ਪੀਏਯੂ ਤੇ ਵਰਧਮਾਨ ਸਟੀਲਜ਼ ਕਰਨਗੇ ਮੀਆਂਵਾਕੀ ਜੰਗਲ ਦੀ ਸਥਾਪਨਾ
ਖੇਤਰੀ ਪ੍ਰਤੀਨਿਧ
ਲੁਧਿਆਣਾ, 23 ਅਕਤੂਬਰ
ਪੀ.ਏ.ਯੂ. ਦੇ ਗੇਟ ਨੰਬਰ 1 ਕੋਲ ਹਰਿਆਲੀ ਵਧਾਉਣ ਲਈ ਇੱਕ ਏਕੜ ਜ਼ਮੀਨ ਵਿੱਚ ਮੀਆਂਵਾਕੀ ਜੰਗਲ ਸਥਾਪਤ ਕੀਤਾ ਜਾਵੇਗਾ। ਇਹ ਪਹਿਲਕਦਮੀ ਪੀ.ਏ.ਯੂ. ਅਤੇ ਵਰਧਮਾਨ ਸਪੈਸ਼ਲ ਸਟੀਲਜ਼ ਵੱਲੋਂ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲੀਟੀ ਸਕੀਮ ਤਹਿਤ ਕੀਤੀ ਜਾ ਰਹੀ ਹੈ। ਇਸ ਮੌਕੇ ਪੀ.ਏ.ਯੂ. ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨਾਲ ਮੁੱਖ ਮਹਿਮਾਨ ਵਜੋਂ ਵਰਧਮਾਨ ਸਪੈਸ਼ਲ ਸਟੀਲਜ਼ ਦੇ ਉਪ ਚੇਅਰਮੈਨ ਅਤੇ ਪ੍ਰਬੰਧਕੀ ਨਿਰਦੇਸ਼ਕ ਸਚਿਤ ਜੈਨ ਸ਼ਾਮਲ ਸਨ। ਸ੍ਰੀ ਜੈਨ ਨੇ ਕਿਹਾ ਕਿ ਵਰਧਮਾਨ ਅਤੇ ਪੀ.ਏ.ਯੂ. ਦੀ ਸਾਂਝ ਦੀ ਪੁਰਾਣੀ ਪਰੰਪਰਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਲਾਭ ਅਤੇ ਮੌਜੂਦਾ ਸਮੇਂ ਵਾਤਾਵਰਨ ਦੀ ਸੰਭਾਲ ਲਈ ਹਰਿਆਲੀ ਵਧਾਉਣ ਹਿੱਤ ਮੀਆਂਵਾਕੀ ਜੰਗਲ ਦੀ ਸਥਾਪਨਾ ਦਾ ਸੰਕਲਪ ਸਾਹਮਣੇ ਆਇਆ ਹੈ। ਇਸ ਨਾਲ ਵਿਸ਼ੇਸ਼ ਤੌਰ ਤੇ ਸ਼ਹਿਰੀ ਖੇਤਰਾਂ ਵਿੱਚ ਵਾਤਾਵਰਨ ਦਾ ਤਵਾਜ਼ਨ ਬਰਕਰਾਰ ਰੱਖਣ ਅਤੇ ਹਰਿਆਲੀ ਵਧਾਉਣ ਵਿੱਚ ਸਹਾਇਤਾ ਮਿਲੇਗੀ। ਜ਼ਿਕਰਯੋਗ ਹੈ ਕਿ ਮੀਆਂਵਾਕੀ ਜੰਗਲ ਦਾ ਸਿਧਾਂਤ ਜਪਾਨੀ ਬਨਸਪਤੀ ਵਿਗਿਆਨ ਦੇ ਮਾਹਿਰ ਅਕੀਰਾ ਮੀਆਂਵਾਕੀ ਦੇ ਸਦਕੇ ਹੋਂਦ ਵਿੱਚ ਆਇਆ। ਡਾ. ਗੋਸਲ ਨੇ ਕਿਹਾ ਕਿ ਮੀਆਂਵਾਕੀ ਜੰਗਲ 42 ਕਿਸਮ ਦੇ ਬਾਗਬਾਨੀ, ਔਸ਼ਧੀ, ਸਜਾਵਟੀ, ਜੰਗਲੀ ਅਤੇ ਮੂਲ ਪ੍ਰਜਾਤੀਆਂ ਵਾਲੇ ਦਸ ਹਜ਼ਾਰ ਬੂਟਿਆਂ ਦਾ ਕੇਂਦਰ ਹੋਵੇਗਾ। ਇਸ ਜੰਗਲ ਦਾ ਉਪਯੋਗ ਸਿੱਖਿਆ ਦੇ ਮੰਤਵ ਲਈ ਵੀ ਕੀਤਾ ਜਾਵੇਗਾ। ਮਿਲਖ ਅਧਿਕਾਰੀ ਡਾ. ਰਿਸ਼ੀਇੰਦਰਾ ਸਿੰਘ ਗਿੱਲ ਨੇ ਹਰਿਆਲੀ ਦੇ ਉਦੇਸ਼ ਨਾਲ ਦੋਵਾਂ ਸੰਸਥਾਵਾਂ ਵਿਚਕਾਰ ਸਹਿਯੋਗ ਦੇ ਯਤਨਾਂ ਦਾ ਸਵਾਗਤ ਕੀਤਾ। ਇਸ ਮੌਕੇ ਪੀ.ਏ.ਯੂ. ਉੱਚ ਅਧਿਕਾਰੀ ਅਤੇ ਮਾਹਿਰਾਂ ਤੋਂ ਇਲਾਵਾ ਔਰਬਿੰਦੋ ਕਾਲਜ ਆਫ਼ ਕਾਮਰਸ ਦੇ ਐੱਨਐੱਸਐੱਸ ਦੇ ਵਾਲੰਟੀਅਰ ਨੇ ਹਾਜ਼ਰੀ ਲੁਆਈ।