ਸਬਜ਼ੀ ਦੀਆਂ ਕੀਮਤਾਂ ਵਿੱਚ ਮੁੜ ਆਇਆ ਉਛਾਲ; ਗਾਹਕ ਬੇਹਾਲ
ਗੁਰਿੰਦਰ ਸਿੰਘ
ਲੁਧਿਆਣਾ, 29 ਸਤੰਬਰ
ਸਬਜ਼ੀਆਂ ਦੀਆਂ ਕੀਮਤਾਂ ’ਚ ਪਿਛਲੇ ਕੁੱਝ ਦਿਨਾਂ ਤੋਂ ਆ ਰਹੇ ਭਾਰੀ ਉਛਾਲ ਕਾਰਨ ਰਸੋਈ ਦਾ ਬਜਟ ਇਕ ਵਾਰ ਫਿਰ ਤੋਂ ਵਿਗੜ ਗਿਆ ਹੈ। ਕੀਮਤਾਂ ’ਚ ਵਾਧੇ ਦਾ ਸਿੱਧਾ ਅਸਰ ਆਮ ਘਰ ਦੇ ਬਜਟ ’ਤੇ ਪੈਂਦਾ ਹੈ ਜਿਸ ਨਾਲ ਲੋਕਾਂ ਦੀ ਪ੍ਰੇਸ਼ਾਨੀ ਵੀ ਵੱਧਦੀ ਜਾ ਰਹੀ ਹੈ। ਅੱਜ ਦੀ ਤਾਰੀਖ਼ ਵਿੱਚ ਰਸੋਈ ਵਿੱਚ ਵਰਤੀ ਜਾਣ ਵਾਲੀ ਕੋਈ ਵੀ ਸਬਜ਼ੀ ਸਸਤੇ ਭਾਅ ਨਹੀਂ ਮਿਲ ਰਹੀ। ਅਸਮਾਨੀਂ ਚੜ੍ਹੇ ਭਾਅ ਨੇ ਹਹਰ ਘਰ ਦਾ ਅਰਥਚਾਰਾ ਹਿਲਾ ਦਿੱਤਾ ਹੈ।
ਰਸੋਈ ਵਿੱਚ ਸਭ ਤੋਂ ਵੱਧ ਵਰਤੇ ਜਾਣ ਵਾਲੇ ਆਲੂ ਦੀ ਕੀਮਤ 35 ਰੁਪਏ ਪ੍ਰਤੀ ਕਿਲੋ ਹੈ ਤੇ ਪਿਆਜ਼ 60-70 ਰੁਪਏ ਪ੍ਰਤੀ ਕਿਲੋ ’ਤੇ ਪਹੁੰਚ ਗਿਆ ਹੈ। ਇਸੇ ਤਰ੍ਹਾਂ ਟਮਾਟਰ ਮੁੜ 30-40 ਰੁਪਏ ਪ੍ਰਤੀ ਕਿਲੋ ਤੋਂ ਵੱਧ ਕੇ 70-80 ਰੁਪਏ ਪ੍ਰਤੀ ਕਿਲੋ ’ਤੇ ਪੁੱਜ ਗਿਆ ਹੈ। ਖੁੰਭਾਂ ਦਾ ਪੈਕੇਟ 40 ਰੁਪਏ ਦੇ ਹਿਸਾਬ ਨਾਲ ਮਿਲ ਰਿਹਾ ਹੈ।
ਇਸ ਵੇਲੇ ਪ੍ਰਚੂਨ ਵਿੱਚ ਸ਼ਿਮਲਾ ਮਿਰਚ ਦੀ ਕੀਮਤ 120-125 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ, ਜਦਕਿ ਮਟਰ ਮੰਡੀ ਵਿੱਚ 280-300 ਰੁਪਏ ਦੇ ਕਰੀਬ ਵਿਕ ਰਿਹਾ ਹੈ। ਮਟਰ ਦੀ ਫ਼ਸਲ ਜੋ ਮੰਡੀ ’ਚ ਆ ਰਹੀ ਹੈ ਉਹ ਹਿਮਾਚਲ ਤੋਂ ਹੈ ਅਤੇ ਕੁਝ ਸਮੇਂ ਬਾਅਦ ਪੰਜਾਬ ਦਾ ਸੀਜ਼ਨ ਸ਼ੁਰੂ ਹੋਣ ਤੋਂ ਬਾਅਦ ਕੀਮਤਾਂ ’ਚ ਕਮੀ ਹੋਣ ਦੀ ਸੰਭਾਵਨਾ ਹੈ।ਇਸ ਦੇ ਨਾਲ ਹੀ ਲਸਣ 400 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ, ਜਿਸ ਕਾਰਨ ਤੜਕੇ ਦਾ ਸਵਾਦ ਵੀ ਮਹਿੰਗਾ ਹੁੰਦਾ ਜਾ ਰਿਹਾ ਹੈ। ਗੋਭੀ ਦੀ ਕੀਮਤ 80 ਤੋਂ 100 ਰੁਪਏ ਅਤੇ ਘੀਆ 50-60 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਆਮ ਵਰਤੀਆਂ ਜਾਣ ਵਾਲੀਆਂ ਸਬਜ਼ੀਆਂ ਵਿੱਚ ਅਰਬੀ 70-80 ਰੁਪਏ, ਕਰੇਲਾ 50-60 ਰੁਪਏ, ਬੈਂਗਣ, ਭਿੰਡੀ ਅਤੇ ਗਾਜਰ 40-50 ਰੁਪਏ ਕਿਲੋ ਅਤੇ ਮੂਲੀ ਵੀ 60-65 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ। ਇਸ ਦੇ ਨਾਲ ਹੀ ਬਾਰਸ਼ ਕਾਰਨ ਫ਼ਸਲ ਖ਼ਰਾਬ ਹੋਣ ਕਾਰਨ ਪਾਲਕ ਦਾ ਭਾਅ 60 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਹੈ। ਸਬਜ਼ੀਆਂ ਦੇ ਭਾਅ ਵਿੱਚ ਇਸ ਵਾਧੇ ਕਾਰਨ ਕਈ ਸਬਜ਼ੀਆਂ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਹਨ।
ਪ੍ਰਚੂਨ ’ਚ ਧਨੀਆ 600 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਹੈ। ਅਦਰਕ 100-120 ਰੁਪਏ ਪ੍ਰਤੀ ਕਿਲੋ ’ਤੇ ਵਿਕ ਰਿਹਾ ਹੈ। ਨਿੰਬੂ ਦੀ ਕੀਮਤ 140 ਰੁਪਏ ਪ੍ਰਤੀ ਕਿਲੋ ਤੱਕ ਜਾ ਰਹੀ ਹੈ।
ਇਸ ਬਾਰੇ ਸਬਜ਼ੀ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਤਿਉਹਾਰੀ ਸੀਜ਼ਨ ਸ਼ੁਰੂ ਹੋਣ ਕਾਰਨ ਹਾਲ ਦੀ ਘੜੀ ਸਬਜ਼ੀਆਂ ਦੇ ਭਾਅ ਹੇਠਾਂ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਸਬਜ਼ੀਆਂ ਦਰਾਮਦ ਕੀਤੀਆਂ ਜਾਂਦੀਆਂ ਹਨ, ਜਿਸ ਕਾਰਨ ਲੋਕਾਂ ਨੂੰ ਮਹਿੰਗੀਆਂ ਸਬਜ਼ੀਆਂ ਮਿਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮਹਿੰਗੀਆਂ ਹੋ ਰਹੀਆਂ ਸਬਜ਼ੀਆਂ ਦਾ ਸਿੱਧਾ ਅਸਰ ਉਨ੍ਹਾਂ ਦੀ ਦੁਕਾਨਦਾਰੀ ਤੇ ਪੈ ਰਿਹਾ ਹੈ ਕਿਉਂਕਿ ਗਾਹਕੀ ਘੱਟ ਹੋ ਗਈ ਹੈ। ਆਉਣ ਵਾਲੇ ਦਿਨਾਂ ‘ਚ ਵਿਆਹਾਂ ਦਾ ਸੀਜ਼ਨ ਵੀ ਆਉਣ ਵਾਲਾ ਹੈ, ਜਿਸ ਕਾਰਨ ਲੋਕਾਂ ਨੂੰ ਅਜੇ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ।