ਸਕੂਲਾਂ ਵਿੱਚ ਵਣ ਮਹਾਉਤਸਵ ਮਨਾਇਆ
ਪੱਤਰ ਪ੍ਰੇਰਕ
ਜ਼ੀਰਾ, 8 ਜੁਲਾਈ
ਪੈਰਾਡਾਈਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਵਿੱਚ ਚੇਅਰਮੈਨ ਹਰਜੀਤ ਸਿੰਘ, ਅਮਰਜੀਤ ਕੌਰ ਅਤੇ ਪ੍ਰਿੰਸੀਪਲ ਡਾਕਟਰ ਅਵਿਨਾਸ਼ ਸਿੰਘ ਦੀ ਅਗਵਾਈ ਹੇਠ ਵਿਦਿਆਰਥੀਆਂ ਵੱਲੋਂ ਬੂਟੇ ਲਗਾ ਕੇ ਵਣ ਮਹਾਉਤਸਵ ਮਨਾਇਆ ਗਿਆ। ਸਕੂਲ ਦੇ ਚੇਅਰਮੈਨ ਹਰਜੀਤ ਸਿੰਘ ਨੇ ਕਿਹਾ ਕਿ ਵਧ ਰਹੇ ਪ੍ਰਦੂਸ਼ਣ ਨੂੰ ਘਟਾਉਣ ਤੇ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਵੱਧ ਤੋਂ ਵੱਧ ਬੂਟੇ ਲਗਾ ਕੇ ਉਨ੍ਹਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ। ਇਸ ਦੌਰਾਨ ਵਿਦਿਆਰਥੀਆਂ ਨੇ ਮੁੱਖ ਮਾਰਗ ’ਤੇ ਬੂਟੇ ਲਗਾ ਕੇ ਲੋਕਾਂ ਨੂੰ ਪੌਦੇ ਲਗਾਉਣ ਦਾ ਸੁਨੇਹਾ ਦਿੱਤਾ।
ਮਾਨਸਾ (ਪੱਤਰ ਪ੍ਰੇਰਕ): ਡੀਏਵੀ ਸਕੂਲ ਮਾਨਸਾ ਵਿੱਚ ਵਣਮਹਾਉਤਸਵ ਮੌਕੇ ਬੂਟੇ ਲਾਉਣ ਉਪਰੰਤ ਪੇਟਿੰਗ ਮੁਕਾਬਲੇ ਕਰਵਾਏ ਗਏ। ਸਕੂਲ ਪ੍ਰਿੰਸੀਪਲ ਵਿਨੋਦ ਰਾਣਾ ਨੇ ਦੱਸਿਆ ਕਿ ਬੂਟੇ ਲਗਾਓ ਮੁਹਿੰਮ ਤਹਿਤ ਸਕੂਲ ਦੇ ਈਕੋ ਕਲੱਬ ਦੇ ਵਿਦਿਆਰਥੀ ਮੈਂਬਰਾਂ ਨੇ ਸਕੂਲ ਦੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇੱਕ ਬੂਟਾ ਲਗਾਉਣ ਦੀ ਅਪੀਲ ਕੀਤੀ, ਜਿਸ ਤਹਿਤ ਬੂਟੇ ਇਕੱਠੇ ਕੀਤੇ ਗਏ। ਇਹ ਬੂਟੇ ਸਕੂਲੀ ਬੱਚਿਆਂ ਵੱਲੋਂ ਵੱਖ-ਵੱਖ ਪਿੰਡਾਂ ਅਤੇ ਉਪਰੋਕਤ ਥਾਵਾਂ ’ਤੇ ਲਗਾਏ ਜਾਣਗੇ ਅਤੇ ਇਸ ਦੇ ਨਾਲ ਹੀ ਪੇਂਟਿੰਗ ਮੁਕਾਬਲਾ ਵੀ ਕਰਵਾਇਆ ਗਿਆ।