ਵੇਰਕਾ ਨੇ ਦੁੱਧ ਦੀਆਂ ਖ਼ਰੀਦ ਕੀਮਤਾਂ ਵਧਾਈਆਂ
ਖੇਤਰੀ ਪ੍ਰਤੀਨਿਧ
ਲੁਧਿਆਣਾ, 9 ਜੂਨ
ਵੇਰਕਾ ਮਿਲਕ ਪਲਾਂਟ ਲੁਧਿਆਣਾ ਨੇ ਦੁੱਧ ਦੇ ਖ਼ਰੀਦ ਮੁੱਲਾਂ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਵੇਰਕਾ ਮਿਲਕ ਪਲਾਂਟ ਲੁਧਿਆਣਾ ਨੂੰ ਦੁੱਧ ਸਪਲਾਈ ਕਰਨ ਵਾਲੇ ਡੇਅਰੀ ਕਿਸਾਨਾਂ ਦੇ ਦੁੱਧ ਦੇ ਖ਼ਰੀਦ ਮੁੱਲਾਂ ਵਿੱਚ ਦਸ ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ ਕੀਤਾ ਗਿਆ ਹੈ। ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਜਨਰਲ ਮੈਨੇਜਰ ਡਾ. ਸੁਰਜੀਤ ਸਿੰਘ ਭਦੌੜ ਨੇ ਦੱਸਿਆ ਕਿ ਇਸ ਫ਼ੈਸਲੇ ਅਨੁਸਾਰ ਮੱਝਾਂ ਦੇ ਦੁੱਧ ਦਾ ਭਾਅ ਹੁਣ 810 ਰੁਪਏ ਪ੍ਰਤੀ ਕਿਲੋ ਫੈਟ ਤੋਂ ਵਧਾ ਕੇ 820 ਰੁਪਏ ਪ੍ਰਤੀ ਕਿਲੋ ਕੀਤਾ ਗਿਆ ਹੈ ਅਤੇ ਗਾਵਾਂ ਦੇ ਦੁੱਧ ਦਾ ਭਾਅ 770 ਰੁਪਏ ਪ੍ਰਤੀ ਕਿਲੋ ਫੈਟ ਤੋਂ ਵਧਾ ਕੇ 780 ਰੁਪਏ ਪ੍ਰਤੀ ਕਿਲੋ ਕਰ ਦਿੱਤਾ ਗਿਆ ਹੈ। ਇਹ ਵਾਧਾ 11 ਜੂਨ 2024 ਤੋਂ ਲਾਗੂ ਹੋ ਜਾਵੇਗਾ। ਡਾ. ਭਦੌੜ ਨੇ ਦੱਸਿਆ ਕਿ ਮਿਲਕਫੈੱਡ ਪੰਜਾਬ ਵੱਲੋਂ ਇਹ ਫ਼ੈਸਲਾ ਡੇਅਰੀ ਕਿਸਾਨਾਂ ਦੇ ਇਸ ਮੌਸਮ ਦੌਰਾਨ ਵਧਦੇ ਦੁੱਧ ਪੈਦਾਵਾਰ ਦੇ ਖ਼ਰਚਿਆਂ ਦੇ ਮੱਦੇਨਜ਼ਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗਰਮੀਆਂ ਦੇ ਸੀਜ਼ਨ ਦੌਰਾਨ ਵਧਦੇ ਤਾਪਮਾਨ ਦੇ ਚਲਦਿਆਂ ਪਸ਼ੂਆਂ ਦੇ ਦੁੱਧ ਉਤਪਾਦਨ ਘਟਣ ਕਰ ਕੇ ਕਿਸਾਨਾਂ ਦੇ ਦੁੱਧ ਪੈਦਾਵਾਰ ਦੇ ਖ਼ਰਚੇ ਵਧ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਲੁਧਿਆਣਾ ਵੇਰਕਾ ਮਿਲਕ ਪਲਾਂਟ, ਜ਼ਿਲ੍ਹਾ ਮੋਗਾ ਅਤੇ ਫ਼ਤਹਿਗੜ੍ਹ ਸਾਹਿਬ ਵਿੱਚ ਸਥਾਪਿਤ ਸਹਿਕਾਰੀ ਦੁੱਧ ਸਭਾਵਾਂ ਅਤੇ ਪ੍ਰਗਤੀਸ਼ੀਲ ਡੇਅਰੀ ਫਾਰਮਾਂ ਤੋਂ ਦੁੱਧ ਇਕੱਤਰ ਕਰ ਰਿਹਾ ਹੈ। ਵੇਰਕਾ ਮਿਲਕ ਪਲਾਂਟ ਕਿਸਾਨਾਂ ਨੂੰ ਵਧੀਆ ਦੁੱਧ ਮੁੱਲ ਦੇਣ ਦੇ ਨਾਲ ਨਾਲ ਹੋਰ ਸਹੂਲਤਾਂ ਵੀ ਦੇ ਰਿਹਾ ਹੈ ਜਿਸ ਵਿੱਚ ਡੇਅਰੀ ਕਿਸਾਨਾਂ ਦੇ ਪਸ਼ੂਆਂ ਦੇ ਮੁਫ਼ਤ ਇਲਾਜ ਅਤੇ ਸਬਸਿਡੀ ’ਤੇ ਦੁੱਧ ਚੋਆਈ ਦੀਆਂ ਮਸ਼ੀਨਾਂ ਦੇਣਾ ਵੀ ਸ਼ਾਮਲ ਹੈ।