ਸੜਕ ’ਤੇ ਖੜ੍ਹਨ ਵਾਲੇ ਵਾਹਨ ਬਣ ਰਹੇ ਨੇ ਹਾਦਸਿਆਂ ਦਾ ਕਾਰਨ
ਜਗਮੋਹਨ ਸਿੰਘ
ਰੂਪਨਗਰ, 3 ਫਰਵਰੀ
ਇੱਥੇ ਨੰਗਲ ਮਾਰਗ ’ਤੇ ਸਥਿਤ ਹੋਲੀ ਫੈਮਿਲੀ ਸਕੂਲ ਦੇ ਸਾਹਮਣੇ ਡਰਾਈਵਰਾਂ ਵੱਲੋਂ ਖੜ੍ਹਾਏ ਜਾਂਦੇ ਟਰੱਕ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਦੇ ਬਿਲਕੁਲ ਸਾਹਮਣੇ ਕੌਮੀ ਮਾਰਗ ’ਤੇ ਸ਼ਰਾਬ ਦਾ ਠੇਕਾ ਖੁੱਲ੍ਹਿਆ ਹੋਇਆ ਹੈ ਤੇ ਸ਼ਾਮ ਦੇ ਸਮੇਂ ਰੂਪਨਗਰ-ਨੰਗਲ ਮਾਰਗ ’ਤੇ ਟਰੱਕ, ਟਰਾਲੇ ਤੇ ਹੋਰ ਵਾਹਨ ਚਾਲਕ ਆਪਣੇ ਵਾਹਨ ਖੜ੍ਹਾ ਕੇ ਸੜਕ ਦਾ ਡਿਵਾਈਡਰ ਟੱਪ ਕੇ ਦੂਜੇ ਪਾਸੇ ਸਥਿਤ ਠੇਕੇ ਤੋਂ ਸ਼ਰਾਬ ਪੀਣ ਜਾਂ ਖ਼ਰੀਦਣ ਲਈ ਚਲੇ ਜਾਂਦੇ ਹਨ। ਉੱਥੋਂ ਸ਼ਰਾਬ ਪੀ ਕੇ ਪਰਤਦੇ ਹਨ ਤਾਂ ਉਹ ਨਸ਼ੇ ਦੀ ਹਾਲਤ ਵਿੱਚ ਹੋਣ ਕਾਰਨ ਅਕਸਰ ਕਿਸੇ ਨਾ ਕਿਸੇ ਵਾਹਨ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਹਾਦਸਾ ਵਾਪਰਨ ਉਪਰੰਤ ਇਨ੍ਹਾਂ ਦੇ ਪੈਦਲ ਹੋਣ ਕਾਰਨ ਪੁਲੀਸ ਵੱਲੋਂ ਕਸੂਰ ਇਨ੍ਹਾਂ ਨਾਲ ਟਕਰਾਉਣ ਵਾਲੇ ਵਾਹਨ ਚਾਲਕ ਦਾ ਹੀ ਕੱਢਿਆ ਜਾਂਦਾ ਹੈ। ਲੋਕਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇੱਥੇ ਇਸ ਤਰ੍ਹਾਂ ਦੇ ਬਹੁਤ ਸਾਰੇ ਹਾਦਸੇ ਵਾਪਰ ਚੁੱਕੇ ਹਨ। ਲੋਕਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਤੋਂ ਮੰਗ ਕੀਤੀ ਗਈ ਹੈ ਕਿ ਇਸ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ।
ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ’ਤੇ ਤਾਇਨਾਤ ਕੀਤੀ ਸੜਕ ਸੁਰੱਖਿਆ ਫੋਰਸ ਦੇ ਇਸ ਮਾਰਗ ਨਾਲ ਸਬੰਧਤ ਵਾਹਨ ਦੇ ਇੰਚਾਰਜ ਸੀਤਾ ਰਾਮ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਹਾਲੇ ਨਾ ਤਾਂ ਉਨ੍ਹਾਂ ਨੂੰ ਗੱਡੀ ਵਿੱਚ ਪਾਉਣ ਲਈ ਤੇਲ ਮਿਲਿਆ ਹੈ ਅਤੇ ਨਾ ਹੀ ਚਲਾਨ ਕੱਟਣ ਲਈ ਮਸ਼ੀਨ ਮਿਲੀ ਹੈ।
ਇਸ ਸਬੰਧੀ ਐੱਸਐੱਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੇ ਭਰੋਸਾ ਦਿੱਤਾ ਕਿ ਉਹ ਇਸ ਸਬੰਧੀ ਜਾਂਚ ਕਰਵਾਉਣਗੇ।
‘ਸੜਕ ਪਾਰ ਕਰ ਕੇ ਆਉਣ ਵਾਲਿਆਂ ਨੂੰ ਨਹੀਂ ਵੇਚੀ ਜਾਵੇਗੀ ਸ਼ਰਾਬ’
ਸ਼ਰਾਬ ਦੇ ਠੇਕੇ ਦੇ ਠੇਕੇਦਾਰ ਦੇ ਨੁਮਾਇੰਦੇ ਬਲਵੰਤ ਸਿੰਘ ਨੇ ਭਰੋਸਾ ਦਿੱਤਾ ਕਿ ਉਹ ਇਸ ਸਬੰਧੀ ਆਪਣੇ ਕਾਰਿੰਦਿਆਂ ਨੂੰ ਹਦਾਇਤ ਕਰਨਗੇ ਕਿ ਸੜਕ ਪਾਰ ਕਰ ਕੇ ਸ਼ਰਾਬ ਖ਼ਰੀਦਣ ਲਈ ਆਉਣ ਵਾਲੇ ਗਾਹਕਾਂ ਨੂੰ ਸ਼ਰਾਬ ਨਾ ਵੇਚੀ ਜਾਵੇ।