ਸਸਕਾਰ ’ਤੇ ਆਏ ਲੋਕਾਂ ਦੇ ਵਾਹਨਾਂ ’ਚੋਂ ਕੀਮਤੀ ਸਾਮਾਨ ਚੋਰੀ
ਗੁਰਦੀਪ ਸਿੰਘ ਭੱਟੀ
ਟੋਹਾਣਾ, 30 ਨਵੰਬਰ
ਇੱਥੋਂ ਦੇ ਪਿੰਡ ਦੀਵਾਨਾ ਦੇ ਖੇਤਾਂ ਵਿੱਚ ਕਿਸਾਨ ਵੇਦ ਦੀ ਢਾਣੀ ਤੇ ਉਸਦੇ ਪਿਤਾ ਸ਼ਾਨੂ ਲਾਲ ਦੀ ਮੌਤ ਦੀਆਂ ਅੰਤਿਮ ਰਸਮਾਂ ਨਿਭਾਉਣ ਲਈ ਆਏ ਰਿਸ਼ਤੇਦਾਰਾਂ ਦੀਆਂ ਕਾਰਾਂ ਦੇ ਸ਼ੀਸ਼ੇ ਤੋੜ ਕੇ ਕੀਮਤੀ ਸਾਮਾਨ ਚੋਰੀ ਕੀਤਾ ਗਿਆ। ਜਾਖਲ ਪੁਲੀਸ ਨੇ ਇਸ ਸਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਬਜ਼ੁਰਗ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਲਈ ਰਾਜਸਥਾਨ, ਪੰਜਾਬ, ਹਿਸਾਰ ਤੋਂ ਉਨ੍ਹਾਂ ਦੇ ਰਿਸ਼ਤੇਦਾਰ ਪੁੱਜੇ ਹੋਏ ਸਨ। ਉਨ੍ਹਾਂ ਦੇ ਵਾਹਨ ਢਾਣੀ ਤੋਂ ਥੋੜ੍ਹੀ ਦੂਰ ਖੇਤਾਂ ਵਿੱਚ ਖੜ੍ਹੇ ਕੀਤੇ ਹੋਏ ਸਨ। ਦੇਰ ਸ਼ਾਮ ਨੂੰ ਬਜ਼ੁਰਗ ਦੇ ਸਸਕਾਰ ਲਈ ਸਾਰੇ ਰਿਸ਼ਤੇਦਾਰ ਤੇ ਪਰਿਵਾਰ ਦੇ ਮੈਂਬਰ ਪਿੰਡ ਦੀਵਾਨਾ ਦੇ ਸਵਰਗ ਆਸ਼ਰਮ, ਜੋ ਉਨ੍ਹਾਂ ਦੇ ਘਰ ਤੋਂ ਕਰੀਬ ਡੇਢ ਕਿਲੋਮੀਟਰ ਦੂਰੀ ’ਤੇ ਹੈ, ਸਾਰੇ ਰਿਸ਼ਤੇਦਾਰ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਣ ਲਈ ਉਥੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਰਿਸ਼ਤੇਦਾਰਾਂ ਦੀ ਗੈਰਮੌਜੂਦਗੀ ਵਿੱਚ ਅਣਪਛਾਤੇ ਵਿਅਕਤੀਆਂ ਨੇ ਚਾਰ ਕਾਰਾਂ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਇਨ੍ਹਾਂ ਵਿੱਚੋਂ ਡੈੱਕ, ਐੱਲਈਡੀ, ਏਸੀ ਦਾ ਸਾਮਾਨ, ਕੀਮਤੀ ਕੱਪੜੇ ਤਕ ਚੋਰੀ ਕਰ ਲਏ। ਸੂਚਨਾ ਮਿਲਣ ਮਗਰੋਂ ਜਾਖਲ ਪੁਲੀਸ ਘਟਨਾ ਸਥਾਨ ’ਤੇ ਪੁੱਜ ਗਈ। ਏਐੱਸਆਈ ਕਪਿਲ ਕੁਮਾਰ ਨੇ ਘਟਨਾ ਦੀ ਜਾਂਚ ਕੀਤੀ। ਪੀੜਤ ਪਰਿਵਾਰ ਤੇ ਪਿੰਡ ਦੀਵਾਨਾ ਦੀ ਪੰਚਾਇਤ ਨੇ ਮੌਤ ’ਤੇ ਆਏ ਰਿਸ਼ਤੇਦਾਰਾਂ ਨਾਲ ਮੰਦਭਾਗੀ ਵਾਰਦਾਤ ਕਰਨ ਦੀ ਨਿਖੇਧੀ ਕਰਦਿਆਂ ਦੱਸਿਆ ਕਿ ਉਹ ਡੀਐਸਪੀ ਟੋਹਾਣਾ ਨੂੰ ਮਿਲ ਕੇ ਚੋਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਇਸ ਘਟਨਾ ਕਾਰਨ ਪਿੰਡ ਵਾਸੀਆਂ ਨੂੰ ਨਮੋਸ਼ੀ ਝੱਲਣੀ ਪੈ ਰਹੀ ਹੈ।