ਅੰਮ੍ਰਿਤਸਰ-ਦਿੱਲੀ ਵਿਚਾਲੇ ਅੱਜ ਤੋਂ ਚੱਲੇਗੀ ਵੰਦੇ ਭਾਰਤ ਰੇਲਗੱਡੀ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 29 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੰਦੇ ਭਾਰਤ ਰੇਲਗੱਡੀਆਂ ਦੀ ਭਲਕੇ 30 ਦਸੰਬਰ ਨੂੰ ਕੀਤੀ ਜਾ ਰਹੀ ਸ਼ੁਰੂਆਤ ਦੌਰਾਨ ਇੱਕ ਰੇਲਗੱਡੀ ਦਿੱਲੀ-ਅੰਮ੍ਰਿਤਸਰ ਵਿਚਾਲੇ ਵੀ ਸ਼ੁਰੂ ਕੀਤੀ ਜਾ ਰਹੀ। ਇਸ ਫ਼ੈਸਲੇ ਦਾ ਅੱਜ ਇੱਥੇ ਭਾਜਪਾ ਨੇ ਸਵਾਗਤ ਕੀਤਾ ਹੈ।
ਸਾਬਕਾ ਸੰਸਦ ਮੈਂਬਰ ਅਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸ਼ਵੇਤ ਮਲਿਕ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਲਕੇ ਸ਼ਨਿਚਰਵਾਰ ਨੂੰ ਅਯੁੱਧਿਆ ਤੋਂ ਛੇ ਵੰਦੇ ਭਾਰਤ ਰੇਲਗੱਡੀਆਂ ਨੂੰ ਵਰਚੁਅਲ ਰੂਪ ਵਿੱਚ ਹਰੀ ਝੰਡੀ ਦਿਖਾਈ ਜਾਵੇਗੀ, ਜਿਨ੍ਹਾਂ ਵਿੱਚੋਂ ਇੱਕ ਵੰਦੇ ਭਾਰਤ ਰੇਲਗੱਡੀ ਅੰਮ੍ਰਿਤਸਰ ਵਾਸਤੇ ਵੀ ਹੈ। ਉਨ੍ਹਾਂ ਦੱਸਿਆ ਕਿ ਇਸ ਰੇਲਗੱਡੀ ਦਾ ਅੰਮ੍ਰਿਤਸਰ ਵਿੱਚੋਂ ਉਦਘਾਟਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਵੱਲੋਂ ਕੀਤਾ ਜਾਵੇਗਾ। ਮਲਿਕ ਮੁਤਾਬਕ ਇਸ ਰੇਲਗੱਡੀ ਦਾ ਅੰਮ੍ਰਿਤਸਰ ਤੋਂ ਰਵਾਨਾ ਹੋਣ ਦਾ ਸਮਾਂ ਰੋਜ਼ਾਨਾ ਸਵੇਰੇ 8.05 ਮਿੰਟ ਹੋਵੇਗਾ ਤੇ ਰੇਲਗੱਡੀ ਦੁਪਹਿਰ ਲਗਪਗ ਡੇਢ ਵਜੇ ਦਿੱਲੀ ਪੁੱਜਿਆ ਕਰੇਗੀ। ਰੇਲਗੱਡੀ ਦਾ ਅੰਮ੍ਰਿਤਸਰ ਤੋਂ ਚੱਲ ਕੇ ਬਿਆਸ, ਜਲੰਧਰ, ਫਗਵਾੜਾ, ਲੁਧਿਆਣਾ ਅਤੇ ਅੰਬਾਲਾ ਕੈਂਟ ਵਿੱਚ ਦੋ-ਦੋ ਮਿੰਟ ਦਾ ਠਹਿਰਾਅ ਹੋਵੇਗਾ। ਭਾਜਪਾ ਆਗੂਆਂ ਨੇ ਕਿਹਾ ਕਿ ਇਹ ਵੰਦੇ ਭਾਰਤ ਰੇਲਗੱਡੀ ਪੰਜਾਬੀਆਂ ਵਾਸਤੇ ਇੱਕ ਵਿਸ਼ੇਸ਼ ਤੋਹਫ਼ਾ ਹੋਵੇਗੀ ਅਤੇ ਇਸ ਦਾ ਵਪਾਰੀ ਵਰਗ ਨੂੰ ਵੱਡਾ ਲਾਭ ਹੋਵੇਗਾ।
ਰੇਲਵੇ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਭਲਕੇ 30 ਦਸੰਬਰ ਨੂੰ ਦਿੱਲੀ-ਅੰਮ੍ਰਿਤਸਰ ਵਿਚਾਲੇ ਚੱਲਣ ਵਾਲੀ ਵੰਦੇ ਭਾਰਤ ਰੇਲਗੱਡੀ ਦਾ ‘ਟਰਾਇਲ ਰਨ’ ਹੋਵੇਗਾ ਅਤੇ ਇਸ ਦੀ ਰੈਗੂਲਰ ਸ਼ੁਰੂਆਤ ਇੱਕ ਦੋ ਦਿਨ ਬਾਅਦ ਹੋਵੇਗੀ। ਇਹ ਰੇਲਗੱਡੀ ਲਗਪਗ ਸਾਢੇ 5 ਘੰਟੇ ਵਿੱਚ ਅੰਮ੍ਰਿਤਸਰ ਤੋਂ ਦਿੱਲੀ ਪੁੱਜੇਗੀ। ਅੱਠ ਡੱਬਿਆਂ ਵਾਲੀ ਇਸ ਰੇਲਗੱਡੀ ਵਿੱਚ 44 ਐਗਜ਼ੀਕਿਊਟਿਵ ਸਣੇ ਕੁੱਲ 530 ਸੀਟਾਂ ਹੋਣਗੀਆਂ। ਇਹ ਰੇਲਗੱਡੀ ਟਰਾਇਲ ਰਨ ਦੌਰਾਨ ਸਿਰਫ਼ ਬਿਆਸ ਅਤੇ ਫਗਵਾੜਾ ਸਟੇਸ਼ਨਾਂ ’ਤੇ ਰੁਕੇਗੀ।
ਭਲਕੇ 30 ਦਸੰਬਰ ਨੂੰ ਇਸ ਰੇਲਗੱਡੀ ਦੀ ਸ਼ੁਰੂਆਤ ਵਾਸਤੇ ਰੇਲ ਵਿਭਾਗ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਪਲੇਟਫਾਰਮ ਨੰਬਰ ਇੱਕ ’ਤੇ ਇੱਕ ਸਵਾਗਤੀ ਮੰਚ ਵੀ ਬਣਾਇਆ ਗਿਆ ਹੈ।