For the best experience, open
https://m.punjabitribuneonline.com
on your mobile browser.
Advertisement

ਮਾਲਵੇ ਵਿੱਚ ਫਲਾਂ ਨਾਲੋਂ ਮਹਿੰਗੀਆਂ ਹੋਈਆਂ ਸਬਜ਼ੀਆਂ

09:17 AM Jun 30, 2024 IST
ਮਾਲਵੇ ਵਿੱਚ ਫਲਾਂ ਨਾਲੋਂ ਮਹਿੰਗੀਆਂ ਹੋਈਆਂ ਸਬਜ਼ੀਆਂ
ਮਾਨਸਾ ਵਿੱਚ ਮਹਿੰਗੇ ਭਾਅ ਦੀ ਸਬਜ਼ੀ ਖ਼ਰੀਦ ਰਿਹਾ ਇੱਕ ਗਾਹਕ। -ਫੋਟੋ: ਸੁਰੇਸ਼
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 29 ਜੂਨ
ਮਾਲਵਾ ਪੱਟੀ ਵਿੱਚ ਮੀਂਹ ਪੈਣ ਤੋਂ ਬਾਅਦ ਸਬਜ਼ੀਆਂ ਦੇ ਰੇਟ ਫਲਾਂ ਨਾਲੋਂ ਮਹਿੰਗੇ ਹੋ ਗਏ ਹਨ। ਹੁਣ ਕੱਦੂ-ਤੋਰੀਆਂ ਦੁਸਹਿਰੀ ਅੰਬਾਂ ਨਾਲੋਂ ਮਹਿੰਗੀਆਂ ਹੋ ਗਈਆਂ ਹਨ। ਹਰੇ ਮਟਰਾਂ ਦੇ ਭਾਅ ਆਲੂ ਬੁਖਾਰੇ ਦੇ ਬਰਾਬਰ ਜਾ ਵੱਜੇ ਹਨ ਅਤੇ ਗੁਆਰੇ ਦੀਆਂ ਫਲੀਆਂ ਵਾਲੀਆਂ ਕੀਮਤਾਂ ਲੀਚੀਆਂ ਨੂੰ ਪਿੱਛੇ ਛੱਡ ਗਈਆਂ ਹਨ। ਭਾਵੇਂ ਮਹਿੰਗਾਈ ਹੋਰਨਾਂ ਖੇਤਰਾਂ ਵਿੱਚ ਵੀ ਵਧੀ ਹੈ, ਪਰ ਸ਼ਬਜੀਆਂ ਦੀ ਖਪਤ ਨਾ ਘਟਾਈ ਜਾ ਸਕਣ ਕਰਕੇ ਆਮ ਲੋਕ ਤੰਗੀ-ਤੁਰਸ਼ੀ ਦੀ ਜ਼ਿੰਦਗੀ ਗੁਜਾਰਨ ਲਈ ਮਜਬੂਰ ਹੋਣ ਲੱਗੇ ਹਨ।
ਜਾਣਕਾਰੀ ਅਨੁਸਾਰ ਇਸ ਵੇਲੇ ਤੋਰੀ ਦਾ ਭਾਅ 80 ਰੁਪਏ ਕਿਲੋ ਚੱਲ ਰਿਹਾ ਹੈ, ਗੁਆਰੇ ਅਤੇ ਚੌਲਿਆਂ ਦੀਆਂ ਫਲ਼ੀਆਂ 100 ਰੁਪਏ ਕਿਲੋ ਵਿਕ ਰਹੀਆਂ ਹਨ। ਇਸੇ ਤਰ੍ਹਾਂ ਭਿੰਡੀ 60 ਰੁਪਏ, ਬੈਂਗਣ 40 ਰੁਪਏ, ਆਲੂ 30 ਰੁਪਏ, ਕੱਦੂ 80 ਰੁਪਏ, ਟਿੰਡੇ 80, ਪੇਠਾ 40 ਰੁਪਏ, ਅੱਲਾ 60 ਰੁਪਏ, ਹਰੀਆਂ ਮਿਰਚਾਂ 100 ਰੁਪਏ, ਸ਼ਿਮਲਾ ਮਿਰਚਾਂ 50 ਰੁਪਏ, ਬੰਦ ਗੋਭੀ ਅਤੇ ਫੁੱਲ ਗੋਭੀ 80 ਰੁਪਏ, ਖੀਰੇ 40 ਰੁਪਏ, ਨਿੰਬੂ 80 ਰੁਪਏ ਧੜੱਲੇ ਨਾਲ ਵਿਕ ਰਹੇ ਹਨ।
ਕਿਸਾਨਾਂ ਤੋਂ ਮਿਲੇ ਵੇਰਵਿਆਂ ਅਨੁਸਾਰ ਪਤਾ ਲੱਗਿਆ ਹੈ ਕਿ ਪਿਛਲੇ ਦਿਨੀਂ ਬੇਹੱਦ ਪਈ ਭਾਰੀ ਗਰਮੀ ਨਾਲ ਸਬਜ਼ੀਆਂ ਮਰ ਗਈਆਂ ਹਨ ਅਤੇ ਜੋ ਬਚੀਆਂ ਹਨ, ਉਨ੍ਹਾਂ ਦੇ ਰੇਟ ਸਬਜ਼ੀਆਂ ਦੀ ਥੁੜ੍ਹ ਕਾਰਨ ਵਧ ਗਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਗਰਮੀ ਦੇ ਦਿਨਾਂ ਦੌਰਾਨ ਸਬਜ਼ੀਆਂ ਦੀ ਪੈਦਾਵਾਰ ਵੀ ਰੁਕ ਜਾਂਦੀ ਹੈ, ਜਦੋਂਕਿ ਬਾਹਰਲੇ ਸੂਬਿਆਂ ਤੋਂ ਆਉਂਦੀਆਂ ਸਬਜ਼ੀਆਂ ਮੀਂਹ ਦੀ ਭੇਟ ਚੜ੍ਹ ਗਈਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਅੱਜ-ਕੱਲ੍ਹ ਚੱਲਦੀਆਂ ਹਵਾਵਾਂ ਵਿੱਚ ਨਮੀ ਦੀ ਮਾਤਰਾ ਵੱਧ ਹੋਣ ਕਾਰਨ ਨਵਾਂ ਫੁੱਲ-ਫਲ ਘੱਟ ਲੱਗਦਾ ਹੈ ਅਤੇ ਅਕਸਰ ਸਬਜ਼ੀਆਂ ਦੀ ਬਹੁਤਾਤ ਖੁਸ਼ਕ ਹਵਾਵਾਂ ਦੇ ਚੱਲਣ ਨਾਲ ਹੁੰਦੀ ਹੈ। ਸਬਜ਼ੀ ਮੰਡੀ ਆੜ੍ਹਤੀਆ ਐਸੋਸੀਏਸ਼ਨ ਦੇ ਇੱਕ ਆਗੂ ਲੱਕੀ ਮਿੱਤਲ ਨੇ ਦੱਸਿਆ ਕਿ ਅੱਜ-ਕੱਲ੍ਹ ਜਦੋਂ ਪੰਜਾਬ ਦੀ ਸਬਜ਼ੀ ਬੰਦ ਹੋ ਗਈ ਹੈ ਤਾਂ ਹਿਮਾਚਲ ਪ੍ਰਦੇਸ਼ ’ਚੋਂ ਕੁੱਲੂ ਨੇੜਿਓਂ ਬਦਰੌਲ, ਭੂੰਤਰ, ਤਕੋਲੀ ਤੋਂ ਟਮਾਟਰ, ਗੋਭੀ, ਮਟਰ, ਬੰਦ ਗੋਭੀ, ਖੀਰਾ ਆ ਰਹੇ ਹਨ, ਜਿਨ੍ਹਾਂ ਦੇ ਮਹਿੰਗਾ ਹੋਣ ਕਰਕੇ ਇਸ ਦਾ ਸੇਕ ਗਾਹਕ ਨੂੰ ਲੱਗਣ ਲੱਗ ਪੈਂਦਾ ਹੈ। ਬੇਸ਼ੱਕ, ਬਾਜ਼ਾਰ ਵਿੱਚ ਹਿਮਾਚਲ ਪ੍ਰਦੇਸ਼ ’ਚੋਂ ਪੈਦਾ ਹੁੰਦੇ ਫਲਾਂ ਦੇ ਰੇਟ ਉੱਚੇ ਹਨ, ਪਰ ਅੰਬਾਂ ਸਮੇਤ ਮਾਲਵਾ ਖੇਤਰ ਵਿੱਚ ਹੁੰਦੀਆਂ ਜਾਮਣਾਂ ਅਤੇ ਅਗੇਤੇ ਅਮਰੂਦਾਂ ਤੇ ਅੰਗੂਰਾਂ ਦੇ ਰੇਟ ਥੱਲੇ ਡਿੱਗੇ ਹੋਏ ਹਨ।

Advertisement

Advertisement
Author Image

Advertisement
Advertisement
×