ਸਿਲੀਕਾਨ ਵੈਲੀ ’ਚ ‘ਵੀਰ ਸਾਹਿਬਜ਼ਾਦੇ ਬਲਿਦਾਨ ਦਿਵਸ’ ਮਨਾਇਆ
ਵਾਸ਼ਿੰਗਟਨ, 30 ਦਸੰਬਰ
ਸਿੱਖ ਤੇ ਹਿੰਦੂ ਭਾਈਚਾਰੇ ਵੱਲੋਂ ਅਮਰੀਕਾ ਦੀ ਸਿਲੀਕਾਨ ਵੈਲੀ ਵਿੱਚ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿੱਚ ‘ਵੀਰ ਸਾਹਿਬਜ਼ਾਦੇ ਬਲਿਦਾਨ ਦਿਵਸ’ ਮਨਾਇਆ ਗਿਆ। ਇਹ ਯਾਦਗਾਰੀ ਸਮਾਗਮ 26 ਦਸੰਬਰ ਨੂੰ ਕੈਲੀਫੋਰਨੀਆ ਦੇ ਗ੍ਰੇਟਰ ਸੈਕਰਾਮੈਂਟੋ ਸਥਿਤ ਜੈਨ ਸੈਂਟਰ ਵਿੱਚ ਕਰਵਾਇਆ ਗਿਆ ਜਿਸ ਦੀ ਸ਼ੁਰੂਆਤ ਅਰਦਾਸ ਨਾਲ ਹੋਈ। ਇਸ ਤੋਂ ਬਾਅਦ ਬੱਚਿਆਂ ਨੇ ਮੰਚ ’ਤੇ ਆਪਣੀ ਸਾਂਝੇ ਸੱਭਿਆਚਾਰਕ ਤੇ ਧਾਰਮਿਕ ਵਿਰਾਸਤ ਦੀਆਂ ਝਲਕਾਂ ਪੇਸ਼ ਕੀਤੀਆਂ।
ਐਲਕ ਗਰੋਵ ਦੇ ਮੇਅਰ ਬੌਬੀ ਸਿੰਘ ਐਲਨ ਨੇ ਇਸ ਮੌਕੇ ਕਿਹਾ, ‘‘ਇਹ ਸਾਡੇ ਭਾਈਚਾਰਿਆਂ ਲਈ ਇੱਕ-ਦੂਜੇ ਤੋਂ ਸਿੱਖਣ ਦੇ ਬਹੁਤ ਵਧੀਆ ਮੌਕੇ ਹਨ।’’ ਐਲਕ ਗਰੋਵ ਸ਼ਹਿਰ ਦੇ ਡਾਇਵਰਸਿਟੀ ਤੇ ਇਨਕਲੂਜ਼ਨ ਕਮਿਸ਼ਨਰ ਡਾ. ਭਾਵਿਨ ਪਾਰਿਖ ਨੇ ਕਿਹਾ ਕਿ ਇਹ ਸਮਾਗਮ ਹਿੰਦੂਆਂ ਤੇ ਸਿੱਖਾਂ ਦਰਮਿਆਨ ਏਕਤਾ ਦਾ ਪ੍ਰਤੀਕ ਹੈ।’’ ਗੁਰਦੁਆਰਾ ਸੰਤ ਸਾਗਰ ਦੇ ਜਨਰਲ ਸਕੱਤਰ ਨਰਿੰਦਰਪਾਲ ਸਿੰਘ ਹੁੰਦਲ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਨੇ ਅਗਲੇ ਸਾਲ ਨਵੰਬਰ ਵਿੱਚ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ ਮਨਾਏ ਜਾਣ ਦਾ ਐਲਾਨ ਕੀਤਾ।
ਗੁਰੂ ਗੋਬਿੰਦ ਸਿੰਘ ਜੀ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ (ਛੇ) ਅਤੇ ਫਤਹਿ ਸਿੰਘ (ਨੌਂ) ਨੂੰ 18ਵੀਂ ਸਦੀ ਵਿੱਚ ਸਰਹਿੰਦ ਦੇ ਨਵਾਬ ਨੇ ਨੀਂਹਾਂ ਵਿੱਚ ਚਿਣਵਾ ਦਿੱਤਾ ਸੀ, ਜਦੋਂਕਿ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ (18) ਅਤੇ ਜੁਝਾਰ ਸਿੰਘ (14) ਚਮਕੌਰ ਦੀ ਲੜਾਈ ਵਿੱਚ ਮੁਗਲ ਫੌਜ ਖ਼ਿਲਾਫ਼ ਲੜਦਿਆਂ ਸ਼ਹੀਦ ਹੋ ਗਏ ਸਨ। -ਪੀਟੀਆਈ