ਵੜਿੰਗ, ਚੰਨੀ ਤੇ ਬਾਜਵਾ ਦੀ ਨਹੀਂ ਰਲੀ ਚਾਲ ਤੇ ਢਾਲ
ਪਾਲ ਸਿੰਘ ਨੌਲੀ
ਜਲੰਧਰ, 14 ਜੁਲਾਈ
ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਉਪ ਚੋਣ ਦੇ ਨਤੀਜੇ ਵਿੱਚ ਕਾਂਗਰਸ ਤੀਜੇ ਸਥਾਨ ’ਤੇ ਰਹੀ ਹੈ। ਇਸ ਚੋਣ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਜਲੰਧਰ ਤੋਂ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਸੁਰ ਆਪਸ ਵਿੱਚ ਨਹੀਂ ਰਲੇ, ਜਿਸ ਦਾ ਖਾਮਿਆਜ਼ਾ ਪਾਰਟੀ ਨੂੰ ਭੁਗਤਣਾ ਪਿਆ।
ਇਸ ਨਤੀਜੇ ਵਿੱਚ ਕਾਂਗਰਸ ਦੀਆਂ 38 ਦਿਨਾਂ ਦੌਰਾਨ 27 ਹਜ਼ਾਰ ਤੋਂ ਵੱਧ ਵੋਟਾਂ ਘੱਟ ਗਈਆਂ। ਇਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ 44000 ਤੋਂ ਵੱਧ ਵੋਟਾਂ ਲੈ ਕੇ ਗਈ ਸੀ ਅਤੇ ਉਪ ਚੋਣ ਦੇ 14 ਜੁਲਾਈ ਨੂੰ ਆਏ ਨਤੀਜਿਆਂ ਵਿੱਚ ਉਹ 20 ਹਜ਼ਾਰ ਦਾ ਅੰਕੜਾ ਵੀ ਪਾਰ ਨਹੀਂ ਕਰ ਸਕੀ। ਲੋਕ ਸਭਾ ਚੋਣਾਂ ਵਿੱਚ ਚਰਨਜੀਤ ਸਿੰਘ ਚੰਨੀ ਉਮੀਦਵਾਰ ਸੀ ਤੇ ਉਪ ਚੋਣ ਵਿੱਚ ਬੀਬੀ ਸੁਰਿੰਦਰ ਕੌਰ। ਲੋਕਾਂ ਦੇ ਇਸ ਬਦਲੇ ਮਿਜ਼ਾਜ ਨੂੰ ਕਾਂਗਰਸ ਨੇ ਸਮਝਣ ਵਿੱਚ ਕਿੱਥੇ ਭੁੱਲ ਕਰ ਦਿੱਤੀ ਕਿ ਉਹ ਪਹਿਲੇ ਸਥਾਨ ਤੋਂ ਖਿਸਕ ਕੇ ਸਿੱਧਾ ਤੀਜੇ ’ਤੇ ਜਾ ਡਿੱਗੀ। ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਤੀਜੇ ਸਥਾਨ ’ਤੇ ਰਹੀ ਸੀ। ਇਸ ਉਪ ਚੋਣ ਵਿੱਚ ‘ਆਪ’ ਦੇ ਉਮੀਦਵਾਰ ਨੇ ਬੜੀ ਸ਼ਾਨ ਨਾਲ ਜਿੱਤ ਦਰਜ ਕੀਤੀ ਹੈ। ਕਾਂਗਰਸ ਦੇ ਵੱਡੀਆਂ ਡੁੱਠਾਂ ਵਾਲੇ ਆਗੂ ਇਹ ਸੋਚਦੇ ਰਹਿ ਗਏ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਦੇਖ ਕੇ ਕਾਂਗਰਸ ਦਾ ਉਪ ਚੋਣ ਵਿੱਚ ਵੋਟ ਬੈਂਕ ਵਧੇਗਾ ਪਰ ਹੋਇਆ ਬਿਲਕੁਲ ਉਲਟ। ਸਿਰਫ਼ 38 ਦਿਨਾਂ ਵਿੱਚ ਹੀ ਕਾਂਗਰਸ ਕਰੀਬ 27,500 ਵੋਟਾਂ ਗੁਆ ਬੈਠੀ ਹੈ। ਅਜਿਹਾ ਅਚਾਨਕ ਨਹੀਂ ਹੋਇਆ, ਸਗੋਂ ਜਿਸ ਦਿਨ ਤੋਂ ਚੋਣਾਂ ਦਾ ਐਲਾਨ ਹੋਇਆ, ਉਸ ਦਿਨ ਤੋਂ ਹੀ ਕਾਂਗਰਸ ਦੀ ਚੋਣ ਮੁਹਿੰਮ ਮਜ਼ਬੂਤ ਹੋਣ ਦੀ ਬਜਾਏ ਲਗਾਤਾਰ ਕਮਜ਼ੋਰ ਹੁੰਦੀ ਗਈ। ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਮੁੱਖ ਮੰਤਰੀ ਤੇ ਐੱਮਪੀ ਚਰਨਜੀਤ ਸਿੰਘ ਚੰਨੀ ਦਾ ਆਪਸੀ ਤਾਲਮੇਲ ਕਿਧਰੇ ਵੀ ਨਜ਼ਰ ਨਹੀਂ ਆਇਆ। ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦਾ ਐਲਾਨ ਹੁੰਦੇ ਹੀ 21 ਦਾਅਵੇਦਾਰ ਸਾਹਮਣੇ ਆਏ ਪਰ ਪਾਰਟੀ ਨੇ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਨੂੰ ਟਿਕਟ ਦੇ ਕੇ ਸਾਰਿਆਂ ਨੂੰ ਸ਼ਾਂਤ ਕਰ ਦਿੱਤਾ ਹੈ। ਬਹੁਤੇ ਆਗੂ ਟਿਕਟਾਂ ਨਾ ਮਿਲਣ ’ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕਰਦੇ ਰਹੇ, ਜੋ ਵੋਟ ਪਾਉਣ ਹੀ ਨਹੀਂ ਨਿਕਲੇ। ਤਰਸੇਮ ਸਿੰਘ ਲਖੋਤਰਾ ਅਤੇ ਰਾਜੀਵ ਟਿੱਕਾ ਵਰਗੇ ਸੀਨੀਅਰ ਆਗੂ ਪਾਰਟੀ ਛੱਡ ਗਏ।
ਵਿਰੋਧੀ ਧਿਰਾਂ ਨੇ ਦੋਸ਼ ਲਾਇਆ ਸੀ ਕਿ ਸੁਰਿੰਦਰ ਕੌਰ ਸੀਨੀਅਰ ਡਿਪਟੀ ਮੇਅਰ ਦੇ ਹੁੰਦਿਆਂ ਆਪਣੇ ਦਫ਼ਤਰ ਨਹੀਂ ਗਈ। ਇਹ ਮੁੱਦਾ ਚੋਣਾਂ ਦੌਰਾਨ ਚਰਚਾ ’ਚ ਰਿਹਾ ਪਰ ਕਿਸੇ ਵੀ ਸੀਨੀਅਰ ਕਾਂਗਰਸੀ ਆਗੂ ਨੇ ਇਸ ਦਾ ਕੋਈ ਜਵਾਬ ਨਹੀਂ ਦਿੱਤਾ। ਕਾਂਗਰਸ ਨੇ ਬਹੁਤ ਦੇਰ ਨਾਲ ਟਿਕਟ ਦਾ ਐਲਾਨ ਕੀਤਾ ਅਤੇ ਇਸ ਤੋਂ ਬਾਅਦ ਉਹ ਚੋਣ ਪ੍ਰਚਾਰ ਵਿਚ ਓਨੀ ਚੁਸਤੀ ਨਹੀਂ ਦਿਖਾ ਸਕੀ, ਜਿੰਨੀ ਲੋਕ ਸਭਾ ਚੋਣਾਂ ਵਿਚ ਦਿਖਾਈ ਸੀ। ਸਭ ਤੋਂ ਅਹਿਮ ਗੱਲ ਇਹ ਸੀ ਕਿ ਜਲੰਧਰ ਦੇ ਨਵੇਂ ਬਣੇ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਲੁਧਿਆਣਾ ਦੇ ਸੰਸਦ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਪ੍ਰਤਾਪ ਸਿੰਘ ਬਾਜਵਾ ਰਲ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹਮਲਾਵਰ ਚੋਣ ਮੁਹਿੰਮ ਦਾ ਟਾਕਰਾ ਨਹੀਂ ਕਰ ਸਕੇ।