ਕੈਲੀਫੋਰਨੀਆ ਦੇ ਸੈਕਰਾਮੈਂਟੋ ’ਚ ਮੰਦਰ ਦੀ ਭੰਨਤੋੜ
ਵਾਸ਼ਿੰਗਟਨ, 26 ਸਤੰਬਰ
ਕੈਲੀਫੋਰਨੀਆ ਦੇ ਸੈਕਰਾਮੈਂਟੋ ਵਿਚ ਅਣਪਛਾਤਿਆਂ ਨੇ ਬੀਏਪੀਐੱਸ ਹਿੰਦੂ ਮੰਦਰ ਵਿਚ ਭੰਨਤੋੜ ਕੀਤੀ ਤੇ ਮੰਦਰ ਦੀਆਂ ਕੰਧਾਂ ’ਤੇ ‘ਹਿੰਦੂਓ ਵਾਪਸ ਜਾਓ!’ ਦੇ ਨਾਅਰੇ ਲਿਖੇ। ਅਮਰੀਕਾ ਵਿਚ ਪਿਛਲੇ ਦਸ ਦਿਨਾਂ ਦੌਰਾਨ ਇਹ ਅਜਿਹੀ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਨਿਊ ਯਾਰਕ ਦੇ ਬੀਏਪੀਐੱਸ ਮੰਦਰ ਵਿਚ ਵੀ ਇਸੇ ਤਰ੍ਹਾਂ ਦੀ ਬੇਅਦਬੀ ਕੀਤੀ ਗਈ ਸੀ।
ਮੰਦਰ ਦੇ ਬੁਲਾਰੇ ਨੇ ਐਕਸ ’ਤੇ ਪੋਸਟ ਵਿਚ ਕਿਹਾ, ‘ਦਸ ਦਿਨ ਵੀ ਨਹੀਂ ਹੋਏ, ਜਦੋਂ ਨਿਊ ਯਾਰਕ ਵਿਚ ਬੀਏਪੀਐੱਸ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਸਾਡਾ ਮੰਦਰ ਕੈਲੀਫੋਰਨੀਆ ਦੇ ਸੈਕਰਾਮੈਂਟੋ ਵਿਚ ਹੈ। ਅਸੀਂ ਇਸ ਨਫ਼ਤਰ ਖਿਲਾਫ਼ ਇਕਜੁੱਟ ਹੋ ਕੇ ਖੜ੍ਹੇ ਹਾਂ ਤੇ ਸ਼ਾਂਤੀ ਦੀ ਪ੍ਰਾਰਥਨਾ ਕਰਦੇ ਹਾਂ।’ ਬੁੱਧਵਾਰ ਰਾਤ ਦੀ ਇਹ ਘਟਨਾ ਅਜਿਹੇ ਮੌਕੇ ਹੋਈ ਹੈ, ਜਦੋਂ 17 ਸਤੰਬਰ ਨੂੰ ਨਿਊ ਯਾਰਕ ਦੇ ਮੈਲਵਿਲੇ ਵਿਚ ਸ੍ਰੀ ਸਵਾਮੀਨਰਾਇਣ ਮੰਦਰ ’ਚ ਬੇਅਦਬੀ ਕੀਤੀ ਗਈ ਸੀ। ਅਮਰੀਕੀ ਡਾਕਟਰ ਤੇ ਕੈਲੀਫੋਰਨੀਆ ਤੋਂ ਸੰਸਦ ਮੈਂਬਰ ਅਮਰੀਸ਼ ਬਾਬੂਲਾਲ ਨੇ ਕਿਹਾ, ‘ਧਾਰਮਿਕ ਕੱਟੜਤਾ ਤੇ ਨਫ਼ਰਤ ਲਈ ਸੈਕਰਾਮੈਂਟੋ ਕਾਊਂਟੀ ਵਿਚ ਕੋਈ ਥਾਂ ਨਹੀਂ ਹੈ। ਮੈਂ ਭੰਨ-ਤੋੜ ਦੀ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਾ ਹਾਂ।’ ਭਾਰਤੀ ਅਮਰੀਕੀ ਉਦਯੋਗਪਤੀ ਅਜੈ ਜੈਨ ਭੂਟੋਰੀਆ ਨੇ ਐੱਫਬੀਆਈ ਨੂੰ ਅਪੀਲ ਕੀਤੀ ਉਹ ਮਾਮਲੇ ਦੀ ਜਾਂਚ ਕਰਕੇ ਨਫ਼ਰਤ ਤੇ ਡਰ ਫੈਲਾਉਣ ਵਾਲਿਆਂ ਦੀ ਜਵਾਬਦੇਹੀ ਨਿਰਧਾਰਿਤ ਕਰੇ। ਬੀਏਪੀਐੱਸ, ਜਿਸ ਦਾ ਹੈੱਡਕੁਆਰਟਰ ਗੁਜਰਾਤ ਵਿਚ ਹੈ, ਦੇ ਉੱਤਰੀ ਅਮਰੀਕਾ ਵਿਚ ਸੌ ਤੋਂ ਵੱਧ ਮੰਦਰ ਤੇ ਸੈਂਟਰ ਹਨ। -ਪੀਟੀਆਈ