ਮਨੀਪੁਰ, ਉੱਤਰ ਪੂਰਬ ਤੇ ਵੇਰੀਅਰ ਐਲਵਨਿ
ਮਨੀਪੁਰ ਵਿਚ ਪੰਜ ਮਹੀਨੇ ਪਹਿਲਾਂ ਭੜਕੀ ਨਸਲੀ ਹਿੰਸਾ ਹੁਣ ਤਕ ਜਾਰੀ ਹੈ। ਸੰਸਦ ਦੇ ਪਿਛਲੇ ਦੋ ਇਜਲਾਸਾਂ ਵਿਚ ਮਨੀਪੁਰ ਦਾ ਜ਼ਿਕਰ ਮਹਿਜ਼ ਇਕ ਫੁੱਟਨੋਟ ਬਣ ਕੇ ਰਹਿ ਗਿਆ। ਵੇਰੀਅਰ ਐਲਵਨਿ ਉੱਤਰ-ਪੂਰਬ ਦੇ ਕਬਾਇਲੀਆਂ ਦੇ ਮਾਮਲਿਆਂ ਬਾਰੇ ਜਵਾਹਰਲਾਲ ਨਹਿਰੂ ਦਾ ਪ੍ਰਮੁੱਖ ਸਲਾਹਕਾਰ ਸੀ। ਉਸ ਬਾਰੇ ਵੀ ਗ਼ਲਤ-ਬਿਆਨੀ ਹੋਈ। ਰਾਮਚੰਦਰ ਗੁਹਾ ਦਾ ਇਹ ਲੇਖ ਐਲਵਨਿ ਵੇਰੀਅਰ ਬਾਰੇ ਪੈਦਾ ਕੀਤੀਆਂ ਜਾ ਰਹੀਆਂ ਗ਼ਲਤਫ਼ਹਿਮੀਆਂ ਦਾ ਖੰਡਨ ਕਰਦਾ ਹੈ।
ਰਾਮਚੰਦਰ ਗੁਹਾ
ਮਨੀਪੁਰ ਵਿਚ ਨਸਲੀ ਭੜਕਾਹਟ ਤੋਂ ਥੋੜ੍ਹੀ ਦੇਰ ਬਾਅਦ ਮਈ ਦੇ ਪਹਿਲੇ ਹਫ਼ਤੇ ਸੋਸ਼ਲ ਮੀਡੀਆ ’ਤੇ ਕੀਤੇ ਜਾ ਰਹੇ ਇਸ ਦਾਅਵੇ ਬਾਰੇ ਮੈਂ ਕਾਫ਼ੀ ਛਾਣਬੀਣ ਕੀਤੀ ਕਿ ‘ਨਹਿਰੂ ਨੇ ਇਸਾਈ ਮਿਸ਼ਨਰੀ ਵੇਰੀਅਰ ਐਲਵਨਿ ਨਾਲ ਇਕ ਸੰਧੀ ਕੀਤੀ ਸੀ। ਇਸ ਸੰਧੀ ਤਹਿਤ ਹਿੰਦੂ ਸਾਧੂਆਂ ਦੇ ਨਾਗਾਲੈਂਡ ਆਉਣ ’ਤੇ ਪਾਬੰਦੀ ਲਾ ਦਿੱਤੀ ਗਈ ਸੀ ਜਿਸ ਦਾ ਸਿੱਟਾ ਇਹ ਨਿਕਲਿਆ ਕਿ ਨਹਿਰੂ ਦੇ ਰਾਜ ਕਾਲ ਵਿਚ ਨਾਗਾਲੈਂਡ ਇਸਾਈ ਬਹੁਗਿਣਤੀ ਵਾਲਾ ਖੇਤਰ ਬਣ ਗਿਆ। ਨਾਗਾਲੈਂਡ ਦੀ 88 ਫ਼ੀਸਦੀ ਆਬਾਦੀ ਇਸਾਈ ਹੈ।’
ਕਈ ਲੋਕਾਂ ਨੇ ਮੈਨੂੰ ਖ਼ਤ ਵੀ ਲਿਖੇ ਸਨ ਕਿਉਂਕਿ ਸੰਨ 1999 ਵਿਚ ਮੈਂ ਵੇਰੀਅਰ ਐਲਵਨਿ ਦੀ ਜੀਵਨੀ ਲਿਖੀ ਸੀ। ਮੈਂ ਉਨ੍ਹਾਂ ਨੂੰ ਜਵਾਬ ਭੇਜਿਆ ਕਿ ਹਾਲਾਂਕਿ ਆਜ਼ਾਦੀ ਤੋਂ ਬਾਅਦ ਨਾਗਾ ਬਗ਼ਾਵਤ ਕਰਕੇ ਦੇਸ਼ ਦੇ ਬਾਕੀ ਹਿੱਸਿਆਂ ਦੇ ਲੋਕਾਂ ਦੀ ਨਾਗਾਲੈਂਡ ਵਿਚ ਆਮਦ ਕਾਫ਼ੀ ਘਟ ਗਈ ਸੀ ਪਰ ਨਾਗਾਲੈਂਡ ਵਿਚ ‘ਨਹਿਰੂ-ਐਲਵਨਿ ਸੰਧੀ’ ਜਿਹੀ ਕੋਈ ਸੰਧੀ ਨਹੀਂ ਹੋਈ ਸੀ। ਮੈਂ ਇਹ ਵੀ ਨੋਟ ਕੀਤਾ ਸੀ ਕਿ ਨਾਗਾ ਪਹਾੜੀਆਂ ਵਿਚ ਇਸਾਈ ਮਿਸ਼ਨਰੀਆਂ ਦੀਆਂ ਸਰਗਰਮੀਆਂ 1870ਵਿਆਂ ਤੋਂ ਸ਼ੁਰੂ ਹੋ ਗਈਆਂ ਸਨ, ਉਦੋਂ ਨਹਿਰੂ ਅਤੇ ਐਲਵਨਿ ਦਾ ਅਜੇ ਜਨਮ ਵੀ ਨਹੀਂ ਹੋਇਆ ਸੀ। ਮੈਂ ਇਹ ਵੀ ਜ਼ਿਕਰ ਕੀਤਾ ਸੀ ਕਿ ਐਲਵਨਿ ਆਰਐੱਸਐੱਸ ਅਤੇ ਇਸਾਈ ਮਿਸ਼ਨਰੀਆਂ ਦੋਵਾਂ ’ਤੇ ਭਰੋਸਾ ਨਹੀਂ ਕਰਦੇ ਸਨ। ਉਹ ਚਾਹੁੰਦੇ ਸਨ ਕਿ ਕਬਾਇਲੀਆਂ ਦਾ ਆਪਣਾ ਧਰਮ ਅਤੇ ਰਹੁ-ਰੀਤਾਂ ਹਨ ਅਤੇ ਉਨ੍ਹਾਂ ਨੂੰ ਹਿੰਦੂ ਜਾਂ ਇਸਾਈ ਬਣਨ ਦੀ ਲੋੜ ਨਹੀਂ ਹੈ।
ਵਟਸਐਪ ਰਾਹੀਂ ਫੈਲਾਏ ਜਾਂਦੇ ਕੂੜ ਪ੍ਰਚਾਰ ਦਾ ਟਾਕਰਾ ਕਰਨ ਲਈ ਆਮ ਤੌਰ ’ਤੇ ਮੈਂ ਇਸ ਜਨਤਕ ਮੰਚ ਦੀ ਵਰਤੋਂ ਨਹੀਂ ਕਰਦਾ ਕਿਉਂਕਿ ਜੇ ਮੈਂ ਇਹ ਕੰਮ ਕਰਨ ਲੱਗ ਪਵਾਂਗਾ ਤਾਂ ਹੋਰ ਕੁਝ ਨਹੀਂ ਕਰ ਸਕਾਂਗਾ। ਜੇ ਮੈਂ ਇੱਥੇ ਅਜਿਹਾ ਕਰ ਰਿਹਾ ਹਾਂ ਤਾਂ ਇਸ ਦੇ ਤਿੰਨ ਕਾਰਨ ਹਨ। ਪਹਿਲਾ ਇਹ ਕਿ ਆਨਲਾਈਨ ਦੁਨੀਆ ਵਿਚ ਨਾ ਸਿਰਫ਼ ਉਕਤ ਕਲਪਿਤ ਸੰਧੀ ਬਾਰੇ ਸਗੋਂ ਵੇਰੀਅਰ ਐਲਵਨਿ ਮੁਤੱਲਕ ਤਰ੍ਹਾਂ ਤਰ੍ਹਾਂ ਦੇ ਝੂਠ ਪ੍ਰਚਾਰੇ ਜਾ ਰਹੇ ਹਨ। ਇਹ ਵੀ ਪ੍ਰਚਾਰ ਕੀਤਾ ਜਾਂਦਾ ਹੈ ਕਿ ਐਲਵਨਿ ਨੇ ਉੱਤਰ-ਪੂਰਬ ਵਿਚ ਇਸਾਈਅਤ ਨੂੰ ਫੈਲਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ ਜਿਸ ਕਰਕੇ ਇਸ ਵੇਲੇ ਮਨੀਪੁਰ ਵਿਚ ਜ਼ਿਆਦਾਤਰ ਹਿੰਦੂ ਮੈਤੇਈਆਂ ਅਤੇ ਜ਼ਿਆਦਾਤਰ ਇਸਾਈ ਕੁਕੀਆਂ ਵਿਚਕਾਰ ਚੱਲ ਰਹੇ ਟਕਰਾਅ ਲਈ ਉਹ ਵੀ ਜ਼ਿੰਮੇਵਾਰ ਹੈ।
ਦੂਜਾ ਕਾਰਨ ਇਹ ਹੈ ਕਿ ਐਲਵਨਿ ਦੇ ਦੇਹਾਂਤ ਤੋਂ ਬਾਅਦ ਉਸ ਦੇ ਦਾਨਵੀਕਰਨ ਦਾ ਅਮਲ ਹਿੰਦੂ ਕੱਟੜਪੰਥੀਆਂ ਤੱਕ ਸੀਮਤ ਨਹੀਂ ਹੈ। ਇਹ ਕੰਮ ਹੁਣ ਅਸਾਮ ਦੇ ਮੁੱਖ ਮੰਤਰੀ ਅਤੇ ਉੱਤਰ ਪੂਰਬ ਵਿਚ ਭਾਜਪਾ ਦੇ ਸੂਤਰਧਾਰ ਹਿਮੰਤਾ ਬਿਸਵਾ ਸਰਮਾ ਨੇ ਆਪਣੇ ਹੱਥੀਂ ਲਿਆ ਹੈ। ਤੀਜਾ ਕਾਰਨ ਇਹ ਹੈ ਕਿ ਸਿਰਫ਼ ਕੱਟੜਪੰਥੀ ਹਿੰਦੁਤਵ ਨੂੰ ਛੱਡ ਕੇ ਸਾਰੇ ਮਤਾਂ ਪ੍ਰਤੀ ਭਾਜਪਾ ਦੇ ਵੈਰ ਤੋਂ ਉਲਟ ਐਲਵਨਿ ਖ਼ੁਦ ਇਕ ਖੁੱਲ੍ਹਦਿਲਾ ਸ਼ਖ਼ਸ ਸੀ ਜਿਸ ਨੇ ਕਬਾਇਲੀ ਸਭਿਆਚਾਰ ਨਾਲ ਤਿਹੁ ਕਰਕੇ ਆਪਣਾ ਇਸਾਈ ਧਰਮ ਵੀ ਤਿਆਗ ਦਿੱਤਾ ਸੀ।
ਇਸ ਤੋਂ ਪਹਿਲਾਂ ਕਿ ਐਲਵਨਿ ਖਿਲਾਫ਼ ਸਰਮਾ ਦੇ ਦੋਸ਼ਾਂ ਦੀ ਚਰਚਾ ਕਰੀਏ ਜਨਿ੍ਹਾਂ ਨੇ ਮੇਰੇ ਵੱਲੋਂ ਲਿਖੀ ਐਲਵਨਿ ਦੀ ਜੀਵਨੀ (ਸੈਵੇਜਿੰਗ ਦਿ ਸਵਿਿਲਾਈਜ਼ਡ: ਵੇਰੀਅਰ ਐਲਵਨਿ, ਹਿਜ਼ ਟ੍ਰਾਈਬਲਜ਼ ਐਂਡ ਇੰਡੀਆ, ਜਿਸ ਦਾ ਦੂਜਾ ਤੇ ਸੋਧਿਆ ਹੋਇਆ ਸੰਸਕਰਨ 2011 ਵਿਚ ਪ੍ਰਕਾਸ਼ਿਤ ਹੋਇਆ ਸੀ) ਨਹੀਂ ਪੜ੍ਹੀ, ਮੈਂ ਉਨ੍ਹਾਂ ਵਾਸਤੇ ਐਲਵਨਿ ਦੀ ਸ਼ਖ਼ਸੀਅਤ ਦਾ ਸੰਖੇਪ ਵੇਰਵਾ ਦੇਣਾ ਚਾਹੁੰਦਾ ਹਾਂ। ਵੇਰੀਅਰ ਐਲਵਨਿ ਦਾ ਜਨਮ 1902 ਵਿਚ ਹੋਇਆ ਸੀ ਅਤੇ ਉਹ ਔਕਸਫਰਡ ਦੀ ਪੜ੍ਹਾਈ ਤੋਂ ਬਾਅਦ 1927 ਵਿਚ ਭਾਰਤ ਆ ਗਿਆ ਅਤੇ ਉਹ ਇਸਾਈਅਤ ਦਾ ਭਾਰਤੀਕਰਨ ਕਰਨਾ ਚਾਹੁੰਦਾ ਸੀ। ਮਹਾਤਮਾ ਗਾਂਧੀ ਅਤੇ ਉਨ੍ਹਾਂ ਦੇ ਖੇਮੇ ਤੋਂ ਪ੍ਰੇਰਿਤ ਹੋ ਕੇ ਉਸ ਨੇ ਚਰਚ ਛੱਡ ਦਿੱਤਾ ਅਤੇ ਮੱਧ ਭਾਰਤ ਵਿਚ ਆਦਵਿਾਸੀਆਂ ਨਾਲ ਰਹਿ ਕੇ ਕੰਮ ਕਰਨ ਲੱਗਿਆ। 1930ਵਿਆਂ ਅਤੇ 1940ਵਿਆਂ ਵਿਚ ਉਸ ਨੇ ਕਬਾਇਲੀ ਜੀਵਨ, ਲੋਕਧਾਰਾ ਅਤੇ ਕਲਾ ਬਾਰੇ ਬਹੁਤ ਸਾਰੀਆਂ ਪਹਿਲ ਪਲੇਠੀਆਂ ਰਚਨਾਵਾਂ ਦਿੱਤੀਆਂ।
ਆਜ਼ਾਦੀ ਤੋਂ ਬਾਅਦ ਐਲਵਨਿ ਭਾਰਤੀ ਨਾਗਰਿਕ ਬਣ ਗਿਆ। 1954 ਵਿਚ ਉਸ ਨੂੰ ਉੱਤਰ ਪੂਰਬੀ ਫਰੰਟੀਅਰ ਸੂਬੇ ਜਾਂ ਨੇਫਾ (ਅਰੁਣਾਚਲ ਪ੍ਰਦੇਸ਼) ਲਈ ਮਾਨਵ-ਵਿਗਿਆਨਕ ਸਲਾਹਕਾਰ ਨਿਯੁਕਤ ਕੀਤਾ ਗਿਆ। ਇਹ ਇਲਾਕਾ ਭਾਰਤ ਅਤੇ ਚੀਨ ਦੀ ਸਰਹੱਦ ’ਤੇ ਸਥਿਤ ਹੈ ਅਤੇ ਇਸ ਦਾ ਨਾ ਕੋਈ ਨਕਸ਼ਾ ਸੀ ਤੇ ਨਾ ਹੀ ਇਹ ਕਿਸੇ ਪ੍ਰਸ਼ਾਸਨ ਅਧੀਨ ਆਉਂਦਾ ਸੀ। ਬਰਤਾਨਵੀ ਰਾਜ ਦਾ ਉੱਥੇ ਕੋਈ ਨਾਮੋ-ਨਿਸ਼ਾਨ ਨਹੀਂ ਸੀ। ਉਮੀਦ ਕੀਤੀ ਜਾਂਦੀ ਸੀ ਕਿ ਐਲਵਨਿ ਦੀ ਮਾਨਵ-ਵਿਗਿਆਨਕ ਮੁਹਾਰਤ ਨਾਲ ਪ੍ਰਸ਼ਾਸਨ ਨੂੰ ਉੱਥੇ ਰਹਿੰਦੇ ਵੱਖੋ-ਵੱਖਰੇ ਕਬਾਇਲੀ ਭਾਈਚਾਰਿਆਂ ਨਾਲ ਪੁਲ ਉਸਾਰਨ ਵਿਚ ਮਦਦ ਮਿਲੇਗੀ। ਕਾਫ਼ੀ ਹੱਦ ਤੀਕ ਮਦਦ ਮਿਲੀ ਵੀ ਸੀ। ਉੱਤਰ ਪੂਰਬ ਦੇ ਹੋਰਨਾਂ ਸੂਬਿਆਂ ਦੀ ਬਜਾਏ ਅਰੁਣਾਚਲ ਪ੍ਰਦੇਸ਼ ਵਿਚ ਕੋਈ ਵੱਡੀ ਬਗ਼ਾਵਤ ਦੇਖਣ ਨੂੰ ਨਾ ਮਿਲਣ ਦਾ ਇਕ ਕਾਰਨ ਇਹ ਸੀ ਕਿ ਐਲਵਨਿ ਅਤੇ ਉਸ ਦੇ ਸਾਥੀਆਂ ਨੇ ਜ਼ਮੀਨ ਅਤੇ ਜੰਗਲਾਂ ਵਿਚ ਕਬਾਇਲੀ ਹੱਕਾਂ ਦੀ ਰਾਖੀ, ਹਿੰਦੀ ਨੂੰ ਵੱਖੋ-ਵੱਖਰੇ ਕਬੀਲਿਆਂ ਦਰਮਿਆਨ ਸੰਪਰਕ ਭਾਸ਼ਾ ਵਜੋਂ ਪ੍ਰਫੁੱਲਤ ਕਰਨ ਅਤੇ ਹਿੰਦੂ ਤੇ ਇਸਾਈ ਮਿਸ਼ਨਰੀਆਂ ਨੂੰ ਪਰ੍ਹੇ ਰੱਖਣ ਲਈ ਨਿੱਠ ਕੇ ਕੰਮ ਕੀਤਾ।
ਨਹਿਰੂ ਦੇ ਦੇਹਾਂਤ ਤੋਂ ਕੁਝ ਮਹੀਨੇ ਪਹਿਲਾਂ ਫਰਵਰੀ 1964 ਵਿਚ ਵੇਰੀਅਰ ਐਲਵਨਿ ਚੱਲ ਵਸਿਆ। ਇਸ ਤੋਂ ਕਰੀਬ ਛੇ ਦਹਾਕੇ ਬਾਅਦ 11 ਅਗਸਤ 2023 ਨੂੰ ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਦੇ ਨਾਂ ਹੇਠ ਨਵੀਂ ਦਿੱਲੀ ਤੋਂ ਛਪਦੇ ਇਕ ਅਖ਼ਬਾਰ ਵਿਚ ਪ੍ਰਕਾਸ਼ਿਤ ਕੀਤੇ ਗਏ ਲੇਖ ਵਿਚ ਦਾਅਵਾ ਕੀਤਾ ਗਿਆ ਕਿ: ‘ਪੰਡਿਤ ਨਹਿਰੂ ਨੇ ਯੂਰੋਪ ਦੇ ਜੰਮਪਲ ਇਕ ਵਿਅਕਤੀ ਨੂੰ ਉੱਤਰ-ਪੂਰਬ ਦਾ ਪਹਿਲਾ ਸਲਾਹਕਾਰ ਨਿਯੁਕਤ ਕੀਤਾ ਸੀ। ਕੀ ਇਹ ਉਸੇ ਦੀ ਸਲਾਹ ਕਰਕੇ ਸੀ ਜਿਸ ਕਰਕੇ ਅਸਾਮ ਵਿਚ ਤੇਲ ਮਿਲਣ ਦੇ ਬਾਵਜੂਦ ਇੱਥੇ ਤੇਲ ਸੋਧਕ ਕਾਰਖਾਨਾ ਨਹੀਂ ਲੱਗ ਸਕਿਆ ਸੀ? ਕੀ ਉਸੇ ਦੀ ਸਲਾਹ ਕਰਕੇ ਹੀ ਗੋਪੀਨਾਥ ਬੋਰਦੋਲੋਈ ਨੂੰ ‘ਭਾਰਤ ਰਤਨ’ ਨਹੀਂ ਦਿੱਤਾ ਗਿਆ?’ ਲੇਖ ਵਿਚ ਯੂਰੋਪ ਦੇ ਜੰਮਪਲ ਦਾ ਨਾਂ ਨਹੀਂ ਦਿੱਤਾ ਗਿਆ। ਇਸ ਤੋਂ ਤਿੰਨ ਦਨਿ ਪਹਿਲਾਂ ਅਸਾਮ ਦੇ ਮੁੱਖ ਮੰਤਰੀ ਦੇ ਟਵਿਟਰ ਹੈਂਡਲ ਵਿਚ ਸਾਫ਼ ਤੌਰ ’ਤੇ ਲਿਖਿਆ ਗਿਆ ਸੀ: ‘ਪੰਡਿਤ ਨਹਿਰੂ ਨੇ ਯੂਰੋਪ ਦੇ ਜੰਮਪਲ ਸ੍ਰੀ ਵੇਰੀਅਰ ਐਲਵਨਿ ਨੂੰ ਉੱਤਰ-ਪੂਰਬ ਦੇ ਮਾਮਲਿਆਂ ਬਾਰੇ ਸਲਾਹ ਦੇਣ ਲਈ ਨਿਯੁਕਤ ਕੀਤਾ ਸੀ। ਕਾਂਗਰਸ ਦੀਆਂ ਬੱਜਰ ਗ਼ਲਤੀਆਂ ਦੀ ਸ਼ੁਰੂਆਤ ਉੱਥੋਂ ਹੋਈ ਸੀ।’
ਇੱਥੇ ਤੱਥਾਂ ਦੀ ਪੁਣ-ਛਾਣ ਕਰਨੀ ਜ਼ਰੂਰੀ ਹੈ। ਸੱਚਾਈ ਇਹ ਹੈ ਕਿ ਵੇਰੀਅਰ ਐਲਵਨਿ ਸਿਰਫ਼ ਨੇਫਾ ਦਾ ਸਲਾਹਕਾਰ ਸੀ; ਉੱਤਰ ਪੂਰਬ ਦੇ ਕਿਸੇ ਹੋਰ ਹਿੱਸੇ ਦੇ ਪ੍ਰਸ਼ਾਸਨ ਵਿਚ ਉਸ ਦੀ ਕੋਈ ਭੂਮਿਕਾ ਨਹੀਂ ਸੀ। ਨਾ ਨਾਗਾਲੈਂਡ, ਨਾ ਮਨੀਪੁਰ ਅਤੇ ਅਸਾਮ ਵਿਚ ਤਾਂ ਬਿਲਕੁਲ ਵੀ ਨਹੀਂ। ਅਸਾਮ ਦੇ ਮੁੱਖ ਮੰਤਰੀ ਵੱਲੋਂ ਸ਼ਰ੍ਹੇਆਮ ਦਾਅਵਾ ਕੀਤਾ ਜਾ ਰਿਹਾ ਹੈ ਕਿ ਐਲਵਨਿ ਨੇ ਅਸਾਮ ਵਿਚ ਤੇਲ ਸੋਧਕ ਕਾਰਖਾਨਾ ਨਹੀਂ ਲੱਗਣ ਦਿੱਤਾ ਸੀ ਅਤੇ ਗੋਪੀਨਾਥ ਬੋਰਦੋਲੋਈ ਨੂੰ ‘ਭਾਰਤ ਰਤਨ’ ਪੁਰਸਕਾਰ ਨਹੀਂ ਦੇਣ ਦਿੱਤਾ ਸੀ ਅਤੇ ਇਹ ਵੀ ਕਿ ਉੱਤਰ-ਪੂਰਬ ਵਿਚ ਭਾਜਪਾ ਵੱਲੋਂ ਕਾਂਗਰਸ ’ਤੇ ਜੋ ਵੀ ਬੁਰਾਈਆਂ ਦੇ ਦੋਸ਼ ਲਾਏ ਜਾਂਦੇ ਹਨ, ਉਨ੍ਹਾਂ ਦੀ ਜੜ੍ਹ ਐਲਵਨਿ ਸੀ।
ਤੱਥਾਂ ਦੀ ਪੜਤਾਲ ਜ਼ਰੂਰੀ ਹੋ ਸਕਦੀ ਹੈ ਪਰ ਸੰਦਰਭ ਸਥਾਪਤ ਕਰਨਾ ਹੋਰ ਵੀ ਅਹਿਮ ਹੋ ਸਕਦਾ ਹੈ। ਅਸਾਮ ਦੇ ਮੁੱਖ ਮੰਤਰੀ ਜਾਂ ਕੱਟੜਪੰਥੀਆਂ ਦਾ ਇਹ ਵਟਸਐਪ ਬ੍ਰਿਤਾਂਤ ਨਾ ਕੇਵਲ ਖੁਣਸੀ ਹੈ ਸਗੋਂ ਮਾੜੀ ਭਾਵਨਾ ਨਾਲ ਭਰਿਆ ਹੋਇਆ ਹੈ। ਇਸ ਦਾ ਮਕਸਦ ਹੈ ਕਿ ਲੋਕਾਂ ਦਾ ਧਿਆਨ ਉੱਤਰ- ਪੂਰਬ ਦੇ ਮੌਜੂਦਾ ਹਾਲਾਤ ਤੋਂ ਭਟਕਾ ਕੇ ਅਤੀਤ ਵੱਲ ਲਿਜਾਇਆ ਜਾਵੇ। ਮਨੀਪੁਰ ਪਿਛਲੇ ਤਿੰਨ ਮਹੀਨਿਆਂ ਤੋਂ ਅੱਗ ਵਿਚ ਸੜ ਰਿਹਾ ਹੈ। ਇਸ ਦੇ ਨਸਲੀ ਟਕਰਾਅ ਦਾ ਕੋਈ ਹੱਲ ਦਿਖਾਈ ਨਹੀਂ ਦੇ ਰਿਹਾ; ਇਸ ਦੌਰਾਨ ਨਵੀਂ ਚਿੰਤਾ ਦਾ ਵਿਸ਼ਾ ਇਹ ਹੈ ਕਿ ਇਨ੍ਹਾਂ ਘਟਨਾਵਾਂ ਦਾ ਮਿਜ਼ੋਰਮ, ਨਾਗਾਲੈਂਡ ਅਤੇ ਮੇਘਾਲਿਆ ਵਿਚ ਵੀ ਅਸਰ ਪੈ ਰਿਹਾ ਹੈ। ਮਨੀਪੁਰ ਵਿਚ ਹੋ ਰਹੀ ਹਿੰਸਾ ਤੇ ਸੰਤਾਪ ਅਤੇ ਸਮੁੱਚੇ ਤੌਰ ’ਤੇ ਉੱਤਰ-ਪੂਰਬ ਵਿਚ ਬਣ ਰਹੀ ਨਾਜ਼ੁਕ ਸਥਿਤੀ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ‘ਡਬਲ ਇੰਜਣ ਸਰਕਾਰ’ ਦੀ ਬਣਦੀ ਹੈ। ਪਿਛਲੇ ਕਈ ਸਾਲਾਂ ਤੋਂ ਭਾਜਪਾ ਸੂਬੇ ਅਤੇ ਕੇਂਦਰ ਦੀ ਸੱਤਾ ਵਿਚ ਹੈ ਨਾ ਕਿ ਕਾਂਗਰਸ। ਇਸ ਖ਼ੂਨੀ ਸੰਘਰਸ਼ ਨੂੰ ਰੋਕਣ ਤੋਂ ਨਾਕਾਮੀ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਤਿੰਨ ਬੰਦਿਆਂ ਦੀ ਹੈ ਜਨਿ੍ਹਾਂ ਵਿਚ ਮਨੀਪੁਰ ਦਾ ਮੁੱਖ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਸ਼ਾਮਲ ਹਨ ਹਾਲਾਂਕਿ ਇਸ ਖਿੱਤੇ ਲਈ ਸੱਤਾਧਾਰੀ ਪਾਰਟੀ ਦੇ ‘ਸੰਕਟਮੋਚਕ’ ਵਜੋਂ ਵਿਚਰਦੇ ਰਹੇ ਅਸਾਮ ਦੇ ਮੁੱਖ ਮੰਤਰੀ ਵੀ ਇਸ ਤੋਂ ਬਚ ਨਹੀਂ ਸਕਦੇ।
ਆਪਣੇ ਆਪ ਅਤੇ ਆਪਣੀ ਪਾਰਟੀ ਨੂੰ ਮਨੀਪੁਰ ਦੀ ਤ੍ਰਾਸਦੀ ਤੋਂ ਬਚਾਉਣ ਦੇ ਮਕਸਦ ਨਾਲ ਅਸਾਮ ਦੇ ਮੁੱਖ ਮੰਤਰੀ ਹੁਣ ਕਈ ਦਹਾਕੇ ਪਹਿਲਾਂ ਇਸ ਦੁਨੀਆ ਤੋਂ ਰੁਖ਼ਸਤ ਹੋ ਚੁੱਕੇ ਬੰਦਿਆਂ ਬਾਰੇ ਚਰਚਾ ਕਰਨੀ ਚਾਹੁੰਦੇ ਹਨ। ਇਸ ਮਾਮਲੇ ਵਿਚ ਉਹ ਮਹਿਜ਼ ਆਪਣੇ ‘ਆਕਾਵਾਂ’ ਦੀ ਨਕਲ ਮਾਰ ਰਹੇ ਹਨ ਜੋ ਹਰ ਵਕਤ ਇਹੋ ਜਿਹੀ ਦੂਸ਼ਣਬਾਜ਼ੀ ਕਰਦੇ ਰਹਿੰਦੇ ਹਨ। ਜਦੋਂ ਉਨ੍ਹਾਂ ਦੀ ਸਰਕਾਰ ਵੱਲੋਂ ਨਾਗਰਿਕ ਆਜ਼ਾਦੀਆਂ ਨੂੰ ਕੁਚਲਣ ਦੇ ਸਬੂਤ ਸਾਹਮਣੇ ਰੱਖੇ ਜਾਂਦੇ ਹਨ ਤਾਂ ਉਹ ਇੰਦਰਾ ਗਾਂਧੀ ਅਤੇ 1975 ਦੀ ਐਮਰਜੈਂਸੀ ਦੀ ਦੁਹਾਈ ਦੇਣ ਲੱਗਦੇ ਹਨ। ਜਦੋਂ ਭਾਰਤ ਦੇ ਖੇਤਰ ਵਿਚ ਚੀਨ ਦੀ ਘੁਸਪੈਠ ਦੇ ਠੋਸ ਸਬੂਤ ਸਾਹਮਣੇ ਲਿਆਂਦੇ ਜਾਂਦੇ ਹਨ ਤਾਂ ਉਹ ਜਵਾਹਰਲਾਲ ਨਹਿਰੂ ਅਤੇ 1962 ਦੀ ਜੰਗ ਦੇ ਹਵਾਲੇ ਦੇਣ ਲੱਗਦੇ ਹਨ।
ਮੈਂ ਕੋਈ ਕਾਂਗਰਸੀ ਨਹੀਂ ਹਾਂ ਅਤੇ ਅਤੀਤ ਦੇ ਪਾਰਟੀ ਦੇ ਪ੍ਰਧਾਨ ਮੰਤਰੀਆਂ ਬਾਰੇ ਨਿੱਜੀ ਤੌਰ ’ਤੇ ਕੋਈ ਜਾਣਕਾਰੀ ਨਹੀਂ ਰੱਖਦਾ ਪਰ ਮੈਂ ਵੇਰੀਅਰ ਐਲਵਨਿ ਦਾ ਜੀਵਨੀਕਾਰ ਹਾਂ ਅਤੇ ਉਸ ’ਤੇ ਅਜਿਹੇ ਲੋਕਾਂ ਦੀ ਚਿੱਕੜ ਉਛਾਲੀ ਨੂੰ ਚੁੱਪ ਕਰ ਕੇ ਨਹੀਂ ਸੁਣ ਸਕਦਾ ਜੋ ਆਪਣੀ ਫ਼ਿਰਕਾਪ੍ਰਸਤ ਸੋਚ ਕਰਕੇ ਉਸ ਨੂੰ ਸਮਝਣ ਤੋਂ ਲਾਚਾਰ ਹਨ ਕਿ ਕਵਿੇਂ ਕੋਈ ਇਸਾਈ ਆਪਣਾ ਚਰਚ ਛੱਡ ਕੇ ਧਾਰਮਿਕ ਬਹੁਵਾਦ ਨੂੰ ਅਪਣਾ ਸਕਦਾ ਹੈ ਜਾਂ ਕਵਿੇਂ ਕਿਸੇ ਹੋਰ ਮੁਲਕ ਵਿਚ ਜੰਮਿਆ ਕੋਈ ਸ਼ਖ਼ਸ ਇਸ ਮੁਲਕ ਵਿਚ ਆ ਕੇ ਅਤੇ ਇਸ ਨੂੰ ਅਪਣਾ ਕੇ ਇੰਨਾ ਯੋਗਦਾਨ ਦੇ ਸਕਦਾ ਹੈ।
ਯਕੀਨਨ, ਵੇਰੀਅਰ ਐਲਵਨਿ ਵਿਚ ਵੀ ਨੁਕਸ ਹੋਣਗੇ। ਉਹ ਆਪਣੇ ਵਿਸ਼ਿਆਂ ਪ੍ਰਤੀ ਬਹੁਤ ਜ਼ਿਆਦਾ ਰੁਮਾਂਟਿਕ ਹੋ ਜਾਂਦੇ ਸਨ। ਉਹ ਇਕ ਗੋਂਡ ਔਰਤ ਨਾਲ ਆਪਣੀ ਪਹਿਲੀ ਸ਼ਾਦੀ ਦੀ ਨਾਕਾਮੀ ਲਈ ਜ਼ਿੰਮੇਵਾਰ ਹੋ ਸਕਦਾ ਹੈ (ਉਸ ਦੀ ਦੂਜੀ ਸ਼ਾਦੀ ਵੀ ਇਕ ਆਦਵਿਾਸੀ ਔਰਤ ਨਾਲ ਹੋਈ ਜੋ ਜ਼ਿਆਦਾ ਸਫ਼ਲ ਸਾਬਿਤ ਹੋਈ)। ਫਿਰ ਵੀ ਉਸ ਦੇ ਕਾਰਜ ਅਤੇ ਦੇਣ ਦਾ ਮਹੱਤਵ ਘਟਦਾ ਨਹੀਂ। ਮੱਧ ਭਾਰਤ ਵਿਚ ਕਬਾਇਲੀ ਜੀਵਨ ਬਾਰੇ ਉਸ ਦਾ ਅਧਿਐਨ ਵਾਕਈ ਬਾਕਮਾਲ ਹੈ। ਉਸ ਦੀ ਕਿਤਾਬ ‘ਏ ਫਿਲਾਸਫੀ ਫਾਰ ਨੇਫਾ’ ਕਬਾਇਲੀ ਲੋਕਾਂ ਨੂੰ ਉਨ੍ਹਾਂ ਦੀ ਜ਼ਮੀਨ ਤੋਂ ਉਜਾੜੇ ਅਤੇ ਉਨ੍ਹਾਂ ਦੇ ਸਭਿਆਚਾਰ ਨੂੰ ਸ਼ਰਮਿੰਦਾ ਕੀਤੇ ਬਗ਼ੈਰ ਉਨ੍ਹਾਂ ਦੇ ਭੌਤਿਕ ਉਥਾਨ ਲਈ ਸੇਧਗਾਰ ਮੰਨੀ ਜਾਂਦੀ ਹੈ।
ਜਨਿ੍ਹਾਂ ਲੋਕਾਂ ਕੋਲ ਵਟਸਐਪ ਸੰਦੇਸ਼ ਫਾਰਵਰਡ ਕਰਨ ਤੋਂ ਇਲਾਵਾ ਕਿਤਾਬਾਂ ਪੜ੍ਹਨ ਦਾ ਸਮਾਂ ਹੈ, ਉਹ ਮੇਰੀ ਲਿਖੀ ਜੀਵਨੀ ਜਾਂ ਐਲਵਨਿ ਦੀਆਂ ਆਪਣੀਆਂ ਲਿਖਤਾਂ ਪੜ੍ਹ ਕੇ ਇਕ ਅਜਿਹੇ ਵਿਦਵਾਨ ਅਤੇ ਜਨ ਸੇਵਕ ਦੀ ਭਾਰਤ ਨਾਲ ਪ੍ਰਤੀਬੱਧਤਾ ਬਾਰੇ ਹੋਰ ਜ਼ਿਆਦਾ ਜਾਣ ਸਕਦੇ ਹਨ ਜਿਸ ਨੂੰ ਕੱਟੜਪੰਥੀ ਵਿਚਾਰਧਾਰਾ ਵਾਲਿਆਂ ਵੱਲੋਂ ਬਦਨਾਮ ਕੀਤਾ ਜਾ ਰਿਹਾ ਹੈ। ਮੈਂ ਇਸ ਕਾਲਮ ਦਾ ਅੰਤ ਐਲਵਨਿ ਬਾਰੇ ਉਸ ਦੇ ਸਮਕਾਲੀਆਂ ਵੱਲੋਂ ਦਿੱਤੇ ਗਏ ਤਿੰਨ ਫ਼ਤਵਿਆਂ ਨਾਲ ਕਰ ਰਿਹਾ ਹਾਂ। ਉੱਘੇ ਮਾਨਵ-ਵਿਗਿਆਨੀ ਐੱਸ.ਸੀ. ਦੂਬੇ ਲਿਖਦੇ ਹਨ ਕਿ ‘ਐਲਵਨਿ ਕੋਈ ਖੁਸ਼ਕ ਕਿਸਮ ਦਾ ਤਕਨੀਸ਼ਨ ਨਹੀਂ ਸੀ; ਉਹ ਇਕ ਕਵੀ ਸੀ, ਕਲਾਕਾਰ ਸੀ ਅਤੇ ਇਕ ਫਿਲਾਸਫ਼ਰ ਸੀ’ ਜਿਸ ਨੇ ਆਪਣੇ ਨਿੱਜੀ ਯਤਨਾਂ ਸਦਕਾ ਦੇਸ਼ ਅੰਦਰ ਮੌਜੂਦ ਭਾਰੀ ਭਰਕਮ ਸਟਾਫ ਵਾਲੇ ਵੱਡੇ ਖੋਜ ਅਦਾਰਿਆਂ ਨਾਲੋਂ ਵਧੇਰੇ ਅਤੇ ਉਮਦਾ ਕੰਮ ਕੀਤਾ। ਐਲਵਨਿ ਦੇ ਦੇਹਾਂਤ ’ਤੇ ‘ਅੰਮ੍ਰਿਤਾ ਬਾਜ਼ਾਰ ਪੱਤ੍ਰਿਕਾ’ ਵਿਚ ਛਪੇ ਇਕ ਸੰਪਾਦਕੀ ਵਿਚ ਕਿਹਾ ਗਿਆ ਸੀ ਕਿ ਦੇਸ਼ ਨੇ ਨਾ ਕੇਵਲ ਇਕ ਸਭ ਤੋਂ ਵੱਧ ਨਾਮਵਰ ਮਾਨਵ-ਵਿਗਿਆਨੀ ਨੂੰ ਸਗੋਂ ਭਾਰਤ ਨੂੰ ਆਪਣਾ ਘਰ ਬਣਾਉਣ ਵਾਲੇ ਅਤੇ ਇਸ ਦੇ ਲੋਕਾਂ ਨਾਲ ਰਚ-ਮਿਚ ਜਾਣ ਵਾਲੇ ਸ਼ਾਇਦ ਆਖ਼ਰੀ ਉਦਾਰਚਿੱਤ ਅੰਗਰੇਜ਼ ਨੂੰ ਵੀ ਗੁਆ ਲਿਆ ਹੈ। ਕਲਕੱਤੇ ਤੋਂ ਛਪਦੇ ਇਸ ਅਖ਼ਬਾਰ ਦੇ ਉਸੇ ਅੰਕ ਵਿਚ ਇਕ ਉੱਘੀ ਬੰਗਾਲੀ ਸਟੇਜ ਕੰਪਨੀ ਲਿਟਲ ਥੀਏਟਰ ਗਰੁੱਪ ਵੱਲੋਂ ਇਕ ਸ਼ਰਧਾਂਜਲੀ ਸੰਦੇਸ਼ ਦਿੱਤਾ ਗਿਆ ਜੋ ਇੰਝ ਸੀ: ‘ਡਾ. ਵੇਰੀਅਰ ਐਲਵਨਿ, ਇਕ ਬਿਹਤਰੀਨ ਭਾਰਤੀ।’
ਈ-ਮੇਲ: ramachandraguha@yahoo.in