ਵੀਸੀ ਵੱਲੋਂ ਪੰਜਾਬ ਦੀ ਵਿਰਾਸਤ ਨੂੰ ਦਰਸਾਉਂਦਾ ਕੈਲੰਡਰ ਰਿਲੀਜ਼
ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 21 ਜਨਵਰੀ
ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ਸਮਾਗਮ ਵਿੱਚ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਐਡਵੋਕੇਟ ਹਰਪ੍ਰੀਤ ਸੰਧੂ ਅਤੇ ਹੈਰੀਟੇਜ ਪ੍ਰਮੋਟਰ ਵੱਲੋਂ ਤਿਆਰ ਸਚਿੱਤਰ ਕੈਲੰਡਰ ਅਤੇ ਡਾਕੂਮੈਂਟਰੀ ‘ਪੰਜਾਬ ਦੀ ਵਿਰਾਸਤ ਦੇ ਇਤਿਹਾਸਿਕ ਨਿਸ਼ਾਨ ਚਿੰਨ੍ਹ’ ਜਾਰੀ ਕੀਤੇ ਗਏ ਜੋ ਪੰਜਾਬ ਦੀ ਪੁਰਾਤਨ ਵਿਰਾਸਤ ਅਤੇ ਇਤਿਹਾਸਕ ਖੂਬਸੂਰਤੀ ਨੂੰ ਸੁਚੱਜੇ ਢੰਗ ਨਾਲ ਦਰਸਾਉਂਦੀ ਹੈ।
ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਹਰਪ੍ਰੀਤ ਸੰਧੂ ਦੇ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਕਾਰਜ ਪੰਜਾਬ ਦੇ ਇਤਿਹਾਸਕ ਵਿਰਾਸਤੀ ਸਮਾਰਕਾਂ ਨੂੰ ਪ੍ਰਚਾਰਿਤ ਕਰਨ ਅਤੇ ਉਨ੍ਹਾਂ ਦੀ ਮਹੱਤਤਾ ਦਰਸਾਉਣ ਵਿੱਚ ਅਹਿਮ ਯੋਗਦਾਨ ਪਾਵੇਗਾ। ਪ੍ਰੋ. ਕਰਮਜੀਤ ਸਿੰਘ ਨੇ ਇਸ ਪ੍ਰਾਜੈਕਟ ਨੂੰ ‘ਪੰਜਾਬ ਦੀ ਇਤਿਹਾਸਕ ਵਿਰਾਸਤ ਦਾ ਖਜ਼ਾਨਾ’ ਕਿਹਾ ਅਤੇ ਇਸ ਦੀ ਮਹੱਤਤਾ ਨੂੰ ਪੰਜਾਬ ਦੇ ਨਾਗਰਿਕਾਂ ਨੂੰ ਖਾਸ ਤੌਰ `ਤੇ ਨੌਜਵਾਨ ਪੀੜ੍ਹੀ ਨੂੰ ਜੁੜਨ ਦੇ ਯਤਨ ਵਜੋਂ ਦਰਸਾਇਆ। ਸਮਾਗਮ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰ ਡਾਕਟਰ ਕਰਨਜੀਤ ਸਿੰਘ, ਡਾਕਟਰ ਪ੍ਰੀਤ ਮਹਿੰਦਰ ਸਿੰਘ ਬੇਦੀ ਡੀਨ ਵਿਭਾਗਾਂ ਦੇ ਮੁਖੀ ਅਤੇ ਫੈਕਲਟੀ ਮੈਂਬਰ ਸ਼ਾਮਲ ਸਨ। ਇਸ ਉਪਰੰਤ ਹਰਪ੍ਰੀਤ ਸਿੰਘ ਸੰਧੂ ਨੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੂੰ ਕੈਲੰਡਰ ਭੇਟ ਕੀਤਾ।