ਸੰਸਾਰ ਨੂੰ ਗਿਆਨ ਦਾ ਰਾਹ ਦਿਖਾਉਂਦੇ ਨੇ ਵੇਦ: ਕਟਾਰੀਆ
ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 2 ਫਰਵਰੀ
ਵੇਦ ਵਿਦਿਆ ਸੋਧ ਸੰਸਥਾਨ ਦੀ ਸਰਪ੍ਰਸਤੀ ਹੇਠ ਕੁਰੂਕਸ਼ੇਤਰ ਬ੍ਰਹਮਸਰੋਵਰ ਦੇ ਯੋਗ ਭਵਨ ਪਰਿਸਰ ਵਿੱਚ ਅੱਜ ਮਹਾਰਿਸ਼ੀ ਦਯਾਨੰਦ ਸਰਸਵਤੀ ਦੀ ਦੂਜੀ ਜਨਮ ਸ਼ਤਾਬਦੀ ਵਰ੍ਹੇ ਦੇ ਸਮਾਗਮਾਂ ਦੀ ਸਮਾਪਤੀ ਮੌਕੇ ਸਤਿਆਰਥ ਪ੍ਰਕਾਸ਼ ਦੀ ਰਚਨਾ ਦੇ 150 ਸਾਲ ਪੂਰੇ ਹੋਣ ਮੌਕੇ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ। ਉਨ੍ਹਾਂ ਕਿਹਾ ਕਿ ਵੇਦ ਸਾਰੇ ਸੰਸਾਰ ਨੂੰ ਗਿਆਨ ਦਾ ਰਾਹ ਦਿਖਾਉਂਦੇ ਹਨ, ਇਸ ਲਈ ਮਹਾਰਿਸ਼ੀ ਦਯਾਨੰਦ ਸਰਸਵਤੀ ਦੇ ਸੱਦੇ ਨੂੰ ਯਾਦ ਕਰਦੇ ਹੋਏ ਸਾਨੂੰ ਵੇਦਾਂ ਵੱਲ ਮੁੜਨਾ ਪਵੇਗਾ ਤਾਂ ਹੀ ਇਨ੍ਹਾਂ ਦੇ ਗਿਆਨ ਦੇ ਪ੍ਰਕਾਸ਼ ਤੋਂ ਲਾਭ ਮਿਲੇਗਾ। ਵੇਦਾਂ ਦੇ ਰਾਹ ’ਤੇ ਚੱਲ ਕੇ ਹੀ ਦੇਸ਼ ਸਾਲ 2047 ਵਿੱਚ ਪੂਰੀ ਦੁਨੀਆ ਦੀ ਅਗਵਾਈ ਕਰ ਕੇ ਵਿਸ਼ਵ ਗੁਰੂ ਬਣੇਗਾ। ਉਨ੍ਹਾਂ ਕਿਹਾ ਕਿ ਆਰੀਆ ਸਮਾਜ ਦੇ ਸੰਸਥਾਪਕ ਸਵਾਮੀ ਦਯਾਨੰਦ ਸਰਸਵਤੀ ਨੇ ਉਸ ਸਮੇਂ ਸਮਾਜ ਵਿੱਚ ਫੈਲੀਆਂ ਛੂਤ-ਛਾਤ ਅਤੇ ਜਾਤੀਵਾਦ ਵਰਗੀਆਂ ਬੁਰਾਈਆਂ ਨੂੰ ਖ਼ਤਮ ਕਰਨ ਅਤੇ ਬਰਾਬਰਤਾ ਨਾਲ ਜਿਊਣ ਦਾ ਅਧਿਕਾਰ ਦਿਵਾਉਣ ਲਈ ਕੰਮ ਕੀਤਾ ਸੀ। ਉਨ੍ਹਾਂ ਕਿਹਾ ਕਿ ਵੇਦ ਮਨੁੱਖੀ ਕਲਿਆਣ ਦਾ ਸਾਧਨ ਹਨ। ਉਨ੍ਹਾਂ ਪ੍ਰੋਗਰਾਮ ਦੇ ਪ੍ਰਬੰਧਕ ਸਵਾਮੀ ਸੰਪੂਰਨਾਨੰਦ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਵਾਮੀ ਜੀ ਨੇ ਇਸ ਧਰਤੀ ’ਤੇ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਡੁੱਬਣ ਤੱਕ ਲਗਾਤਾਰ ਚਾਰ ਵੇਦਾਂ ਦਾ ਯੱਗ ਕਰਵਾਇਆ ਹੈ। ਇੱਥੋਂ ਪੂਰੀ ਦੁਨੀਆ ਨੇ ਗੀਤਾ ਦਾ ਗਿਆਨ ਪ੍ਰਾਪਤ ਕੀਤਾ ਸੀ।
ਇਸ ਦੌਰਾਨ ਸਵਾਮੀ ਸੰਪੂਰਨਾਨੰਦ ਸਰਸਵਤੀ ਨੇ ਕਿਹਾ ਕਿ ਮਹਾਰਿਸ਼ੀ ਦਯਾਨੰਦ ਦੇ ਵਿਚਾਰ ਪੂਰੇ ਵਿਸ਼ਵ ਲਈ ਮਹਾਨ ਹਨ। ਇਸ ਮੌਕੇ ਸਾਬਕਾ ਸੰਸਦ ਮੈਂਬਰ ਸਵਾਮੀ ਸੁਮੇਦਾਨੰਦ ਮਹਾਰਾਜ, ਜੈਨ ਸਮਾਜ ਦੇ ਪ੍ਰਧਾਨ ਮਨਿੰਦਰ ਕੁਮਾਰ ਜੈਨ, ਈਸ਼ਵਰ ਅਗਰਵਾਲ, ਪਦਮ ਸੇਨ ਗੁਪਤਾ, ਮਹਾਰਾਣਾ ਪ੍ਰਤਾਪ ਬਾਗਬਾਨੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਸਮਰ ਸਿੰਘ ਤੇ ਕੁਰੂਕਸ਼ੇਤਰ ਜ਼ਿਲ੍ਹਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਡੀਪੀ ਸਿੰਘ ਹਾਜ਼ਰ ਸਨ।