ਸਾਰਾ ਦਿਨ ਭੀਖ ਮੰਗ ਕੇ ਗੁਜ਼ਾਰਾ ਕਰਦੀ ਹੈ ਵੇਦੋ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 7 ਮਾਰਚ
ਕੌਮਾਂਤਰੀ ਮਹਿਲਾ ਦਿਵਸ ’ਤੇ ਸਰਕਾਰਾਂ ਜਿੱਥੇ ਔਰਤਾਂ ਦਾ ਸਮਾਜਿਕ ਤੇ ਆਰਥਿਕ ਪੱਧਰ ਉਪਰ ਚੁੱਕਣ ਲਈ ਦਮਗਜੇ ਮਾਰਨੋਂ ਨਹੀਂ ਥੱਕਦੀਆਂ ਉੱਥੇ ਅਜਿਹੀਆਂ ਲਾਚਾਰ ਔਰਤਾਂ ਵੀ ਹਨ ਜੋ ਭੀਖ ਮੰਗ ਕੇ ਗੁਜ਼ਾਰਾ ਕਰਨ ਲਈ ਮਜਬੂਰ ਹਨ। ਇਸ ਦੀ ਮਿਸਾਲ ਵੇਦੋ ਨਾਂ ਦੀ ਬਿਰਧ ਔਰਤ ਹੈ। ਉਹ ਇੱਥੇ ਨਵੇਂ ਬੱਸ ਸਟੈਂਡ ਦੇ ਚੌਕ ’ਤੇ ਸੜਕ ’ਤੇ ਜਾਂਦੇ ਆਉਂਦੇ ਰਾਹੀਆਂ ਤੋਂ ਭੀਖ ਮੰਗ ਕੇ ਆਪਣੀ ਜ਼ਿੰਦਗੀ ਬਸਰ ਕਰ ਰਹੀ ਹੈ। ਉਸ ਨੂੰ ਚੰਡੀਗੜ੍ਹ ਵੱਲ ਜਾਂਦੇ ਅਧਿਕਾਰੀ, ਮੰਤਰੀ, ਵਿਧਾਇਕ ਤੇ ਹੋਰ ਸਮਾਜ ਸੇਵੀ ਲੋਕ ਰੋਜ਼ਾਨਾ ਦੇਖਦੇ ਹਨ ਪਰ ਕਿਸੇ ਦੇ ਮਨ ਅੰਦਰ ਨਹੀਂ ਆਇਆ ਕਿ ਇਸ ਠੁਰ-ਠੁਰ ਕਰਦੀ ਕੜਕਦੀ ਠੰਢ ਵਿੱਚ ਬਜ਼ੁਰਗ ਔਰਤ ਦੀ ਸਾਰ ਲੈ ਲਈ ਜਾਵੇ। ਵੇਦੋ ਸਾਰਾ ਦਿਨ ਰੁਪਿਆ ਦੋ ਰੁਪਏ ਇਕੱਠੇ ਕਰਕੇ ਥੇੜ੍ਹੀ ਪਿੰਡ ਦੀਆਂ ਮੜ੍ਹੀਆਂ ਵਿੱਚ ਸੌਂ ਜਾਂਦੀ ਹੈ। ਵੇਦੋ ਦੀ ਉਮਰ ਅੱਸੀਆਂ ਨੂੰ ਪਾਰ ਕਰ ਗਈ ਹੈ। 20 ਸਾਲ ਪਹਿਲਾਂ ਉਸ ਦਾ ਪਤੀ ਅਕਾਲ ਚਲਾਣਾ ਕਰ ਗਿਆ ਸੀ, ਇਕ ਪੁੱਤਰ ਵੀ ਹੈ, ਪੋਤੇ ਤੇ ਪੋਤੀਆਂ ਵੀ ਹਨ, ਪਰ ਪੋਤੇ ਪੋਤੀਆਂ ਦਾ ਪਿਆਰ ਵੇਦੋ ਨੂੰ ਨਸੀਬ ਨਹੀਂ ਹੈ, ਉਹ ਪੰਜ ਸਾਲਾਂ ਤੋਂ ਆਪਣੇ ਘਰ ਨਹੀਂ ਗਈ, ਲਗਾਤਾਰ ਭੀਖ ਮੰਗ ਕੇ ਗੁਜ਼ਾਰਾ ਕਰਦੀ ਹੈ ਤੇ ਰਾਤ ਨੂੰ ਉਹ ਠੰਢ ਹੋਵੇ ਜਾਂ ਗਰਮੀ ਥੇੜ੍ਹੀ ਪਿੰਡ ਦੀਆਂ ਮੜ੍ਹੀਆਂ ਵਿੱਚ ਸੌਂਦੀ ਹੈ।
ਵੇਦੋ ਨੇ ਕਿਹਾ ਕਿ ਮੇਰੇ ਬੇਟੇ ਹਨ, ਜਿਸ ਕੋਲ ਉਸ ਲਈ ਸਮਾਂ ਨਹੀਂ ਹੈ, ਉਸ ਨੇ ਆਪਣੇ ਪੁੱਤਰ ਦਾ ਨਾਮ ਵੀ ਦੱਸਿਆ, ਪਰ ਉਸ ਨੇ ਆਪਣੇ ਪੁੱਤ ਨੂੰ ਫਿਟਕਾਰਿਆ ਨਹੀਂ ਸਗੋਂ ਉਸ ਲਈ ਰੱਬ ਤੋਂ ਅਸੀਸ ਹੀ ਮੰਗਦੀ ਹੈ, ਪਰ ਉਹ ਕਹਿੰਦੀ ਹੈ,‘ਮੈਂ ਪੰਜ ਸਾਲਾਂ ਤੋਂ ਇੱਥੇ ਹੀ ਮੰਗ ਕੇ ਗੁਜ਼ਾਰਾ ਕਰਦੀ ਆ ਰਹੀ ਹਾਂ ਕੋਈ ਇਕ ਰੁਪਿਆ ਦੇ ਦਿੰਦਾ ਹੈ ਕੋਈ ਇਸ ਤੋਂ ਵੱਧ, ਕੋਈ ਤਾਂ 10 ਰੁਪਏ ਵੀ ਦੇ ਜਾਂਦਾ ਹੈ, ਉਹ ਕਹਿੰਦੀ ਹੈ ਕਿ ਉਸ ਕੋਲ ਰਹਿਣ ਲਈ ਥਾਂ ਨਹੀਂ ਹੈ, ਉਹ ਚਾਹੁੰਦੀ ਹੈ ਕਿ ਕੋਈ ਦਾਨੀ ਸੱਜਣ ਉਸ ਨੂੰ ਛੋਟਾ ਮਕਾਨ ਬਣਾ ਦੇ ਦੇਵੇ ਤਾਂ ਕਿ ਉਸ ਦਾ ਵੀ ਕੋਈ ਘਰ ਹੋਵੇ।