ਵੇਰਕਾ ਦੇਵੇਗਾ ਹੜ੍ਹ ਪੀੜਤਾਂ ਲਈ ਭੋਜਨ ਦੇ ਪੈਕੇਟ
ਖੇਤਰੀ ਪ੍ਰਤੀਨਿਧ
ਪਟਿਆਲਾ, 11 ਜੁਲਾਈ
ਹੜ੍ਹਾਂ ਕਾਰਨ ਪਟਿਆਲਾ ਅਤੇ ਸੰਗਰੂਰ ਜ਼ਿਲ੍ਹਿਆਂ ਦੇ ਪ੍ਰਭਾਵਿਤ ਵਸਨੀਕਾਂ ਦੀ ਫੌਰੀ ਲੋੜ ਨੂੰ ਪੂਰਾ ਕਰਨ ਲਈ ਵੇਰਕਾ ਮਿਲਕ ਪਲਾਂਟ ਪਟਿਆਲਾ ਨੂੰ ਜ਼ਰੂਰਤ ਅਨੁਸਾਰ ਰੋਜ਼ਾਨਾ ਖਾਣੇ ਦੇ ਪੈਕੇਟ ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਜਾਣਕਾਰੀ ਅੱਜ ਇੱਥੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸਥਾਨਕ ਵੇਰਕਾ ਪਲਾਂਟ ਵਿੱਚ ਭੋਜਨ ਦੇ ਪੈਕੇਟ ਤਿਆਰ ਕਰ ਕੇ ਪਟਿਆਲਾ ਅਤੇ ਸੰਗਰੂਰ ਜ਼ਿਲ੍ਹਿਆਂ ਦੇ ਹੜ੍ਹ ਪ੍ਰਭਾਵਿਤ ਹਿੱਸੇ ਵੰਡੇ ਜਾ ਰਹੇ ਹਨ। ਹਰ ਪੈਕਿੰਗ ਵਿੱਚ ਦੋ ਪੈਕੇਟ ਬਿਸਕੁਟ ਦੇ ਨਾਲ-ਨਾਲ ਪਾਣੀ ਦੀਆਂ ਦੋ ਬੋਤਲਾਂ, ਵੇਰਕਾ ਦੁੱਧ ਦੇ ਦੋ ਪੈਕੇਟ, ਬਰੈਡ, ਵੇਰਕਾ ਕਾਜੂ ਪਿੰਨੀ, ਚਮਚ, ਕੱਪ, ਮੋਮਬੱਤੀਆਂ ਅਤੇ ਮੈਚਸਟਿਕਸ ਹੋਣਗੀਆਂ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇਸ ਭੋਜਨ ਵੰਡ ਦੀ ਪ੍ਰੀਕਿਰਿਆ ਦੀ ਸਮੀਖਿਆ ਵੀ ਕੀਤੀ। ਵੇਰਕਾ ਮਿਲਕ ਪਟਿਆਲਾ ਦੇ ਜਨਰਲ ਮੈਨੇਜਰ, ਡਾ. ਸੁਰਜੀਤ ਸਿੰਘ ਭਦੌੜ ਨੇ ਦੱਸਿਆ ਕਿ ਵੇਰਕਾ ਮਿਲਕ ਪਲਾਂਟ ਵੱਲੋਂ ਕੱਲ੍ਹ ਤੋਂ ਹੀ ਭੋਜਨ ਦੇ ਪੈਕਟ ਵੰਡੇ ਜਾ ਰਹੇ ਹਨ। ਡੀਐਫਐਸਸੀ ਡਾ. ਰਵਿੰਦਰ ਕੌਰ ਨੇ ਕਿਹਾ ਕਿ ਮੰਗ ਨੂੰ ਦੇਖਦੇ ਹੋਏ ਪੈਕੇਟਾਂ ਦੀ ਸਪਲਾਈ ਕੀਤੀ ਜਾਵੇਗੀ।