਵਿੱਚ ਹੀ ਪੂਰੀਆਂ ਕਰਵਾ ਦਿੱਤੀਆਂ। ਚੰਗੇ ਲੋਕਾਂ ਵੱਲੋਂ ਮਿਲੇ ਸਹਿਯੋਗ ਸਦਕਾ ਸੀਤਲ ਨੇ ਮੈਟ੍ਰਿਕ ਪੱਧਰ ਦੀ ਪੜ੍ਹਾਈ ਅੱਵਲ ਦਰਜੇ ਵਿੱਚ ਪਾਸ ਕਰ ਲਈ ਸੀ। ਉਸ ਸਮੇਂ ਮੈਟ੍ਰਿਕ ਵਿੱਚ ਇਹ ਦਰਜਾ ਕਿਸੇ ਕਿਸੇ ਵਿਦਿਆਰਥੀ ਨੂੰ ਹੀ ਨਸੀਬ ਹੋਇਆ ਕਰਦਾ ਸੀ। ਇਸ ਸਿੱਖਿਆ ਪ੍ਰਾਪਤੀ ਦੇ ਦੌਰ (ਅੱਠਵੀਂ ਜਮਾਤ ਵਿੱਚ) ਦੌਰਾਨ ਹੀ ਗਿਆਨੀ ਸੋਹਣ ਸਿੰਘ ਸੀਤਲ ਦੇ ਮਾਪਿਆਂ ਨੇ ਉਸ ਨੂੰ ਸਮਾਜਿਕ/ਪਰਿਵਾਰਕ ਜ਼ਿੰਮੇਵਾਰੀ ਦੀ ਪੰਡ ਚੁਕਾਉਂਦਿਆਂ ਉਸ ਦਾ ਵਿਆਹ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਭੜਾਣਾ ਦੀ ਵਸਨੀਕ ਬੀਬੀ ਕਰਤਾਰ ਕੌਰ ਨਾਲ ਕਰ ਦਿੱਤਾ। ਇਨ੍ਹਾਂ ਦੇ ਘਰ ਦੋ ਪੁੱਤਰਾਂ (ਰਘਵੀਰ ਸਿੰਘ ਅਤੇ ਸੁਰਜੀਤ ਸਿੰਘ) ਅਤੇ ਇੱਕ ਪੁੱਤਰੀ ਨੇ ਜਨਮ ਲਿਆ। ਘਰ ਦੀਆਂ ਜ਼ਿੰਮੇਵਾਰੀਆਂ ਅਤੇ ਮਜਬੂਰੀਆਂ ਕਾਰਨ ਉਹ ਸਿਰਫ਼ ਗਿਆਨੀ ਦਾ ਇਮਤਿਹਾਨ ਹੀ ਪਾਸ ਕਰ ਸਕੇ ਅਤੇ ਇਸ ਤੋਂ ਬਾਅਦ ਇਨ੍ਹਾਂ ਦੇ ਨਾਂ ਨਾਲ ਗਿਆਨੀ ਸ਼ਬਦ ਹਮੇਸ਼ਾ ਲਈ ਜੁੜ ਗਿਆ। ਗਿਆਨੀ ਸੋਹਣ ਸਿੰਘ ਸੀਤਲ ਕੁਝ ਸਮਾਂ ਆਪਣੇ ਪਿਤਾ-ਪੁਰਖੀ ਕਿੱਤੇ ਖੇਤੀਬਾੜੀ ਨਾਲ ਵੀ ਜੁੜੇ ਰਹੇ। ਇਹ ਕਿੱਤਾ ਕਰਦਿਆਂ ਹੀ ਉਸ ਦੇ ਅੰਦਰ ਕੁਝ ਵੱਖਰਾ ਕਰਕੇ ਦਿਖਾਉਣ ਦੀ ਇੱਛਾ ਵੀ ਜਵਾਨ ਹੁੰਦੀ ਗਈ। ਇਸ ਇੱਛਾ ਨੇ ਇੱਕ ਦਿਨ ਉਸ ਨੂੰ ਢਾਡੀ ਕਲਾ ਵੱਲ ਨੂੰ ਮੋੜ ਦਿੱਤਾ। ਇਸ ਦੇ ਚਲਦਿਆਂ ਉਸ ਨੇ ਆਪਣੇ ਸਾਥੀਆਂ ਗੁਰਚਰਨ ਸਿੰਘ, ਅਮਰੀਕ ਸਿੰਘ ਅਤੇ ਹਰਨਾਮ ਸਿੰਘ ਨਾਲ ਲਲਿਆਣੀ ਦੇ ਭਰਾਈ ਬਾਬਾ ਚਿਰਾਗਦੀਨ ਕੋਲੋਂ ਢਾਡੀ ਕਲਾ ਦੇ ਗੁਣ ਸਿੱਖੇ। ਢਾਡੀ ਕਲਾ
ਦੀਆਂ ਬਾਰੀਕੀਆਂ ਤੋਂ ਚੰਗੀ ਤਰ੍ਹਾਂ ਜਾਣੂ ਹੋ ਕੇ ਗਿਆਨੀ ਸੋਹਣ ਸਿੰਘ ਸੀਤਲ ਦਾ ਢਾਡੀ ਜਥਾ ਦੂਰ-ਦੁਰਾਡੇ ਦੀਵਾਨਾਂ ਵਿੱਚ ਹਾਜ਼ਰੀ ਭਰਨ ਲੱਗ ਪਿਆ। ਸੋਹਣ ਸਿੰਘ ਸੀਤਲ ਨੇ ਆਪਣੇ ਢਾਡੀ ਜਥੇ ਨਾਲ ਲਗਭਗ ਛੇ ਦਹਾਕੇ ਪੰਥ ਅਤੇ ਪੰਜਾਬ ਦੀ ਰੱਜਵੀਂ ਸੇਵਾ ਕੀਤੀ ਅਤੇ ਲੋਕਾਂ ਨੂੰ ਆਪਣੇ ਵਿਰਸੇ ਤੋਂ ਵਾਕਿਫ਼ ਕਰਵਾਇਆ।
ਸੀਤਲ ਨੇ ਆਪਣੀਆਂ ਭਾਵਨਾਵਾਂ ਨੂੰ ਕਵਿਤਾ ਵਿੱਚ ਪਰੋ ਦਿੱਤਾ। ਉਸ ਦੀ ਪਹਿਲੀ ਕਵਿਤਾ 1924 ਈ. ਵਿੱਜ ‘ਅਕਾਲੀ’ ਅਖ਼ਬਾਰ ਵਿੱਚ ਛਪ ਗਈ। ਇਸ ਕਵਿਤਾ ਦੇ ਨਾਲ ਹੀ ਸੀਤਲ ਦੇ ਸਾਹਿਤਕ ਸਫ਼ਰ ਦਾ ਆਗਾਜ਼ ਹੋ ਜਾਂਦਾ ਹੈ। ਇਸ ਸਫ਼ਰ ਦੇ ਸਿੱਟੇ ਵਜੋਂ ਉਸ ਨੇ ਕਾਵਿ-ਸੰਗ੍ਰਹਿ ‘ਸੱਜਰੇ ਹੰਝੂ’ ਪੰਜਾਬੀ ਸਾਹਿਤ ਦੀ ਝੋਲੀ ਪਾਇਆ। ਕਵਿਤਾ ਦੇ ਨਾਲ-ਨਾਲ ਸੋਹਣ ਸਿੰਘ ਸੀਤਲ ਨੇ ਕੁਝ ਕਹਾਣੀਆਂ ਵੀ ਲਿਖੀਆਂ ਹਨ, ਜਿਨ੍ਹਾਂ ਵਿੱਚੋਂ ‘ਕਦਰਾਂ ਬਦਲ ਗਈਆਂ’, ‘ਅੰਤਰਜਾਮੀ’, ‘ਅਜੇ ਦੀਵਾ ਬਲ ਰਿਹਾ ਸੀ’ ਅਤੇ ‘ਜੇਬ ਕੱਟੀ ਗਈ’ ਕਾਫ਼ੀ ਚਰਚਿਤ ਹੋਈਆਂ ਹਨ।
ਨਾਵਲਕਾਰ ਦੇ ਤੌਰ ’ਤੇ ਵੀ ਗਿਆਨੀ ਸੋਹਣ ਸਿੰਘ ਸੀਤਲ ਦੀ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨੂੰ ਮਹਾਨ ਦੇਣ ਰਹੀ ਹੈ। ਉਨ੍ਹਾਂ ਦੁਆਰਾ ਲਿਖੇ ਨਾਵਲਾਂ ਦੀ ਤਦਾਦ ਦੋ ਦਰਜਨਾਂ ਦੇ ਕਰੀਬ ਬਣਦੀ ਹੈ। ਪੰਜਾਬ ਦੇ ਸਕੂਲਾਂ ਦੀਆਂ ਸੈਕੰਡਰੀ ਜਮਾਤਾਂ ਨੂੰ ਪਾਠਕ੍ਰਮ ਦੇ ਤੌਰ ’ਤੇ ਪੜ੍ਹਾਇਆ ਗਿਆ ਉਨ੍ਹਾਂ ਦਾ ਨਾਵਲ ‘ਤੂਤਾਂ ਵਾਲਾ ਖੂਹ’ ਆਪਣੀ ਮਿਸਾਲ ਆਪ ਹੈ ਜੋ ਦੇਸ਼ ਦੀ ਵੰਡ ਨੂੰ ਕੁਰਣਾਮਈ ਢੰਗ ਨਾਲ ਬਿਆਨ ਕਰਦਾ ਹੈ। ‘ਜੁੱਗ ਬਦਲ ਗਿਆ’ ਸੀਤਲ ਦਾ ਇੱਕ ਹੋਰ ਪ੍ਰਸਿੱਧ ਨਾਵਲ ਹੈ ਜਿਸ ਨੂੰ 1974 ਵਿੱਚ ਭਾਰਤੀ ਸਾਹਿਤ ਅਕਾਦਮੀ ਵੱਲੋਂ ਪੁਰਸਕਾਰ ਦਿੱਤਾ ਗਿਆ ਸੀ। ਇਨ੍ਹਾਂ ਦੋ ਨਾਵਲਾਂ ਤੋਂ ਇਲਾਵਾ ‘ਮੁੱਲ ਦਾ ਮਾਸ’, ‘ਜੰਗ ਜਾਂ ਅਮਨ’, ‘ਈਚੋਗਿੱਲ ਦੀ ਨਹਿਰ ਤੱਕ’, ‘ਵਿਯੋਗਣ’ ਅਤੇ ‘ਅੰਨ੍ਹੀ ਸੁੰਦਰਤਾ’ ਆਦਿ ਉਨ੍ਹਾਂ ਰਚਿਤ ਨਾਵਲ ਹਨ ਜਿਨ੍ਹਾਂ ਨੇ ਪੰਜਾਬੀ ਬੋਲੀ ਅਤੇ ਸਾਹਿਤ ਦਾ ਮਾਣ ਵਧਾਇਆ ਹੈ। ਸੀਤਲ ਦੇ ਨਾਵਲਾਂ ਦੀ ਇਹ ਵੀ ਇੱਕ ਵਿਸ਼ੇਸ਼ਤਾ ਰਹੀ ਹੈ ਕਿ ਉਸ ਦੇ ਨਾਵਲਾਂ ਦੇ ਪਾਤਰ ਹਮੇਸ਼ਾ ਹਕੀਕੀ ਹਾਲਾਤ ’ਚੋਂ ਉਪਜਦੇ ਸਨ। ਇੱਕ ਖੋਜੀ (ਸਿੱਖ) ਇਤਿਹਾਸਕਾਰ ਦੇ ਤੌਰ ’ਤੇ ਵੀ ਸੋਹਣ ਸਿੰਘ ਸੀਤਲ ਦਾ ਇੱਕ ਅਹਿਮ ਸਥਾਨ ਰਿਹਾ ਹੈ। ਉਨ੍ਹਾਂ ਨੇ ਪਹਿਲਾਂ ਆਪ ਸਿੱਖ ਇਤਿਹਾਸ ਦਾ ਗਿਆਨ ਪ੍ਰਾਪਤ ਕੀਤਾ। ਫਿਰ ਨਵੀਆਂ ਛੋਹਾਂ ਦੇ ਕੇ ਕਿਤਾਬੀ ਰੂਪ ਵਿੱਚ ਮੁੜ ਪ੍ਰਕਾਸ਼ਿਤ ਕਰਵਾਇਆ। ਉਨ੍ਹਾਂ ਦੇ ਇਸ ਉਪਰਾਲੇ ਨੇ ਸਿੱਖ ਇਤਿਹਾਸ ਬਾਰੇ ਪਾਏ ਜਾਂਦੇ ਕੁਝ ਭਰਮ ਭੁਲੇਖਿਆਂ ਨੂੰ ਦੂਰ ਕੀਤਾ ਅਤੇ ਸਿੱਖ ਇਤਿਹਾਸ ਨੂੰ ਨਵੀਂ ਦਿੱਖ ਪ੍ਰਦਾਨ ਕੀਤੀ। ਸੀਤਲ ਦੀਆਂ ਇਤਿਹਾਸਕ ਲਿਖਤਾਂ ਵਿੱਚ ‘ਸਿੱਖ ਰਾਜ ਕਿਵੇਂ ਗਿਆ’ ਇੱਕ ਬਹੁਤ ਹੀ ਮਕਬੂਲ ਰਚਨਾ ਮੰਨੀ ਜਾਂਦੀ ਹੈ। ‘ਦੁਖੀਏ ਮਾਂ ਦੇ ਪੁੱਤ’, ‘ਬੰਦਾ ਸਿੰਘ ਸ਼ਹੀਦ’, ‘ਸਿੱਖ ਮਿਸਲਾਂ ਦੇ ਸਰਦਾਰ ਘਰਾਣੇ’, ‘ਸਿੱਖ ਰਾਜ ਅਤੇ ਸ਼ੇਰੇ ਪੰਜਾਬ’ ਅਤੇ ‘ਸਿੱਖ ਸ਼ਹੀਦ ਅਤੇ ਯੋਧੇ’ ਉਨ੍ਹਾਂ ਦੀਆਂ ਵਰਣਨਯੋਗ ਇਤਿਹਾਸਕ ਕਿਤਾਬਾਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਗੀਤ ਵੀ ਲਿਖੇ। ਉਨ੍ਹਾਂ ਦੇ ਲਿਖੇ ਕੁਝ ਗੀਤ ਲੋਕਾਂ ਦੇ ਗੀਤ ਬਣ ਗਏ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ‘ਕੀਮਾ ਮਲਕੀ’ ਅਤੇ ‘ਭਾਬੀ ਮੇਰੀ ਗੁੱਤ ਕਰ ਦੇ’ ਵਰਗੇ ਸਦਾਬਹਾਰ ਗੀਤ ਉਨ੍ਹਾਂ ਦੀ ਕਲਮ ’ਚੋਂ ਨਿਕਲੇ ਹਨ। ਜੇਕਰ ਸਨਮਾਨ ਦੀ ਗੱਲ ਕਰੀਏ ਤਾਂ ਲੋਕਾਂ ਦਾ ਪਿਆਰ ਹੀ ਉਨ੍ਹਾਂ ਲਈ ਸਭ ਤੋਂ ਵੱਡਾ ਪੁਰਸਕਾਰ ਸੀ। ਇਸ ਤੋਂ ਇਲਾਵਾ ਭਾਸ਼ਾ ਵਿਭਾਗ ਪੰਜਾਬ ਵੱਲੋਂ 1962 ਵਿੱਚ ਉਨ੍ਹਾਂ ਦੇ ਨਾਵਲ ‘ਕਾਲੇ ਪਰਛਾਵੇਂ’ ਨੂੰ ਪੁਰਸਕਾਰ ਦਿੱਤਾ ਗਿਆ। 1974 ਵਿੱਚ ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਐਵਾਰਡ, 1979 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ‘ਸ਼੍ਰੋਮਣੀ ਢਾਡੀ’ ਪੁਰਸਕਾਰ ਦਿੱਤਾ ਗਿਆ। 1983 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ‘ਸ਼੍ਰੋਮਣੀ ਢਾਡੀ’ ਸਨਮਾਨ ਅਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ‘ਕਰਤਾਰ ਸਿੰਘ ਧਾਲੀਵਾਲ ਪੁਰਸਕਾਰ’ ਅਤੇ 1993 ਵਿੱਚ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਨਾਲ ਉਨ੍ਹਾਂ ਦਾ ਸਨਮਾਨ ਹੋਇਆ। ਗਿਆਨੀ ਸੋਹਣ ਸਿੰਘ ਸੀਤਲ ਆਪਣਾ ਲੰਮਾ ਜੀਵਨ ਪੰਧ ਮੁਕਾ ਕੇ ਅਖੀਰ 23 ਸਤੰਬਰ 1998 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ।

Advertisement

ਸੰਪਰਕ: 94179-90040

Advertisement

Advertisement
Author Image

sukhwinder singh

View all posts

Advertisement