ਵਾਹਨ ਪ੍ਰਦੂਸ਼ਣ ਸਰਟੀਫਿਕੇਟ ਮੁੜ ਬਣਨੇ ਸ਼ੁਰੂ
ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਜੁਲਾਈ
ਟਰਾਂਸਪੋਰਟ ਵਿਭਾਗ ਵੱਲੋਂ ਪ੍ਰਦੂਸ਼ਣ ਅੰਡਰ ਕੰਟਰੋਲ (ਪੀਯੂਸੀ) ਸਰਟੀਫਿਕੇਟ ਮੁੜ ਬਣਾਉਣ ਦੇ ਕੀਤੇ ਐਲਾਨ ਮਗਰੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 10 ਦਿਨਾਂ ਤੋਂ ਹੜਤਾਲ ’ਤੇ ਚੱਲ ਰਹੀ ਦਿੱਲੀ ਪੈਟਰੋਲ ਡੀਲਰਜ਼ ਐਸੋਸੀਏਸ਼ਨ ਨੇ ਅੱਜ ਆਪਣੀ ਹੜਤਾਲ ਸਮਾਪਤ ਕਰ ਦਿੱਤੀ ਹੈ। ਡੀਪੀਡੀਏ ਮੁਤਾਬਕ ਇਹ ਫੈਸਲਾ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਨਾਲ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ। ਹੁਣ ਤੱਕ 400 ਪੈਟਰੋਲ ਪੰਪਾਂ ’ਤੇ ਸਥਿਤ 644 ਪੀਯੂਸੀ ਕੇਂਦਰ ਬੰਦ ਸਨ, ਜਿਸ ਕਰ ਕੇ ਵਾਹਨ ਮਾਲਕਾਂ ਨੂੰ ਸਰਟੀਫਿਕੇਟ ਬਣਾਉਣ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਦਿੱਲੀ ਪੈਟਰੋਲ ਡੀਲਰਜ਼ ਐਸੋਸੀਏਸ਼ਨ (ਡੀਪੀਡੀਏ) ਨੇ ਦਿੱਲੀ ਭਰ ਦੇ ਪੈਟਰੋਲ ਪੰਪਾਂ ’ਤੇ ਸਥਿਤ ਵਾਹਨ ਪ੍ਰਦੂਸ਼ਣ ਕੰਟਰੋਲ ਕੇਂਦਰਾਂ (ਪੀਯੂਸੀ) ਦੀ ਹੜਤਾਲ ਵਾਪਸ ਲੈ ਲਈ ਹੈ। ਇਹ ਹੜਤਾਲ 15 ਜੁਲਾਈ ਤੋਂ ਚੱਲ ਰਹੀ ਸੀ। ਹੜਤਾਲ ਪੀਯੂਸੀ ਫੀਸਾਂ ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਕੀਤੀ ਜਾ ਰਹੀ ਸੀ ਤੇ ਸਰਕਾਰ ਇਸ ਮਾਮਲੇ ਵਿੱਚ ਸਖ਼ਤੀ ਅਪਣਾ ਰਹੀ ਸੀ। ਡੀਪੀਡੀਏ ਅਨੁਸਾਰ ਇਹ ਫੈਸਲਾ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਨਾਲ ਹੋਈ ਮੀਟਿੰਗ ਵਿੱਚ ਲਿਆ ਗਿਆ, ਜਿਸ ਵਿੱਚ ਦਿੱਲੀ ਦੀ ਆਮ ਜਨਤਾ ਦੇ ਹਿੱਤ ਵਿੱਚ ਹੜਤਾਲ ਨੂੰ ਤੁਰੰਤ ਵਾਪਸ ਲੈ ਲਿਆ ਗਿਆ ਹੈ ਅਤੇ ਪੀਯੂਸੀ ਸਰਟੀਫਿਕੇਟ ਮੁੜ ਦੇਣੇ ਸ਼ੁਰੂ ਕਰ ਦਿੱਤੇ ਗਏ ਹਨ। ਦੱਸਿਆ ਗਿਆ ਕਿ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਦਰਾਂ ਦੀ ਤਬਦੀਲੀ ਦੇ ਪਹਿਲੂ ’ਤੇ ਮੁੜ ਵਿਚਾਰ ਕਰਨ ਲਈ ਸਹਿਮਤੀ ਦਿੱਤੀ ਹੈ।
ਡੀਪੀਡੀਏ ਜਲਦੀ ਹੀ ਇਸ ਸਬੰਧੀ ਵਿਸਥਾਰਤ ਰਿਪੋਰਟ ਪੇਸ਼ ਕਰੇਗਾ। ਜ਼ਿਕਰਯੋਗ ਹੈ ਕਿ ਡੀਪੀਡੀਏ ਵੱਲੋਂ ਕੀਤੀ ਜਾ ਰਹੀ ਹੜਤਾਲ ਕਾਰਨ ਲੋਕਾਂ ਦੇ ਪ੍ਰਦੂਸ਼ਣ ਸਰਟੀਫਿਕੇਟ ਨਹੀਂ ਬਣ ਰਹੇ ਸਨ, ਜਿਸ ਕਾਰਨ ਉਨ੍ਹਾਂ ਨੂੰ ਟਰੈਫਿਕ ਪੁਲੀਸ ਦੀ ਕਾਰਵਾਈ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਸੀ।