ਟਰੰਪ ਵਿਰੁੱਧ ਫ਼ੈਸਲਾ
ਅਮਰੀਕਾ ਦੇ ਕੌਲੋਰਾਡੋ ਸੂਬੇ ਦੀ ਸੁਪਰੀਮ ਕੋਰਟ ਨੇ ਫ਼ੈਸਲਾ ਕੀਤਾ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ 2024 ਵਿਚ ਰਾਸ਼ਟਰਪਤੀ ਦੀ ਚੋਣ ਨਹੀਂ ਲੜ ਸਕਦਾ। ਟਰੰਪ ਨੂੰ ਵਾਸ਼ਿੰਗਟਨ ਦੀ ਕੈਪੀਟਲ ਬਿਲਡਿੰਗ (Capitol Building) ਇਲਾਕੇ ਵਿਚ 6 ਜਨਵਰੀ, 2021 ਨੂੰ ਹੋਈਆਂ ਗ਼ੈਰ-ਕਾਨੂੰਨੀ ਘਟਨਾਵਾਂ ਲਈ ਜ਼ਿੰਮੇਵਾਰ ਮੰਨਦਿਆਂ ਉਸ ਨੂੰ ਰਾਸ਼ਟਰਪਤੀ ਦੀ ਚੋਣ ਲੜਨ ਦੇ ਅਯੋਗ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਘਟਨਾਵਾਂ ਵਿਚ ਟਰੰਪ ਦੇ ਹਮਾਇਤੀਆਂ ਨੇ ਉਸ ਦੁਆਰਾ ਚੋਣ ਹਾਰ ਜਾਣ ਤੋਂ ਬਾਅਦ ਕੈਪੀਟਲ ਇਮਾਰਤ ਜਿਸ ਵਿਚ ਅਮਰੀਕਾ ਦੇ ਉੱਪਰਲੇ ਸਦਨ (ਸੈਨੇਟ) ਅਤੇ ਹੇਠਲੇ ਸਦਨ (ਹਾਊਸ ਆਫ ਰੀਪਰੀਜ਼ੈਂਟੇਟਿਵਜ਼) ਦੀ ਬੈਠਕ ਹੁੰਦੀ ਹੈ ਅਤੇ ਹੋਰ ਦਫ਼ਤਰ ਹਨ, ਵਿਚ ਹੁੱਲੜਬਾਜ਼ੀ ਕੀਤੀ ਅਤੇ ਸਦਨਾਂ ਦੇ ਸਾਂਝੇ ਇਜਲਾਸ, ਜਿਸ ਨੇ ਜੋਅ ਬਾਇਡਨ ਦੇ ਰਾਸ਼ਟਰਪਤੀ ਚੁਣੇ ਜਾਣ ਦੀ ਤਾਈਦ ਕਰਨੀ ਸੀ, ਨੂੰ ਰੋਕਣ ਦਾ ਯਤਨ ਕੀਤਾ ਸੀ। ਇਸ ਘਟਨਾ ਨੂੰ ਟਰੰਪ ਦੁਆਰਾ ਘੜੀ ਗਈ ਉਸ ਸਾਜ਼ਿਸ਼ ਦਾ ਹਿੱਸਾ ਮੰਨਿਆ ਜਾਂਦਾ ਹੈ ਜਿਸ ਤਹਿਤ ਉਹ 2020 ਵਿਚ ਹੋਈ ਚੋਣ ਦੇ ਨਤੀਜਿਆਂ ਨੂੰ ਸਵੀਕਾਰ ਨਾ ਕਰ ਕੇ ਤਾਕਤ ’ਤੇ ਕਾਬਜ਼ ਰਹਿਣਾ ਚਾਹੁੰਦਾ ਸੀ। ਅਦਾਲਤ ਨੇ ਆਦੇਸ਼ ਦਿੱਤਾ ਹੈ ਕਿ ਟਰੰਪ ਦਾ ਨਾਂ ਰਿਪਬਲਿਕਨ ਪਾਰਟੀ ਦੀ ਆਪਣਾ ਉਮੀਦਵਾਰ ਚੁਣਨ ਦੀ ਮੁੱਢਲੀ ਪ੍ਰਕਿਰਿਆ ’ਚੋਂ ਖਾਰਜ ਕਰ ਦਿੱਤਾ ਜਾਵੇ। ਅਮਰੀਕਾ ਦੇ ਸੰਵਿਧਾਨ ਦੀ 14ਵੀਂ ਸੋਧ ਦੀ ਧਾਰਾ 3 ਤਹਿਤ ਜੇ ਕੋਈ ਵਿਅਕਤੀ ਅਮਰੀਕਾ ਵਿਰੁੱਧ ਬਗ਼ਾਵਤ ਵਿਚ ਹਿੱਸਾ ਲਵੇ ਤਾਂ ਉਸ ਨੂੰ ਚੋਣ ਲੜਨ ਦੇ ਅਯੋਗ ਮੰਨਿਆ ਜਾਂਦਾ ਹੈ। 4-3 ਦੇ ਬਹੁਮਤ ਨਾਲ ਕੀਤੇ ਇਸ ਫ਼ੈਸਲੇ ਵਿਚ ਅਦਾਲਤ ਅਨੁਸਾਰ 2021 ਵਿਚ ਕੈਪੀਟਲ ਇਮਾਰਤ ਵਿਚ ਹੋਈ ਘਟਨਾ ਬਾਗ਼ੀਆਨਾ ਕਾਰਵਾਈ ਸੀ।
ਕੌਲੋਰਾਡੋ ਦੇ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਪੜਚੋਲ ਅਮਰੀਕਾ ਦੀ ਸੁਪਰੀਮ ਕੋਰਟ ਵਿਚ ਹੋਣੀ ਹੈ। ਕੌਲੋਰਾਡੋ ਦੀ ਸੁਪਰੀਮ ਕੋਰਟ ਦਾ ਫ਼ੈਸਲਾ ਸਿਰਫ਼ ਇਸੇ ਸੂਬੇ ਵਿਚ ਹੀ ਲਾਗੂ ਹੋ ਸਕਦਾ ਹੈ। ਕੌਲੋਰਾਡੋ ਅਮਰੀਕਾ ਦੇ ਪੱਛਮੀ ਖੇਤਰ ਦਾ ਸੂਬਾ ਹੈ ਜਿਸ ਦੀ ਆਬਾਦੀ ਲਗਭਗ 60 ਲੱਖ ਅਤੇ ਵੋਟਰਾਂ ਦੀ ਗਿਣਤੀ ਤਕਰੀਬਨ 38 ਲੱਖ ਹੈ। ਇੱਥੋਂ ਦੀ ਸਿਆਸਤ ਵਿਚ ਡੈਮੋਕਰੇਟਿਕ ਪਾਰਟੀ ਦਾ ਬੋਲਬਾਲਾ ਹੈ। 2020 ਵਿਚ ਟਰੰਪ ਨੂੰ ਇਸ ਸੂਬੇ ਵਿਚ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਟਰੰਪ ਲਈ ਅਸਲੀ ਸਮੱਸਿਆ ਇਹ ਹੈ ਕਿ ਕਈ ਹੋਰ ਸੂਬਿਆਂ ਵਿਚ ਵੀ ਉਸ ਵਿਰੁੱਧ ਅਜਿਹੇ ਕੇਸ ਚੱਲ ਰਹੇ ਹਨ ਅਤੇ ਇਹ ਫ਼ੈਸਲਾ ਉਨ੍ਹਾਂ ਸੂਬਿਆਂ ਦੀਆਂ ਅਦਾਲਤਾਂ ਵਿਚ ਚੱਲ ਰਹੀ ਪ੍ਰਕਿਰਿਆ ਨੂੰ ਅਸਿੱਧੇ ਰੂਪ ਵਿਚ ਪ੍ਰਭਾਵਿਤ ਕਰ ਸਕਦਾ ਹੈ। ਇਸ ਫ਼ੈਸਲੇ ਨਾਲ ਡੈਮੋਕਰੇਟਿਕ ਪਾਰਟੀ ਦੇ ਇਸ ਦਾਅਵੇ ਨੂੰ ਵੀ ਮਜ਼ਬੂਤੀ ਮਿਲਦੀ ਹੈ ਕਿ ਜਨਵਰੀ 2021 ਵਿਚ ਕੈਪੀਟਲ ਇਮਾਰਤ ਵਿਚ ਹੋਈਆਂ ਗ਼ੈਰ-ਕਾਨੂੰਨੀ ਕਾਰਵਾਈਆਂ ਟਰੰਪ ਦੀ ਸ਼ਹਿ ’ਤੇ ਕੀਤੀਆਂ ਗਈਆਂ।
ਕੈਪੀਟਲ ਇਮਾਰਤ ਵਿਚ ਹੋਈਆਂ ਗ਼ੈਰ-ਕਾਨੂੰਨੀ ਕਾਰਵਾਈਆਂ ਅਤੇ ਹਿੰਸਾ ਕਾਰਨ ਅਮਰੀਕਾ ਦੇ ਜਮਹੂਰੀ ਅਕਸ ਨੂੰ ਵੱਡਾ ਧੱਕਾ ਲੱਗਾ ਸੀ। ਕੌਲੋਰਾਡੋ ਦੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ‘‘ਰਾਸ਼ਟਰਪਤੀ ਟਰੰਪ ਦਾ ਕਈ ਮਹੀਨਿਆਂ ਤੋਂ ਆਪਣੇ ਹਮਾਇਤੀਆਂ ਨੂੰ ਕੈਪੀਟਲ ਇਮਾਰਤ ਵੱਲ ਅਜਿਹਾ ਮੋਰਚਾ ਕੱਢਣ ਲਈ ਪ੍ਰੇਰਿਤ ਕਰਨਾ ਬਿਨਾਂ ਸ਼ੱਕ ਖੁੱਲ੍ਹਮ-ਖੁੱਲ੍ਹੇ ਤੌਰ ’ਤੇ ਉਸ ਦੀ ਹਦਾਇਤ ਅਨੁਸਾਰ ਕੀਤੀ ਗਈ ਕਾਰਵਾਈ ਸੀ; ਉਸ (ਟਰੰਪ) ਅਨੁਸਾਰ ਉਹ ਇਹ ਕਾਰਵਾਈ ਦੇਸ਼ ਨੂੰ ਲੋਕਾਂ ਨੂੰ ਉਨ੍ਹਾਂ ਨਾਲ ਕੀਤੇ ਜਾ ਰਹੇ ਧੋਖੇ (ਟਰੰਪ ਅਨੁਸਾਰ ਚੋਣਾਂ ਵਿਚ ਉਸ ਨੂੰ ਧੋਖੇ ਨਾਲ ਹਰਾਇਆ ਗਿਆ ਸੀ) ਤੋਂ ਬਚਾਉਣ ਲਈ ਕਰ ਰਿਹਾ ਸੀ।’’ ਇਹ ਆਉਣ ਵਾਲੇ ਦਿਨ ਹੀ ਦੱਸਣਗੇ ਕਿ ਕੌਲੋਰਾਡੋ ਦੀ ਸੁਪਰੀਮ ਕੋਰਟ ਦਾ ਇਹ ਫ਼ੈਸਲਾ ਅਮਰੀਕਾ ਦੀ ਸਿਆਸਤ ’ਤੇ ਕੀ ਅਸਰ ਪਾਉਂਦਾ ਹੈ।