ਸੋਨੂ ਸੂਦ ਦੀ ਮਦਦ ਨਾਲ ਵਾਮਸ਼ੀ ਬਣਿਆ ਪਾਇਲਟ
ਮੁੰਬਈ: ਬੌਲੀਵੁੱਡ ਅਦਾਕਾਰ ਸੋਨੂ ਸੂਦ ਦੀ ਮਦਦ ਨਾਲ ਵਾਮਸ਼ੀ ਦੇ ਸੁਫਨਿਆਂ ਨੂੰ ਨਵੀਂ ਉਡਾਣ ਮਿਲ ਗਈ ਹੈ। ਅਦਾਕਾਰ ਨੇ ਆਰਥਿਕ ਪੱਖੋਂ ਲੋੜਵੰਦ ਵਾਮਸ਼ੀ ਦੀ ਮਦਦ ਕੀਤੀ, ਜਿਸ ਕਾਰਨ ਉਸ ਦਾ ਪਾਇਲਟ ਬਣਨ ਦਾ ਸੁਫਨਾ ਸਾਕਾਰ ਹੋ ਸਕਿਆ ਹੈ। ਸੋਨੂ ਨੇ ਵਾਮਸ਼ੀ ਦੀ ਜ਼ਿੰਦਗੀ ਹੀ ਬਦਲ ਦਿੱਤੀ ਹੈ। ਹੁਣ ਵਾਮਸ਼ੀ ਨੂੰ ਬੇਸਬਰੀ ਨਾਲ ਉਡੀਕ ਹੈ ਕਿ ਉਹ ਕਦੋਂ ਆਪਣੀ ਉਡਾਣ ਦੇ ਝੂਟੇ ਸੋਨੂ ਸੂਦ ਨੂੰ ਦਿਵਾ ਸਕੇਗਾ। ਵਾਮਸ਼ੀ ਇੱਕ ਏਵੀਏਸ਼ਨ ਅਕੈਡਮੀ ਵਿੱਚ ਇੱਕ ਪਾਇਲਟ ਵਜੋਂ ਗਰਾਊਂਡ ਇੰਸਟ੍ਰਕਟਰ ਵਜੋਂ ਕੰਮ ਕਰ ਰਿਹਾ ਹੈ, ਜੋ ਕਿ ਸੋਨੂ ਦੀ ਦਰਿਆ ਦਿਲੀ ਦਾ ਸਬੂਤ ਹੈ। ਗਰੀਬ ਘਰ ਵਿੱਚ ਪੈਦਾ ਹੋਏ ਇਸ ਨੌਜਵਾਨ ਨੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਅਤੇ ਇੱਕ ਅਜਿਹੇ ਪਿਛੋਕੜ ’ਚੋਂ ਉਭਰਿਆ ਜਿੱਥੇ ਪਾਇਲਟ ਬਣਨ ਦੀ ਧਾਰਨਾ ਅਸੰਭਵ ਜਾਪਦੀ ਸੀ। ਵਾਮਸ਼ੀ ਨੇ ਦੱਸਿਆ,‘‘ ਮੈਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਏਅਰਲਾਈਨ ਵਿੱਚ ਸਹਾਇਕ ਅਤੇ ਕਲੀਨਰ ਵਜੋਂ ਆਪਣਾ ਸਫ਼ਰ ਸ਼ੁਰੂ ਕਰਨ ਤੋਂ ਬਾਅਦ ਸੋਨੂ ਦੇ ਰੂੁਪ ਵਿੱਚ ਮੈਨੂੰ ਰੱਬ ਮਿਲਿਆ। ਮੈਨੂੰ ਸੋਨੂ ਸੂਦ ਦੁਆਰਾ ਪ੍ਰੇਰਿਤ ਫਾਊਂਡੇਸ਼ਨ ਤੋਂ ਵਿੱਤੀ ਸਹਾਇਤਾ ਮਿਲੀ, ਇਹ ਮੇਰੀ ਜ਼ਿੰਦਗੀ ਦਾ ਅਜਿਹਾ ਮੋੜ ਸੀ ਜਿਸ ਨੇ ਮੇਰੇ ਸੁਫਨਿਆਂ ਨੂੰ ਖੰਭ ਲਗਾ ਦਿੱਤੇ।’’ ਵਾਮਸ਼ੀ ਨੇ ਆਪਣੀ ਇੱਛਾ ਪ੍ਰਗਟ ਕਰਦਿਆਂ ਕਿਹਾ ਕਿ ਉਸ ਦਾ ਸੁਫ਼ਨਾ ਸੋਨੂ ਨਾਲ ਬੈਠ ਕੇ ਉਡਾਨ ਭਰਨ ਦਾ ਹੈ, ਜਿਸਦਾ ਕਿ ਉਹ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਸੋਨੂੰ ਸੂਦ ਨੇ ਕਿਹਾ,‘‘ਕਈ ਵਾਰ ਅਸੀਂ ਸਿਰਫ਼ ਪ੍ਰਮਾਤਮਾ ਦੀ ਅਗਵਾਈ ਵਾਲੀ ਸ਼ਕਤੀ ਹੁੰਦੇ ਹਾਂ। ਕੋਵਿਡ ਦੌਰਾਨ ਮਦਦ ਕਰਨ ਦਾ ਸ਼ੁਰੂ ਕੀਤਾ ਇਹ ਸਿਲਸਿਲਾ ਮੇਰੇ ਆਖ਼ਰੀ ਸਾਹ ਤੱਕ ਜਾਰੀ ਰਹੇਗਾ।’’ -ਆਈਏਐੱਨਐੱਸ