ਵਲਟੋਹਾ ਨੇ ਅਕਾਲ ਤਖ਼ਤ ਅੱਗੇ ਖੜ੍ਹੇ ਹੋ ਕੇ ਕੀਤੀ ਅਰਜੋਈ, ਨਿਆਂ ਮੰਗਿਆ
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ):
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨ ਵਜੋਂ ਜਿੱਤ ਤੋਂ ਇੱਕ ਦਿਨ ਬਾਅਦ ਵਿਰਸਾ ਸਿੰਘ ਵਲਟੋਹਾ ਨੇ ਅਕਾਲ ਤਖ਼ਤ ਦੇ ਸਨਮੁੱਖ ਖੜ੍ਹੇ ਹੋ ਕੇ ਇਨਸਾਫ਼ ਲਈ ਅਰਜੋੋਈ ਕੀਤੀ। ਉਹ ਅੱਜ ਸਵੇਰੇ ਅਕਾਲ ਤਖ਼ਤ ਵਿਖੇ ਨਤਮਸਤਕ ਹੋਣ ਪੁੱਜੇ ਸਨ। ਇਸ ਦੀ ਇਕ ਵੀਡੀਓ ਵੀ ਜਨਤਕ ਹੋਈ ਹੈ। ਅਕਾਲ ਤਖ਼ਤ ਅੱਗੇ ਖੜ੍ਹੇ ਹੋ ਕੇ ਵਿਰਸਾ ਸਿੰਘ ਵਲਟੋਹਾ ਨੇ ਕਿਹਾ, ‘‘ਮੈਂ ਤੇ ਮੇਰੇ ਪਰਿਵਾਰਕ ਮੈਂਬਰ ਡੂੰਘੇ ਦੁੱਖ ਵਿੱਚੋਂ ਲੰਘ ਰਹੇ ਹਨ। ਇਸ ਮਾਮਲੇ ਵਿੱਚ ਸਿਰਫ ਅਕਾਲ ਪੁਰਖ ਹੀ ਨਿਆਂ ਦੇ ਸਕਦਾ ਹੈ।’’ ਉਨ੍ਹਾਂ ਕਿਹਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਉਸ ’ਤੇ ਲਾਏ ਦੋਸ਼ ਬੇਬੁਨਿਆਦ ਹਨ। ਵਲਟੋਹਾ ਨੇ ਅਪੀਲ ਕੀਤੀ ਕਿ ਉਨ੍ਹਾਂ ਕੋਲ ਜੇ ਕੋਈ ਇਸ ਸਬੰਧੀ ਸਬੂਤ ਹਨ ਤਾਂ ਉਹ ਇਸ ਨੂੰ ਜਨਤਕ ਕਰਨ। ਉਨ੍ਹਾਂ ਕਿਹਾ ਕਿ ਪੰਜ ਸਿੰਘ ਸਾਹਿਬਾਨ ਨਾਲ ਬੰਦ ਕਮਰੇ ਵਿੱਚ ਹੋਈ ਮੀਟਿੰਗ ਵੇਲੇ ਦੀ ਗੱਲਬਾਤ ਤੇ ਵੀਡੀਓ ਅਤੇ ਸਬੂਤਾਂ ਸਬੰਧੀ ਦਿੱਤੀ ਗਈ ਪੈੱਨ ਡਰਾਈਵ ਨੂੰ ਵੀ ਜਨਤਕ ਕੀਤੀ ਜਾਵੇ।