ਸਬਜ਼ੀਆਂ ਦੀਆਂ ਕੀਮਤਾਂ ਅਸਮਾਨੀ ਚੜ੍ਹੀਆਂ, ਬਜਟ ਹਿੱਿਲਆ
ਫਰਿੰਦਰ ਪਾਲ ਗੁਲਿਆਣੀ
ਨਰਾਇਣਗੜ੍ਹ, 24 ਅਕਤੂਬਰ
ਇੱਥੇ ਤਿਉਹਾਰੀ ਸੀਜ਼ਨ ਦੌਰਾਨ ਸਬਜ਼ੀਆਂ ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਇਸ ਕਾਰਨ ਆਮ ਲੋਕ ਪ੍ਰੇਸ਼ਾਨ ਹਨ। ਇੱਥੇ ਗੋਭੀ 100 ਰੁਪਏ ਪ੍ਰਤੀ ਕਿੱਲੋ, ਮਟਰ 160 , ਹਰੀ ਮੇਥੀ 160, ਟਮਾਟਰ 100 ਰੁਪਏ ਅਤੇ ਹਰੀ ਮਿਰਚ ਸਣੇ ਹੋਰ ਸਬਜ਼ੀਆਂ ਦੇ ਭਾਅ ਵਿੱਚ ਵਾਧਾ ਹੋਣ ਕਾਰਨ ਲੋਕਾਂ ਦਾ ਰਸੋਈ ਦਾ ਬਜਟ ਵਿਗੜ ਗਿਆ ਹੈ। ਆਮ ਲੋਕਾਂ ਨੂੰ ਇੰਨੀ ਮਹਿੰਗਾਈ ਵਿੱਚ ਤਿਉਹਾਰ ਮਨਾਉਣੇ ਵੀ ਔਖੇ ਹੋੋ ਗਏ ਹਨ।
ਨਿਧੀ ਉਪਾਧਿਆਏ ਨੇ ਕਿਹਾ ਕਿ ਸਬਜ਼ੀਆਂ ਮਹਿੰਗੀਆਂ ਹੋਣ ਕਾਰਨ ਘਰੇਲੂ ਬਜਟ ਵਿਗੜ ਰਿਹਾ ਹੈ ਕਿਉਂਕਿ ਮੁੱਢਲੀਆਂ ਲੋੜਾਂ ਦੀਆਂ ਸਾਰੀਆਂ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਹਨ। ਮਹਿੰਗਾਈ ਹੋਣ ਕਾਰਨ ਬੁਨਿਆਦੀ ਚੀਜ਼ਾਂ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ ਹਨ। ਹਰੀਆਂ ਸਬਜ਼ੀਆਂ ਜੋ ਲੋਕਾਂ ਦੀ ਮੁੱਢਲੀ ਜ਼ਰੂਰਤ ਹੈ, ਇੰਨੀਆਂ ਮਹਿੰਗੀਆਂ ਹੋ ਗਈਆਂ ਹਨ ਕਿ ਲੋਕਾਂ ਨੂੰ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ। ਸਰਕਾਰ ਨੂੰ ਮਹਿੰਗਾਈ ਘਟਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ।
ਯੋਗਿਤਾ ਸ਼ਰਮਾ ਨੇ ਕਿਹਾ ਕਿ ਸਬਜ਼ੀਆਂ ਦੇ ਭਾਅ ਇਸ ਵਾਰ ਪਿਛਲੇ ਸਾਲਾਂ ਦੇ ਮੁਕਾਬਲੇ ਕਾਫੀ ਵੱਧ ਗਏ ਹਨ, ਜਿੱਥੇ ਪਹਿਲਾਂ 20 ਰੁਪਏ ਕਿੱਲੋ ਘੀਆ ਸੀ, ਹੁਣ 50 ਰੁਪਏ ਕਿੱਲੋ ਵਿਕ ਰਹੀ ਹੈ। ਟਮਾਟਰ 100 ਅਤੇ ਗੋਭੀ ਵੀ 100 ਰੁਪਏ ਵਿੱਚ ਵਿਕ ਰਹੀ ਹੈ। ਪਿਆਜ਼ 60 ਰੁਪਏ ਅਤੇ ਆਲੂ 40 ਰੁਪਏ ਕਿੱਲੋ ਵਿਕ ਰਿਹਾ ਹੈ। ਕ੍ਰਿਤਿਕਾ ਢੀਂਗਰਾ ਨੇ ਕਿਹਾ ਕਿ ਸਬਜ਼ੀਆਂ ਦੇ ਭਾਅ ਬਹੁਤ ਵਧ ਗਏ ਹਨ। ਜੇ ਕੀਮਤਾਂ ਇਸੇ ਤਰ੍ਹਾਂ ਵਧਦੀਆਂ ਰਹੀਆਂ ਤਾਂ ਆਮ ਆਦਮੀ ਆਪਣੇ ਘਰ ਦਾ ਗੁਜ਼ਾਰਾ ਕਿਵੇਂ ਚਲਾਏਗਾ। ਅਦਿੱਤਿਆ ਨੇ ਕਿਹਾ ਕਿ ਸਰਕਾਰਾਂ ਨੂੰ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਵੱਲ ਧਿਆਨ ਦੇਣਾ ਚਾਹੀਦਾ ਹੈ।