ਵਾਹਨ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼
ਪੱਤਰ ਪ੍ਰੇਰਕ
ਜਲੰਧਰ, 22 ਅਕਤੂਬਰ
ਜਲੰਧਰ ਦਿਹਾਤੀ ਪੁਲੀਸ ਦੀ ਸੀਆਈਏ ਟੀਮ ਨੇ ਅੰਤਰ-ਜ਼ਿਲ੍ਹਾ ਵਾਹਨ ਚੋਰੀ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਅੱਠ ਮੋਟਰਸਾਈਕਲਾਂ ਅਤੇ ਇੱਕ ਸਕੂਟਰ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਸੌਰਵ ਕੁਮਾਰ ਉਰਫ ਸੋਭਾ , ਸੁਨੀਲ ਕੁਮਾਰ ਅਤੇ ਸੁਖਰਾਜ ਕੁਮਾਰ ਉਰਫ ਘੰਨੂ ਤਿਨੋਂ ਵਾਸੀ ਖੁਰਦਪੁਰ ਵਜੋਂ ਹੋਈ ਹੈ। ਐੱਸਐੱਸਪੀ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇਹ ਅਪਰੇਸ਼ਨ ਸਟਰੀਟ ਕ੍ਰਾਈਮ ਨੂੰ ਰੋਕਣ ਲਈ ਇੱਕ ਅਹਿਮ ਕਦਮ ਹੈ। ਇਹ ਗਰੋਹ ਸਰਗਰਮੀ ਨਾਲ ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਵਾਹਨ ਚੋਰੀ ਕਰ ਰਿਹਾ ਸੀ। ਇਸ ਕਾਰਵਾਈ ਨੂੰ ਐੱਸਪੀ ਇਨਵੈਸਟੀਗੇਸ਼ਨ ਜਗਰੂਪ ਕੌਰ ਬਾਠ ਅਤੇ ਡੀਐੱਸਪੀ ਡੀ ਸਵਰਨਜੀਤ ਸਿੰਘ ਦੀ ਅਗਵਾਈ ਹੇਠ ਇੰਸਪੈਕਟਰ ਪੁਸ਼ਪ ਬਾਲੀ ਦੀ ਅਗਵਾਈ ਹੇਠ ਸੀਆਈਏ ਟੀਮ ਨੇ ਅੰਜਾਮ ਦਿੱਤਾ।
ਇਹ ਗਰੋਹ ਪਤਾ ਲੱਗਣ ਤੋਂ ਬਚਣ ਲਈ ਜਾਅਲੀ ਨੰਬਰ ਪਲੇਟਾਂ ਦੀ ਵਰਤੋਂ ਕਰਦਾ ਸੀ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਗੈਂਗ ਦੇ ਦੋ ਹੋਰ ਮੈਂਬਰਾਂ ਰੁਪਿੰਦਰ ਸਿੰਘ ਉਰਫ ਗੋਪੀ ਅਤੇ ਵਿਸ਼ਾਲ ਦੇ ਨਾਵਾਂ ਦਾ ਖੁਲਾਸਾ ਕੀਤਾ, ਜੋ ਫਰਾਰ ਹਨ। ਫਿਲਹਾਲ ਇਨ੍ਹਾਂ ਸ਼ੱਕੀਆਂ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ।