‘ਵਿਕਸਿਤ ਭਾਰਤ ਸੰਕਲਪ ਯਾਤਰਾ’ ਮੁਹਿੰਮ ਤਹਿਤ ਵੈਨ ਰਵਾਨਾ
ਪੱਤਰ ਪ੍ਰੇਰਕ
ਜਲੰਧਰ, 28 ਨਵੰਬਰ
ਲੋਕ ਭਲਾਈ ਯੋਜਨਾਵਾਂ ਦਾ ਲਾਭ ਹਰੇਕ ਵਰਗ ਤੱਕ ਪਹੁੰਚਾਉਣ ਦੇ ਮੰਤਵ ਨਾਲ ਡੀਸੀ ਜਲੰਧਰ ਵਿਸ਼ੇਸ਼ ਸਾਰੰਗਲ ਤੇ ਸੀਨੀਅਰ ਆਈ.ਆਰ.ਐੱਸ. ਅਧਿਕਾਰੀ ਭਾਰਤ ਪ੍ਰਕਾਸ਼ ਵੱਲੋਂ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਮੁਹਿੰਮ ਤਹਿਤ ਜਾਗਰੂਕਤਾ ਵੈਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤੀ ਗਈ। ਇਸ ਮੁਹਿੰਮ ਤਹਿਤ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਜਾਗਰੂਕਤਾ ਵੈਨਾਂ ਚਲਾਈਆਂ ਜਾਣਗੀਆਂਂ। ਇਹ ਵੈਨਾਂ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਪਿੰਡਾਂ ਵਿੱਚ ਪ੍ਰਚਾਰ ਕਰਨਗੀਆਂ। ਇਹ ਵੈਨਾਂ ਐੱਲ.ਈ.ਡੀਜ਼, ਸਾਊਂਡ ਸਿਸਟਮ ਨਾਲ ਲੈਸ ਹਨ, ਜਿਨ੍ਹਾਂ ਰਾਹੀਂ ਵੀਡੀਓਜ਼, ਲਘੂ ਫਿਲਮਾਂ ਚਲਾ ਕੇ ਅਤੇ ਕਿਤਾਬਚੇ ਤੇ ਹੋਰ ਪੜ੍ਹਨ ਸਮੱਗਰੀ ਵੰਡ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਸੀਨੀਅਰ ਅਧਿਕਾਰੀ ਭਾਰਤ ਪ੍ਰਕਾਸ਼ ਨੇ ਦੱਸਿਆ ਕਿ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਦਾ ਮੁੱਖ ਮਕਸਦ ਸਰਕਾਰ ਦੀਆਂ ਵੱਖ-ਵੱਖ ਭਲਾਈ ਸਕੀਮਾਂ ਬਾਰੇ ਜ਼ਮੀਨੀ ਪੱਧਰ ਤੱਕ ਜਾਗਰੂਕਤਾ ਪੈਦਾ ਕਰਨਾ ਹੈ। ਇਸ ਮੌਕੇ ਏਡੀਸੀ (ਵਿਕਾਸ) ਵਰਿੰਦਰਪਾਲ ਸਿੰਘ ਬਾਜਵਾ, ਸਹਾਇਕ ਕਮਿਸ਼ਨਰ (ਜ) ਗੁਰਸਿਮਰਨਜੀਤ ਕੌਰ, ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਪਬਲੀਸਿਟੀ ਅਫ਼ਸਰ ਰਾਜੇਸ਼ ਬਾਲੀ ਆਦਿ ਮੌਜੂਦ ਸਨ।