For the best experience, open
https://m.punjabitribuneonline.com
on your mobile browser.
Advertisement

ਮਨ ਦੀ ਵੇਦਨਾ ਪ੍ਰਗਟ ਕਰਦੇ ਵੈਣ

10:21 AM Jul 01, 2023 IST
ਮਨ ਦੀ ਵੇਦਨਾ ਪ੍ਰਗਟ ਕਰਦੇ ਵੈਣ
Advertisement

ਸੁਖਵਿੰਦਰ ਕੌਰ ਸਿੱਧੂ

ਪੰਜਾਬੀ ਬੋਲੀ ਇੱਕ ਅਜਿਹੀ ਪਟਾਰੀ ਹੈ ਜਿਸ ਵਿੱਚ ਅਮੁੱਕ ਅਨਮੋਲ ਖ਼ਜ਼ਾਨਾ ਭਰਿਆ ਹੋਇਆ ਹੈ। ਜਨਮ ਸਮੇਂ ਪਹਿਲੀ ਕਿਲਕਾਰੀ ਤੋਂ ਲੈ ਕੇ ਆਖ਼ਰੀ ਸਾਹ ਤੱਕ ਕੋਈ ਵੀ ਰਸਮ ਅਜਿਹੀ ਨਹੀਂ ਜਿਸ ਨੂੰ ਇਸ ਨੇ ਲੈਅਬੱਧ ਨਾ ਕੀਤਾ ਹੋਵੇ।
ਇਹ ਲੋਰੀਆਂ ਨਾਲ ਸਵਾਉਂਦੀ ਏ
ਗਾ ਘੋੜੀਆਂ ਸ਼ਗਨ ਮਨਾਉਂਦੀ ਏ
ਤੁਰ ਗਏ ਤਾਂ ਵੈਣ ਵੀ ਪਾਉਂਦੀ ਏ
ਇਹਦੀ ਵੱਖਰੀ ਟੌਹਰ ਨਵਾਬੀ ਏ
ਮੇਰੀ ਮਾਂ ਬੋਲੀ ਪੰਜਾਬੀ ਏ...!
ਪੰਜਾਬੀ ਹਰ ਨਿੱਕੇ ਵੱਡੇ ਸਮੇਂ ’ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਨੱਚ ਗਾ ਕੇ ਕਰਦੇ ਹਨ। ਹਰ ਰਸਮ ਉਦੋਂ ਇੱਕ ਅਨੋਖੇ ਰੰਗ ਵਿੱਚ ਰੰਗੀ ਜਾਂਦੀ ਹੈ ਜਦੋਂ ਗਲ਼ੇ ’ਚੋਂ ਨਿਕਲੀ ਹੇਕ ਫਿਜ਼ਾ ਵਿੱਚ ਗੂੰਜ ਕੇ ਰਸ ਘੋਲ਼ ਦਿੰਦੀ ਹੈ। ਜਿੱਥੇ ਹਰ ਲੈਅ ਖੁਸ਼ੀ ਨੂੰ ਚਾਰ ਚੰਨ ਲਗਾ ਦਿੰਦੀ ਹੈ ਉੱਥੇ ਅੰਤਿਮ ਸਮੇਂ ਦਾ ਵਿਛੋੜਾ ਵੀ ਮਨ ਦੀਆਂ ਤਰੰਗਾਂ ਨੂੰ ਤਾਰ- ਤਾਰ ਕਰਦਾ ਅਜਿਹੀ ਚੀਸ ਛੱਡਦਾ ਹੈ ਕਿ ਘਟਾਵਾਂ ਦੇ ਵੀ ਸਾਹ ਘੁੱਟਣ ਲੱਗਦੇ ਹਨ। ਦਰਦ ਭਿੱਜੇ ਬੋਲ ਰੂਹਾਂ ਨੂੰ ਝੰਜੋੜ ਅੱਖਾਂ ਦਾ ਸਮੁੰਦਰ ਬਣ ਜਦੋਂ ਦਿਲ ਦੀਆਂ ਤਰੰਗਾਂ ਨਾਲ ਟਕਰਾ ਕੇ ਗੂੰਜਦੇ ਹਨ ਤਾਂ ਸਿਆਣਿਆਂ ਦੇ ਕਹਿਣ ਮੁਤਾਬਕ ‘ਧਰਤੀ ਅਸਮਾਨ ਨਹੀਂ ਝੱਲਦਾ’।
ਅੱਜ ਅਸੀਂ ਖ਼ੁਸ਼ੀਆਂ ਖੇੜਿਆਂ ਦੇ ਗੀਤਾਂ ਦੀ ਗੱਲ ਕਰਨ ਦੀ ਥਾਂ ਉਸ ਪੱਖ ਦੀ ਗੱਲ ਕਰਦੇ ਹਾਂ ਜੋ ਦੁਖੀ ਮਨ ਦੀ ਵੇਦਨਾ ਪ੍ਰਗਟ ਕਰਦੇ ਹੋਏ ਮਨ ਦੇ ਵਲਵਲੇ ਸਾਂਝੇ ਕਰਦਾ ਹੈ। ਇਹ ਪੱਖ ਜ਼ਿਆਦਾਤਰ ਔਰਤਾਂ ਵੱਲੋਂ ਕਿਸੇ ਦੇ ਮਰਨ ਸਮੇਂ ਪੀੜਾ ਸਾਂਝੀ ਕਰਦੇ ਹੋਏ ਬੋਲਿਆ ਜਾਂਦਾ ਹੈ। ਜਦੋਂ ਕਿਸੇ ਦੇ ਘਰ ਮੌਤ ਹੋ ਜਾਂਦੀ ਹੈ ਤਾਂ ਰਿਸ਼ਤੇਦਾਰ, ਸੱਜਣ-ਮਿੱਤਰ, ਸ਼ਰੀਕੇ-ਕਬੀਲੇ ਨੂੰ ਸੁਨੇਹੇ ਘੱਲ ਦਿੱਤੇ ਜਾਂਦੇ ਹਨ। ਸਕੇ ਸਬੰਧੀ ਆਪਣੇ ਭਾਈਚਾਰੇ ਨੂੰ ਨਾਲ ਲੈ ਕੇ ਟਰੈਕਟਰ-ਟਰਾਲੀ ਜਾਂ ਬੱਸ-ਗੱਡੀ ਰਾਹੀਂ ਦੁੱਖ ਵਾਲੇ ਘਰ ਪਹੁੰਚਦੇ ਹਨ। ਘਰ ਤੋਂ ਦੂਰ ਫਿਰਨੀ ਤੋਂ ਮਰਦ ਤਾਂ ਅੱਗੇ-ਅੱਗੇ ਤੁਰ ਪੈਂਦੇ ਹਨ ਅਤੇ ਔਰਤਾਂ ਚੁੰਨੀ ਦਾ ਪੱਲਾ ਨੀਵਾਂ ਕਰਕੇ ਮਰਨ ਵਾਲੇ ਇਨਸਾਨ ਦੇ ਨਾਂ ਵੈਣ ਪਾਉਂਦੀਆਂ ਤੁਰਦੀਆਂ ਹਨ। ਜੇਕਰ ਮਰਨ ਵਾਲੀ ਅੌਰਤ ਹੈ ਤਾਂ ਉਸ ਦੇ ਪੇਕੇ ਪਰਿਵਾਰ ਦੀਆਂ ਔਰਤਾਂ ਆਪਣੀ ਵੇਦਨਾ ਇਸ ਤਰ੍ਹਾਂ ਪ੍ਰਗਟ ਕਰਦੀਆਂ ਹਨ:
ਤੇਰੀ ਆਈ ’ਤੇ ਮੈਂ ਮੁੱਕ ਜਾਂਦੀ ਨੀਂ ਰਾਣੀਏ ਧੀਏ... ਹਾਏ...
ਜਦ ਤੇਰੇ ਜਾਣ ਦੀ ਖ਼ਬਰ ਸੁਣ ਲਾਂ ਕੁੜੇ
ਨੀਂ ਮੈਂ ਪੈਰ ਜੁੱਤੀ ਨਾ ਪਾਵਾਂ ਰਾਣੀਏ ਨਣਦੇ... ਹਾਏ....
ਤੈਨੂੰ ਰੱਖੜੀ ਦੇ ਦਿਨ ’ਡੀਕਾਂ ਨੀਂ ਰਾਣੀਏ ਨਣਦੇ
ਨੀਂ ਤੂੰ ਰੋਂਦੇ ਬਾਬਲ ਨੂੰ ਚੁੱਪ ਕਰਾਜਾ ਨੀਂ ਕਮਲੀਏ ਧੀਏ
ਤੇਰੇ ਦੁੱਖਾਂ ਦਾ ਭੇਤ ਨਾ ਆਇਆ ਕੁੜੇ
ਵਡੇਰੀ ਉਮਰ ਦੀ ਔਰਤ ਦੀ ਧੀ ਮਾਵਾਂ ਦੇ ਨਾਲ ਹੀ ਪੇਕੇ ਚੰਗੇ ਲੱਗਣ ਦੀ ਗੱਲ ਕਰਦੀ ਹੈ ਅਤੇ ਆਪਣੀ ਵੇਦਨਾ ਪ੍ਰਗਟ ਕਰਦੀ ਹੋਈ ਆਖਦੀ ਹੈ:
ਮਾਵਾਂ ਬਿਨ ਪੇਕੇ ਜੀਅ ਨਹੀਂ ਲੱਗਦਾ
ਨੀਂ ਮੈਨੂੰ ਰੱਖਣ ਵਾਲੀਏ ਅੰਮੜੀਏ
ਤੂੰ ਮੈਨੂੰ ਕਦੇ ਸੁੱਤੀ ਨਾ ਜਗਾਵੇਂ
ਹੁਣ ਕਿਹੜੀ ਨੀਂਦੇ ਸੌਂ ਗਈ
ਨੀਂ ਮੈਨੂੰ ਰੱਖਣ ਵਾਲੀਏ ਅੰਮੜੀਏ
ਮਰਨ ਵਾਲੀ ਅੌਰਤ ਦੀ ਨੂੰਹ ਆਖਦੀ ਹੈ:
ਮੈਂ ਤੇਰੇ ਸਿਰ ’ਤੇ ਰਾਜ ਕਰੇਂਦੀ ਜੀ
ਮੈਨੂੰ ਵਣਜਣ ਵਾਲੀਏ ਅੰਮੜੀਏ
ਪੇਕੇ ਪਾਸਿਆਂ ਦੇ ਮਾਂ-ਬਾਪ ਨੂੰ ਰੱਖਣ ਵਾਲੇ ਅਤੇ ਸਹੁਰੇ ਪਰਿਵਾਰ ਦੇ ਮਾਂ-ਬਾਪ ਨੂੰ ਵਣਜਣ ਵਾਲੇ ਮਾਪੇ ਕਿਹਾ ਜਾਂਦਾ ਹੈ। ਜੇਕਰ ਮਰਨ ਵਾਲਾ ਮਰਦ ਹੈ ਤਾਂ ਉਸ ਦੇ ਵੀ ਸਹੁਰੇ ਪੱਖਾਂ ਤੋਂ ਮਕਾਣ ਆਉਂਦੀ ਹੈ ਅਤੇ ਉਹ ਰਾਜਿਆ ਪੁੱਤਾ, ਬਾਬਲ ਘਰ ਢੁੱਕਿਆ ਚੰਦਾ ਆਦਿ ਸੰਬੋਧਨ ਕਰਕੇ ਉਸ ਦੇ ਮਰਨ ਵਿਛੋੜੇ ਵਿੱਚ ਬੋਲ ਬੋਲਦੀਆਂ ਹਨ। ਹਰ ਵਰਗ, ਹਰ ਉਮਰ, ਹਰ ਰਿਸ਼ਤੇ ਨੂੰ ਸੰਬੋਧਨ ਕਰਦੇ ਵੈਣ ਦਿਲ ਚੀਰ ਜਾਂਦੇ ਹਨ। ਕਿਸੇ ਦੇ ਸੋਹਣੇ ਸੁਨੱਖੇ ਜਵਾਨ ਪੁੱਤ ਦੀ ਮੌਤ ’ਤੇ ਮਾਂ ਦੀ ਚੀਕ ਦੇ ਬੋਲ ਇਉਂ ਨਿਕਲੇ:
ਵੇ ਸੋਹਣਾ ਰੂਪ ਨਾ ਲਵਾਈਂ ਵੇ
ਲੰਮੀ ਉਮਰ ਲਿਖਾਈਂ ਵੇ
ਮੇਰਿਆ ਚੋਬਰਾ ਪੁੱਤਾ
ਇੱਕ ਲੜਕਾ ਚਾਰ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ। ਲੜਕੀ ਦੀ ਭੈਣ ਨੇ ਆਪਣੇ ਬਾਬਲ ਦੇ ਗਲ਼ ਲੱਗ ਧਾਹਾਂ ਮਾਰਦੀ ਨੇ ਕਿਹਾ:
ਤੇਰਾ ਚੌਥਾ ਕਾਨ੍ਹੀ (ਅਰਥੀ ਨੂੰ ਮੋਢਾ ਦੇਣ ਵਾਲਾ)
ਤੁਰ ਗਿਆ ਬਾਬਲਾ...
ਲੜਕੇ ਦੀ ਘਰਵਾਲੀ ਦੀ ਭੈਣ ਆਪਣੀ ਭੈਣ ਦੇ ਵਿਧਵਾ ਹੋਣ ’ਤੇ ਰੋ-ਰੋ ਕੇ ਬੇਹਾਲ ਹੋ ਜਾਂਦੀ ਹੈ। ਉਸ ਤੋਂ ਆਪਣੀ ਭੈਣ ਦਾ ਦਰਦ ਸਹਿ ਨਹੀਂ ਹੁੰਦਾ। ਇਹੀ ਦਰਦ ਉਹ ਇਨ੍ਹਾਂ ਬੋਲਾਂ ਨਾਲ ਬਿਆਨ ਕਰਦੀ ਹੈ:
ਮੇਰੀ ਭੈਣ ਦੀਆਂ ਰੁਲ਼ੀਆਂ ਸੱਧਰਾਂ ਵੇ
ਬਾਬਲ ਘਰ ਢੁੱਕਿਆ ਚੰਦਾ
ਕਈ ਭੈਣਾਂ ਦੇ ਇਕੱਲੇ ਭਰਾ ਦੀ ਮੌਤ ਹੋ ਜਾਣ ’ਤੇ ਭੈਣਾਂ ਦਾ ਬੁਰਾ ਹਾਲ ਸੀ। ਸੁੱਖਾਂ ਸੁੱਖ-ਸੁੱਖ ਲਿਆ ਵੀਰ ਭੈਣਾਂ ਨੂੰ ਜਾਨ ਤੋਂ ਵੀ ਵੱਧ ਪਿਆਰਾ ਸੀ। ਬੇਵੱਸ ਹੋਈ ਰੋਂਦੀ ਕੁਰਲਾਉਂਦੀ ਭੈਣ ਨੇ ਭਰਾ ਦੀ ਅਰਥੀ ’ਤੇ ਡਿੱਗ ਕੇ ਜਦੋਂ ਇਹ ਆਖਿਆ:
ਵੇ ਤੂੰ ਬਹੁਤੀਆਂ ਭੈਣਾਂ ਤੋਂ ਡਰ ਗਿਆ ਭਾਈਆ
ਤਾਂ ਕੋਈ ਵੀ ਦਿਲ ਧਾਹਾਂ ਮਾਰਨ ਤੋਂ ਰਹਿ ਨਾ ਸਕਿਆ। ਮਾਂ ਤੋਂ ਬਾਅਦ ਪਿਓ ਦੀ ਮੌਤ ਹੋਣ ’ਤੇ ਧੀ ਦਾ ਮਨ ਇੰਝ ਕੁਰਲਾਉਂਦਾ ਹੈ:
ਅੱਜ ਮੇਰੇ ਚੰਦ ਸੂਰਜ ਦੋਨੋਂ ਛਿਪ ਗਏ ਵੇ
ਮੈਨੂੰ ਰੱਖਣ ਵਾਲਿਓ
ਸੱਸ ਸਹੁਰੇ ਦੀ ਮੌਤ ’ਤੇ ਘਰੇਲੂ ਜ਼ਿੰਮੇਵਾਰੀਆਂ ਵਧਣ ਦੀ ਹੂਕ ਵੀ ਔਰਤ ਵੈਣ ਰਾਹੀਂ ਪ੍ਰਗਟ ਕਰਦੀ ਹੈ। ਵਿਹੜੇ ਦਾ ਸੁੰਨ੍ਹਾ ਹੋ ਜਾਣਾ ਅਤੇ ਵਧੀਆਂ ਜ਼ਿੰਮੇਵਾਰੀਆਂ ਆਪਣੇ ਸਿਰ ’ਤੇ ਪੈਣਾ ਅਤੇ ਆਪਣੇ ਪਤੀ ਦੇ ਗਲ਼ ਹੋਰ ਕਬੀਲਦਾਰੀ ਪੈ ਜਾਣ ਦੀ ਗੱਲ ਕਰਦੀ ਆਖਦੀ ਹੈ:
ਜੀ ਥੋਡੀ ਛਤਰੀ ਥੱਲੇ ਫ਼ਿਕਰ ਨਾ ਭੋਰਾ ਜੀ
ਮੈਨੂੰ ਵਣਜਣ ਵਾਲਿਓ
ਪੁੱਤ ਦੇ ਮੋਢੇ ਭਾਰੀ ਕਰਗੇ ਜੀ
ਮੈਨੂੰ ਵਣਜਣ ਵਾਲਿਓ
ਕੁੜਮਾਚਾਰੀ ਵੱਲੋਂ ਆਉਂਦੀਆਂ ਮਕਾਣਾਂ ਨੂੰ ਕੁੜਮੱਤ ਕਿਹਾ ਜਾਂਦਾ ਹੈ। ਜੇਕਰ ਮਰਨ ਵਾਲਾ ਵਡੇਰੀ ਉਮਰ ਦਾ ਹੋਵੇ ਤਾਂ ਉਸ ਦਾ ਵੱਡਾ ਕੀਤਾ ਜਾਂਦਾ ਹੈ। ਪਿੰਡਾਂ ਵਿੱਚ ਕੁਝ ਕੁ ਅੌਰਤਾਂ ਮਰਨ ਨਾਲ ਸਬੰਧਿਤ ਰਸਮਾਂ ਜਾਂ ਵੈਣ ਪਾਉਣ ਦੀ ਮੁਹਾਰਤ ਰੱਖਦੀਆਂ ਹਨ, ਉਨ੍ਹਾਂ ਨੂੰ ਉਚੇਚੇ ਤੌਰ ’ਤੇ ਨਾਲ ਲਿਜਾਇਆ ਜਾਂਦਾ ਹੈ। ਸਿਆਪੇ ਸਮੇਂ ਵੈਣ ਦਾ ਢੁੱਕਵਾਂ ਮੋੜ ਦੇਣ ਨੂੰ ਮੋਡ਼ਾ ਆਖਦੇ ਹਨ। ਉਸ ਅੌਰਤ ਨੂੰ ਮੋੜਾ ਦੇਣ ਲਈ ਅੱਗੇ ਰੱਖਿਆ ਜਾਂਦਾ ਹੈ। ਦੋਵੇਂ ਪਾਸਿਆਂ ਦੀਆਂ ਔਰਤਾਂ ਪੱਲੇ ਨੀਵੇਂ ਕਰਕੇ ਖੜ੍ਹਦੀਆਂ ਹਨ। ਇੱਕ ਪਾਸੇ ਤੋਂ ਵੈਣ ਪਾਇਆ ਜਾਂਦਾ ਹੈ:
ਜੀ ਸਾਡਾ ਬਾਬਲ ਰਾਜਿਆਂ ਦਾ ਸੰਗੀ ਜੀ...
ਹਾਂ... ਰਾਜਿਆਂ ਨੇ ਪੁੱਛ ਰਾਜ ਚਲਾਏ ਜੀ
ਦੂਜੇ ਪਾਸੇ ਤੋਂ ਜਵਾਬ ਦਿੰਦੀਆਂ ਹਨ:
ਰਾਜਾ ਸਾਡੇ ਘਰ ਢੁੱਕਿਆ ਜੀ...
ਹਾਂ... ਅਸੀਂ ਸਿਰ ਅੱਖਾਂ ’ਤੇ ਬਿਠਾਏ ਜੀ
ਅਖੀਰਲੀ ਲਾਈਨ ਸਾਰੀਆਂ ਮਿਲ ਕੇ ਬੋਲਦੀਆਂ ਹਨ ਅਤੇ ਦੋਵੇਂ ਹੱਥ ਉੱਚੇ ਚੁੱਕ ਕੇ ਦੁਹੱਥੜ ਵੀ ਮਾਰਦੀਆਂ ਹਨ। ਮਰਨ ਵਾਲੇ ਦੀ ਸਿਫ਼ਤ ਸਲਾਹ ਕੀਤੀ ਜਾਂਦੀ ਹੈ। ਜੇਕਰ ਮਰਨ ਵਾਲਾ ਮਰਦ ਜਾਂ ਔਰਤ ਕਈ ਪੀਡ਼੍ਹੀਆਂ ਦੇਖ ਚੁੱਕਿਆ ਹੋਵੇ ਤਾਂ ਕੁੜਮੱਤਾਂ ਵੱਲੋਂ ਹਾਸਾ-ਠੱਠਾ ਵੀ ਕੀਤਾ ਜਾਂਦਾ ਹੈ। ਕੁੜਮੱਤ ਦੀਆਂ ਔਰਤਾਂ ਗੀਤ ਗਾਉਂਦੀਆਂ ਹਨ:
* ਆਉਂਦੀ ਕੁੜੀਏ, ਜਾਂਦੀ ਕੁੜੀਏ,
ਨੀਂ ਏਸ ਪਿੰਡ ਕੀ ਦੇਖਿਆ
ਬਚਨ ਸਿੰਆਂ ਮਰ ਗਿਆ ਦਾਦਾ ਤੇਰਾ,
ਵੇ ਅਸੀਂ ਕਿਹੜਾ ਮੁੱਲ ਵੇਚਿਆ
* ਆਉਂਦੀ ਕੁਡ਼ੀਏ ਚੱਕ ਲਿਆ
ਬਾਜ਼ਾਰ ਵਿੱਚੋਂ ਧਾਈਏ,
ਅੰਮਾ ਚੜ੍ਹੀ ਸਿਉਨੇ ਦੀ ਪੌੜੀ
ਅਸੀਂ ਤੱਤੀਆਂ ਜਲੇਬੀਆਂ ਖਾਈਏ
ਬਜ਼ੁਰਗ ਭਾਵੇਂ ਕਿੰਨਾ ਵੀ ਵੱਡਾ ਹੋਵੇ ਜੇਕਰ ਉਸ ਦਾ ਭੈਣ-ਭਾਈ ਅਜੇ ਜਿਉਂਦਾ ਹੋਵੇ ਤਾਂ ਉਸ ਨੂੰ ਦੁੱਖ ਲੱਗਦਾ ਹੈ ਕਿਉਂਕਿ ਮਾਪੇ ਅਤੇ ਭੈਣ ਭਰਾ ਕਦੇ ਵੀ ਬੁੱਢੇ ਨਹੀਂ ਲੱਗਦੇ। ਇਸੇ ਤਰ੍ਹਾਂ ਧੀਆਂ ਨੂੰ ਮਾਪਿਆਂ ਦਾ ਵੈਰਾਗ ਹੁੰਦਾ ਹੈ। ਉਨ੍ਹਾਂ ਨੂੰ ਕੁੜਮੱਤਾਂ ਦੇ ਹਾਸੇ-ਠੱਠੇ ਚੰਗੇ ਨਹੀਂ ਲੱਗਦੇ। ਧੀ ਦਾ ਵੈਣ ਸਭ ਦੇ ਹਿਰਦੇ ਵਲੂੰਧਰ ਜਾਂਦਾ ਹੈ। ਉਸ ਦੇ ਅੰਦਰੋਂ ਨਿਕਲਿਆ ਦਰਦ ਵੈਣ ਰਾਹੀਂ ਮਾਪਿਆਂ ਦੀ ਘਾਟ ਦਾ ਅਹਿਸਾਸ ਕਰਵਾ ਜਾਂਦਾ ਹੈ:
ਵੇ ਕਦ ਮਾਰੇਂਗਾ ਧੀ ਦੇ ਵਿਹੜੇ ਗੇੜਾ ਬਾਬਲਾ
ਵੇ ਮੇਰੇ ਸਿਰ ’ਤੇ ਹੱਥ ਧਰ ਜਾਵੀਂ ਵੇ
ਲੰਮੀਆਂ ਉਮਰਾਂ ਵਾਲਿਆ ਬਾਬਲਾ
ਕਈ ਵਾਰ ਕਿਸੇ ਖਾਸ ਘਟਨਾ ਦਾ ਵਰਣਨ ਵੀ ਕੀਤਾ ਜਾਂਦਾ ਹੈ ਜਿਵੇਂ:
ਵੇ ਜਦ ਬੁੱਲੇ ਨਾਲ ਬੂਹਾ ਖੜਕੇ ਵੇ,
ਮੈਨੂੰ ਤੇਰੇ ਈ ਪੈਣ ਭੁਲੇਖੇ
ਵੇ ਅੰਮੜੀ ਦਿਆ ਜਾਇਆ ਭਾਈਆ
ਕਈ ਵਾਰ ਕਿਸੇ ਦੇ ਮਰਨ ’ਤੇ ਔਰਤ ਆਪਣੇ ਤੁਰ ਗਏ ਸਬੰਧੀਆਂ ਨੂੰ ਯਾਦ ਕਰਕੇ ਆਪਣੇ ਮਨ ਦੀ ਪੀੜਾ ਦਾ ਭਾਰ ਵੀ ਹਲਕਾ ਕਰ ਲੈਂਦੀ ਹੈ। ਵਿਧਵਾ ਹੋਈ ਔਰਤ ਆਪਣੇ ਪਤੀ ਦਾ ਵਿਛੋੜਾ ਪ੍ਰਗਟ ਕਰਦੀ ਹੈ:
ਅੱਜ ਤੇਰੀ ਥਾਂ ’ਤੇ ਕੀਹਨੂੰ ਖੜ੍ਹਾਵਾਂ,
ਵੇ ਮੇਰੇ ਸਿਰ ਦਿਆ ਸਾਈਆਂ
ਕੋਈ ਰਿਸ਼ਤੇਦਾਰ ਅੌਰਤ ਉਸ ਨੂੰ ਹਮਦਰਦੀ ਜਤਾਉਂਦੀ ਆਖਦੀ ਹੈ:
ਤੇਰਾ ਸਿਖਰ ਦੁਪਹਿਰੇ ਸੂਰਜ ਛਿਪ ਗਿਆ
ਨੀਂ ਰਾਣੀਏ ਧੀਏ
ਇਸ ਤਰ੍ਹਾਂ ਦੁਖੀ ਮਨ ਦੀ ਪੀੜਾ ਵੈਣਾਂ (ਕੀਰਨਿਆਂ) ਰਾਹੀਂ ਮਨ ਦੇ ਅੱਲੇ ਜ਼ਖ਼ਮਾਂ ਵਿੱਚੋਂ ਰਿਸਦੇ ਪਾਣੀ ਵਾਂਗ ਵਹਿੰਦੀ ਰਹਿੰਦੀ ਹੈ। ਦੁੱਖ ਵਿੱਚ ਸ਼ਰੀਕ ਭੈਣ ਭਾਈ, ਰਿਸ਼ਤੇਦਾਰ ਇਨ੍ਹਾਂ ਜ਼ਖ਼ਮਾਂ ’ਤੇ ਮੱਲ੍ਹਮ ਲਾਉਣ ਦੀ ਕੋਸ਼ਿਸ਼ ਕਰਦੇ ਹਨ, ਦਿਲਾਸਾ ਦਿੰਦੇ ਹਨ, ਰੱਬ ਦਾ ਭਾਣਾ ਮੰਨਣ ਅਤੇ ਜ਼ਿੰਦਗੀ ਦੀ ਰਵਾਨਗੀ ਦੀ ਗੱਲ ਕਰਦੇ ਹਨ। ਭਾਵੇਂ ਇਹ ਲੰਮੇ ਵੈਣ ਔਰਤਾਂ ਪਾਉਂਦੀਆਂ ਹਨ, ਪਰ ਬਹੁਤ ਵਾਰੀ ਕਿਸੇ ਅਣਹੋਣੀ ਮੌਤ ’ਤੇ ਮਰਦ ਵੀ ਇਸ ਦਾ ਪ੍ਰਗਟਾਵਾ ਕਰਦੇ ਹਨ। ਜਵਾਨ ਪੁੱਤ ਦੀ ਮੌਤ ’ਤੇ ਪਿਉ ਦੇ ਅਜਿਹੇ ਵੈਣ ਪੱਥਰਾਂ ਨੂੰ ਵੀ ਮੋਮ ਬਣਾ ਦਿੰਦੇ ਹਨ। ਲੱਕੋਂ ਟੁੱਟੇ ਪਿਓ ਦੀਆਂ ਹੂਕਾਂ ਇਸ ਤਰ੍ਹਾਂ ਨਿਕਲਦੀਆਂ ਹਨ:
ਮੈਨੂੰ ਤੋਰ ਕੇ ਤੁਰ ਜਾਂਦਾ ਪੁੱਤਾ
ਤੈਨੂੰ ਮੋਢੇ ਚੱਕ ਖਿਡਾਇਆ ਓਏ
ਅੱਜ ਮੇਰੇ ਮੋਢੇ ਤੇਰਾ ਭਾਰ ਨਹੀਂ ਝੱਲਦੇ ਪੁੱਤਰਾ
ਕਿਹਾ ਜਾਂਦਾ ਹੈ ਮੌਤ ਦਾ ਦੁੱਖ ਅਸਹਿ ਹੁੰਦਾ ਹੈ, ਪਰ ਜੇਕਰ ਕਿਸੇ ਦੁੱਖ ਨੂੰ ਰੋ ਕੇ, ਮਨ ਦੀ ਭੜਾਸ ਕੱਢ ਕੇ ਅਤੇ ਆਪਣਿਆਂ ਨਾਲ ਸਾਂਝਾ ਕਰ ਕੇ ਕੱਢ ਦਿੱਤਾ ਜਾਵੇ ਤਾਂ ਮਨ ਕੁਝ ਹਲਕਾ ਹੋ ਜਾਂਦਾ ਹੈ। ਹੁਣ ਇਹ ਸਭ ਘਟਦਾ ਜਾ ਰਿਹਾ ਹੈ ਤਾਂ ਹੀ ਤਾਂ ਮਨੁੱਖ ਘੁੱਟਦਾ ਜਾ ਰਿਹਾ ਹੈ। ਨਾ ਕਿਸੇ ਕੋਲ ਰੋਣ ਦਾ ਨਾ ਵਰ੍ਹਾਉਣ ਦਾ ਸਮਾਂ ਹੈ। ਪਰਵਾਸ ਨੇ ਬਹੁਤੇ ਰਿਸ਼ਤੇ ਗਲ਼ ਲੱਗਣੋਂ ਵਾਂਝੇ ਕਰ ਦਿੱਤੇ ਹਨ। ਬਹੁਤੇ ਘਰਾਂ ਦੇ ਬਜ਼ੁਰਗ ਉਡੀਕਦੀਆਂ ਅੱਖਾਂ ਨਾਲ ਵਿਦਾ ਹੋ ਗਏ। ਬੰਦ ਹੋਏ ਬੂਹੇ ਦੀਆਂ ਝੀਥਾਂ ਵੱਲ ਦੇਖਦਿਆਂ ਬੂਹਾ ਖੁੱਲ੍ਹਣ ਦੀ ਆਸ ਪੂਰੀ ਨਾ ਹੋਈ, ਪਰ ਉਹ ਖ਼ੁਦ ਬੂਹਿਆਂ ਦੇ ਜਿੰਦੇ ਬਣ ਤੁਰ ਗਏ। ਕਰੋਨਾ ਕਾਲ ਵਿੱਚ ਅੰਤਿਮ ਰਸਮਾਂ ਤੋਂ ਵਾਂਝੇ ਸਰੀਰ ਆਪਣਿਆਂ ਦੀ ਛੋਹ ਨੂੰ ਤਰਸਦੇ ਸਾਰੀਆਂ ਅੰਤਿਮ ਰਸਮਾਂ ਤੋਂ ਬਗੈਰ ਹੀ ਤੁਰ ਗਏ। ਅਜਿਹੀਆਂ ਪੀੜਾਂ ਜੋ ਵੈਣਾਂ ਦੇ ਜ਼ਰੀਏ ਨਹੀਂ ਨਿਕਲੀਆਂ, ਸ਼ਾਇਦ ਉਹ ਤਾਅ ਉਮਰ ਧੂੰਏਂ ਵਾਂਗ ਧੁਖਦੀਆਂ ਰਹਿੰਦੀਆਂ ਹਨ।
ਸੰਪਰਕ: 778-522-19777

Advertisement

Advertisement
Tags :
Author Image

joginder kumar

View all posts

Advertisement
Advertisement
×